ਬੋਲੀ ਦੇ ਬਾਵਜੂਦ ਬੇਲਾ ਰਾਮਗੜ੍ਹ ਦੇ ਲੋਕਾਂ ਨੇ ਨਹੀਂ ਹੋਣ ਦਿੱਤੀ ਮਾਈਨਿੰਗ

11/17/2017 7:41:37 AM

ਨੂਰਪੁਰਬੇਦੀ, (ਕਮਲਜੀਤ)- ਬੇਲਾ ਰਾਮਗੜ੍ਹ ਦੇ ਲੋਕਾਂ ਨੇ ਮਾਈਨਿੰਗ ਮਾਫੀਆ ਨੂੰ ਕਰਾਰਾ ਜਵਾਬ ਦਿੰਦਿਆਂ ਜ਼ਮੀਨ ਦੀ ਸਰਕਾਰੀ ਬੋਲੀ ਹੋਣ ਦੇ ਬਾਵਜੂਦ ਮਾਈਨਿੰਗ ਨਹੀਂ ਹੋਣ ਦਿੱਤੀ।
ਇਸ ਸੰਬੰਧੀ ਬੇਲਾ ਰਾਮਗੜ੍ਹ ਦੀ ਪੱਤੀ ਟੇਕ ਸਿੰਘ ਦੀ ਪੰਚਾਇਤ ਦੇ ਸਰਪੰਚ ਜਸਵੰਤ ਸਿੰਘ ਤੇ ਪੱਤੀ ਜੀਵਨ ਸਿੰਘ ਦੀ ਪੰਚਾਇਤ ਦੇ ਸਰਪੰਚ ਰਘੁਵੀਰ ਸਿੰਘ ਨੇ ਦੱਸਿਆ ਕਿ ਬੇਲਾ ਰਾਮਗੜ੍ਹ ਦੀਆਂ ਚਾਰੇ ਪੰਚਾਇਤਾਂ ਨੇ ਇਸ ਸੰਬੰਧੀ ਮਤੇ ਪਾ ਕੇ ਜ਼ਿਲਾ ਪ੍ਰਸ਼ਾਸਨ ਨੂੰ ਦੇ ਦਿੱਤੇ ਸਨ ਕਿ ਉਨ੍ਹਾਂ ਆਪਣੇ ਪਿੰਡਾਂ ਵਿਚ ਮਾਈਨਿੰਗ ਨਹੀਂ ਹੋਣ ਦੇਣੀ। ਉਨ੍ਹਾਂ ਇਸ ਦਾ ਕਾਰਨ ਦੱਸਿਆ ਕਿ ਪਹਿਲਾਂ ਹੀ ਆਲੇ-ਦੁਆਲੇ ਦੇ ਖੇਤਰ 'ਚ ਨਾਜਾਇਜ਼ ਮਾਈਨਿੰਗ ਹੋਣ ਨਾਲ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਤੇ ਕਿਸਾਨਾਂ ਦੇ ਲੱਗੇ ਹੋਏ ਟਿਊਬਵੈੱਲ ਫੇਲ ਹੋਣ ਕਾਰਨ ਦੁਬਾਰਾ ਡੂੰਘੇ ਕਰ ਕੇ ਲਾਉਣੇ ਪੈ ਰਹੇ ਹਨ। ਨਾਲ ਹੀ ਸੜਕਾਂ ਤੇ ਪੁਲਾਂ ਦੀ ਹਾਲਤ ਮਾੜੀ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਬੇਲਿਆਂ ਦੇ ਪੁਲ ਸਰਕਾਰ ਨੇ ਨਹੀਂ, ਸਗੋਂ ਕਾਰ ਸੇਵਾ ਦੇ ਪੁੰਜ ਸੰਤ ਬਾਬਾ ਲਾਭ ਸਿੰਘ ਜੀ ਨੇ ਬਣਾਏ ਹਨ। ਇਸ ਸੰਬੰਧੀ ਆਰ. ਟੀ. ਆਈ. ਐਕਟੀਵਿਸਟ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਬੇਲਾ ਰਾਮਗੜ੍ਹ ਦੇ ਲੋਕਾਂ ਦਾ ਇਸ ਮਾਮਲੇ 'ਚ ਏਕਾ, ਸੂਝ-ਬੂਝ ਤੇ ਦੂਰਅੰਦੇਸ਼ੀ ਸੋਚ ਤਾਰੀਫ ਦੇ ਕਾਬਿਲ ਹੈ। ਬਾਕੀ ਖੇਤਰ ਵਾਸੀਆਂ ਨੂੰ ਵੀ ਇਨ੍ਹਾਂ ਤੋਂ ਸਬਕ ਲੈ ਕੇ ਨਾਜਾਇਜ਼ ਮਾਈਨਿੰਗ ਖਿਲਾਫ ਇਕਜੁੱਟ ਹੋਣਾ ਚਾਹੀਦਾ ਹੈ।