21ਵੀਂ ਸਦੀ ''ਚ ਤਲਵੰਡੀ ਚੌਧਰੀਆਂ ਦੇ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ

03/30/2018 6:34:47 AM

ਸੁਲਤਾਨਪੁਰ ਲੋਧੀ, (ਧੰਜੂ)- ਸਿੱਖਿਆ ਅਤੇ ਸਿਹਤ ਸਹੂਲਤਾਂ ਵੱਲ ਮੌਕੇ ਦੀਆਂ ਸਰਕਾਰਾਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਪਰ 21ਵੀਂ ਸਦੀ ਹੋਣ ਦੇ ਬਾਵਜੂਦ ਵੀ ਇਸ ਦੋ ਮਹਿਕਮਿਆਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਤਲਵੰਡੀ ਚੌਧਰੀਆਂ ਜੋ ਕਿ ਬਲਾਕ ਦਾ ਸਭ ਤੋਂ ਵੱਡਾ ਨਗਰ ਹੈ, ਜਿਸ ਨਾਲ ਤਕਰੀਬਨ ਬਹੁਤ ਸਾਰੇ ਪਿੰਡ ਲੱਗਦੇ ਹਨ। ਇਨ੍ਹਾਂ ਪਿੰਡਾਂ ਜਾਂ ਨਗਰ ਨਿਵਾਸੀਆਂ ਨੂੰ ਆਪਣੀ ਸਿਹਤ ਦਾ ਚੈੱਕਅਪ ਜਾਂ ਜਦ ਕੋਈ ਬੀਮਾਰ ਹੁੰਦਾ ਹੈ, ਨੂੰ ਕਿਸੇ ਦੂਰ-ਦੁਰਾਡੇ ਦੇ ਹਸਪਤਲਾਂ 'ਚ ਜਾਣਾ ਪੈਂਦਾ ਹੈ। ਜਿਸ ਕਾਰਨ ਬਜ਼ੁਰਗਾਂ ਨੂੰ ਇੰਨਾ ਜ਼ਿਆਦਾ ਦੂਰ ਲਿਜਾਣ 'ਚ ਕਈ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।   
ਜਾਣਕਾਰੀ ਅਨੁਸਾਰ ਇਸ ਨਗਰ 'ਚ ਡਿਸਪੈਂਸਰੀ ਤਾਂ ਹੈ, ਜਿਸ 'ਚ ਡਾ. ਜਗਸ਼ੀਰ ਸਿੰਘ ਹਫਤੇ 'ਚ ਦੋ ਦਿਨ ਮਰੀਜ਼ਾਂ ਦਾ ਚੈੱਕਅਪ ਕਰਦੇ ਹਨ। ਡਿਸਪੈਂਸਰੀ ਵਿਚ ਸਫਾਈ ਸੇਵਕ ਨਾ ਹੋਣ ਕਰ ਕੇ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਨੇੜੇ ਰਹਿ ਰਹੇ ਲੋਕਾਂ ਨੇ ਡਿਸਪੈਂਸਰੀ ਦੀਆਂ ਕੰਧਾਂ 'ਤੇ ਪਾਥੀਆਂ ਰੱਖੀਆਂ ਹੋਈਆਂ ਹਨ, ਜੋ ਇਨ੍ਹਾਂ ਦਿਨਾਂ ਵਿਚ ਮੱਛਰ ਪੈਦਾ ਕਰਨ 'ਚ ਵਾਧਾ ਕਰ ਰਹੀਆਂ ਹਨ। ਜਿਸ ਕੰਧ 'ਤੇ ਪਾਥੀਆਂ ਪਈਆਂ ਹਨ, ਉਸ ਦੇ ਨਾਲ ਆਂਗਣਵਾੜੀ ਸਕੂਲ ਹੈ। ਜਿਥੇ ਬੱਚੇ ਸਿੱਖਿਆ ਪ੍ਰਾਪਤ ਕਰਨ ਲਈ ਆਉਂਦੇ ਹਨ। ਜਿਸ ਕਾਰਨ ਡਿਸਪੈਂਸਰੀ ਦੀ ਕੰਧ 'ਤੇ ਪਈਆਂ ਪਾਥੀਆਂ ਕਾਰਨ ਫੈਲੀ ਬਦਬੂ, ਮੱਛਰ ਤੇ ਗੰਦਗੀ ਦੇ ਲੱਗੇ ਢੇਰਾਂ ਨਾਲ ਬੱਚਿਆਂ ਦੇ ਬੀਮਾਰ ਹੋਣ ਦਾ ਡਰ ਬਣਿਆ ਰਹਿੰਦਾ ਹੈ। ਨਗਰ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡਿਸਪੈਂਸਰੀ 'ਚ ਡਾਕਟਰ ਦੀ ਪੋਸਟ ਰੋਜ਼ਾਨਾ ਕੀਤੀ ਜਾਵੇ ਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਤਹਿਸੀਲ ਦਫਤਰ 'ਚ ਖੜ੍ਹਾ ਸੀਵਰੇਜ ਦਾ ਪਾਣੀ
ਸੁਲਤਾਨਪੁਰ ਲੋਧੀ, (ਅਸ਼ਵਨੀ)-ਪਿੰਡ ਤਲਵੰਡੀ ਚੌਧਰੀਆਂ ਪਿਛਲੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਸਰਕਾਰ ਸਮੇਂ ਮਿਲੀ ਤਹਿਸੀਲ ਦਫਤਰ 'ਚ ਗਏ ਲੋਕਾਂ ਨੂੰ ਉਸ ਸਮੇਂ ਡਾਢੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਦੋਂ ਤਹਿਸੀਲ ਦਫ਼ਤਰ 'ਚ ਸੀਵਰੇਜ ਦਾ ਪਾਣੀ-ਪਾਣੀ ਹੋ ਗਿਆ। ਦੱਸਿਆ ਗਿਆ ਕਿ ਇਸ ਦਫ਼ਤਰ 'ਚ ਸੀਵਰੇਜ ਜਾਮ ਦਾ ਇਹ ਪਹਿਲਾ ਮੌਕਾ ਨਹੀਂ ਸੀ, ਸਗੋਂ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਸੀਵਰੇਜ ਦਾ ਗੰਦਾ ਪਾਣੀ ਝੀਲ ਦਾ ਰੂਪ ਧਾਰਨ ਕਰ ਕੇ ਲੋਕਾਂ ਲਈ ਸਿਰ ਦਰਦ ਬਣ ਗਿਆ ਸੀ। ਅੱਜ ਜਦੋਂ ਇਸ ਦਫ਼ਤਰ ਦਾ ਦੌਰਾ ਕੀਤਾ ਗਿਆ ਤਾਂ ਇਥੇ ਆਪਣੇ ਦਫ਼ਤਰੀ ਕੰਮ ਨਿਪਟਾਉਣ ਆਏ ਲੋਕਾਂ ਨੂੰ ਪਾਣੀ ਨਾਲ ਘਿਰਿਆ ਵੇਖਣ ਨੂੰ ਮਿਲਿਆ। ਇੰਨਾ ਹੀ ਨਹੀਂ ਕੁਝ ਲੋਕ ਇਥੇ ਕੁਰਸੀਆਂ ਆਦਿ ਦੇ ਸਹਾਰੇ ਦਫ਼ਤਰ ਅੰਦਰ ਜਾਣ ਵਾਸਤੇ ਸੰਘਰਸ਼ ਕਰਦੇ ਹੋਏ ਮਿਲੇ। ਇਲਾਕਾ ਨਿਵਾਸੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਦਫ਼ਤਰ ਦੇ ਸੀਵਰੇਜ ਸਿਸਟਮ ਨੂੰ ਜਲਦ ਸੁਧਾਰਿਆਂ ਜਾਵੇ।