ਦਿੱਲੀ ਦੇ ਭਾਜਪਾ ਸੰਸਦ ਮੈਂਬਰ ਨੇ ਪੰਜਾਬ ਸਰਕਾਰ ਤੋਂ ਲੈ ਕੇ ਜੰਤਰ-ਮੰਤਰ ਪ੍ਰਦਰਸ਼ਨ ਤਕ ’ਤੇ ਦਿੱਤੇ ਬੇਬਾਕੀ ਨਾਲ ਜਵਾਬ

05/05/2023 10:22:15 AM

ਜਲੰਧਰ (ਅਨਿਲ ਪਾਹਵ) : ਗਾਇਕੀ ਦੇ ਖੇਤਰ ਤੋਂ ਰੂਹਾਨੀ ਅਤੇ ਹੁਣ ਰੂਹਾਨੀ ਜ਼ਿੰਦਗੀ ਤੋਂ ਸਿਆਸਤ ਦੇ ਖੇਤਰ ’ਚ ਆਏ ਜਲੰਧਰ ਦੇ ਰਹਿਣ ਵਾਲੇ ਅਤੇ ਦਿੱਲੀ ਦੇ ਨਾਰਥ ਵੈਸਟ ਤੋਂ ਸੰਸਦ ਮੈਂਬਰ ਹੰਸਰਾਜ ਹੰਸ ਨੇ ਦਾਅਵਾ ਕੀਤਾ ਹੈ ਕਿ ਜਲੰਧਰ ਦੀ ਲੋਕ ਸਭਾ ਸੀਟ ’ਤੇ ਭਾਜਪਾ ਨਾ ਸਿਰਫ ਸਫਲ ਹੋਵੇਗੀ, ਸਗੋਂ 2024 ’ਚ ਪੰਜਾਬ ਦੀ ਸਿਆਸਤ ’ਚ ਆਪਣੀ ਰਣਨੀਤੀ ਦਾ ਵੀ ਆਗਾਜ਼ ਕਰੇਗੀ। ‘ਜਗ ਬਾਣੀ’ ਦੇ ਨਾਲ ਅੱਜ ਵਿਸ਼ੇਸ਼ ਗੱਲਬਾਤ ਦੌਰਾਨ ਹੰਸਰਾਜ ਹੰਸ ਨੇ ਜਿੱਥੇ ਜੰਤਰ-ਮੰਤਰ ’ਤੇ ਧਰਨੇ ਨੂੰ ਲੈ ਕੇ ਆਪਣੀ ਗੱਲ ਕਹੀ, ਉੱਥੇ ਹੀ ਜਲੰਧਰ ਦੀ ਲੋਕ ਸਭਾ ਉਪ ਚੋਣ ’ਤੇ ਵੀ ਆਪਣੀ ਗੱਲ ਬੇਬਾਕੀ ਨਾਲ ਰੱਖੀ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਪ੍ਰਮੁੱਖ ਅੰਸ਼ :

* ਜਲੰਧਰ ’ਚ ਪੈਰਾਸ਼ੂਟ ਉਮੀਦਵਾਰ ਦੀ ਕੀ ਲੋੜ ਸੀ?
ਪਾਰਟੀ ਜਦੋਂ ਵੀ ਚੋਣ ਲੜਦੀ ਹੈ ਉਹ ਸਥਿਤੀਆਂ ਅਨੁਸਾਰ ਉਮੀਦਵਾਰ ਦੀ ਭਾਲ ਕਰਦੀ ਹੈ। ਜਲੰਧਰ ਦੀ ਚੋਣ ਲਈ ਉਮੀਦਵਾਰ ਦੀ ਭਾਲ ਕੀਤੀ ਗਈ, ਜਦੋਂ ਮਾਹੌਲ ਦੇ ਅਨੁਸਾਰ ਉਮੀਦਵਾਰ ਨਹੀਂ ਮਿਲਿਆ ਤਾਂ ਦੂਜੀਆਂ ਪਾਰਟੀਆਂ ਦੇ ਸੰਭਾਵਿਤ ਲੋਕਾਂ ’ਤੇ ਨਜ਼ਰ ਦੌੜਾਈ ਗਈ। ਜਿੱਥੋਂ ਤੱਕ ਇੰਦਰ ਇਕਬਾਲ ਸਿੰਘ ਅਟਵਾਲ ਦੀ ਗੱਲ ਹੈ, ਤਾਂ ਉਹ ਚੰਗੇ ਪਰਿਵਾਰ ਤੋਂ ਹਨ, ਉਨ੍ਹਾਂ ਦੇ ਪਿਤਾ ਚਰਨਜੀਤ ਅਟਵਾਲ ਦਾ ਅਕਸ ਸਾਫ ਹੈ। ਪਾਰਟੀ ਨੇ ਕਾਫੀ ਸੋਚ-ਵਿਚਾਰ ਤੋਂ ਬਾਅਦ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਟਿਕਟ ਦਿੱਤੀ ਹੈ।

ਇਹ ਵੀ ਪੜ੍ਹੋ : ਕੀ RDF ਦੇ 1000 ਕਰੋੜ ਦੇ ਘਾਟੇ ਦਾ ਮੁੱਦਾ ਭਾਜਪਾ ਨੇਤਾ PM ਸਾਹਮਣੇ ਉਠਾਉਣ ਦੀ ਹਿੰਮਤ ਰੱਖਦੇ ਹਨ : ਭਗਵੰਤ ਮਾਨ 

* ਪੰਜਾਬ ਸਰਕਾਰ ਦੇ ਇਕ ਸਾਲ ’ਤੇ ਤੁਹਾਡੀ ਕੀ ਰਾਏ ਹੈ?
ਪਿਛਲੇ ਲਗਭਗ 13 ਮਹੀਨਿਆਂ ਤੋਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਸ ਸਰਕਾਰ ’ਚ ਸੂਬੇ ਦੇ ਲੋਕਾਂ ਨੂੰ ਜੋ ਪ੍ਰੇਸ਼ਾਨੀਆਂ ਸਹਿਣੀਆਂ ਪੈ ਰਹੀਆਂ ਹਨ, ਉਹ ਇਸ ਤੋਂ ਪਹਿਲਾਂ ਕਦੀ ਨਹੀਂ ਹੋਈਆਂ। ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਹੁਣ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ ਕਿਉਂਕਿ ਸੂਬੇ ’ਚ ਆਏ ਦਿਨ ਗੈਂਗਵਾਰ ਜਾਂ ਗੋਲੀ ਚੱਲਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਲੋਕਾਂ ਕੋਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਪਰ ਸਰਕਾਰ ਸੂਬੇ ਦੇ ਲੋਕਾਂ ਨੂੰ ਸੁਰੱਖਿਆ ਦੇਣ ’ਚ ਅਸਫਲ ਰਹੀ ਹੈ। ਸੂਬੇ ’ਚ ਕਾਨੂੰਨ-ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਿਆ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ ਅਤੇ ਇਸ ਪ੍ਰੇਸ਼ਾਨੀ ਦੇ ਆਲਮ ’ਚ ਉਹ ਹੁਣ ਆਮ ਆਦਮੀ ਪਾਰਟੀ ਤੋਂ ਪਿੱਛਾ ਛੁਡਾਉਣਾ ਚਾਹੁੰਦੇ ਹਨ। ਜਲੰਧਰ ਲੋਕਸਭਾ ਉਪ ਚੋਣ ’ਚ ਇਹ ਗੱਲ ਸਾਬਿਤ ਹੋ ਜਾਵੇਗੀ ਕਿ ਲੋਕ ਕਿਸ ਹੱਦ ਤੱਕ ‘ਆਪ’ ਸਰਕਾਰ ਤੋਂ ਨਾਰਾਜ਼ ਹਨ।

* ਪੰਜਾਬ ’ਚ ਮੁੱਖ ਮੁੱਦਾ ਕੀ ਹੈ
ਸੂਬੇ ’ਚ ਡਰੱਗਜ਼ ਇਕ ਅਜਿਹਾ ਮੁੱਦਾ ਹੈ, ਜੋ ਪੰਜਾਬ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾ ਰਿਹਾ ਹੈ। ਸੂਬੇ ’ਚ ਬਾਰਡਰ ਏਰੀਏ ਰਾਹੀਂ ਨਸ਼ਾ ਆ ਰਿਹਾ ਹੈ, ਜਿਸ ਕਾਰਨ ਇੱਥੋਂ ਦੀ ਨੌਜਵਾਨ ਪੀੜੀ ਬਰਬਾਦ ਹੋ ਰਹੀ ਹੈ। ਇਸ ਦੇ ਨਾਲ ਹੀ ਇਕ ਬੇਹੱੱਦ ਵੱਡਾ ਮੁੱਦਾ ਹੈ, ਸੂਬੇ ’ਚ ਪਾਣੀ ਦਾ ਡਿੱਗਦਾ ਪੱਧਰ। ਇਨ੍ਹਾਂ ਦੋਵਾਂ ਮਸਲਿਆਂ ’ਤੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ ਅਤੇ ਇਹ ਉਦੋਂ ਸੰਭਵ ਹੋਵੇਗਾ ਜਦੋਂ ਸੂਬੇ ’ਚ ਕੋਈ ਅਨੁਭਵੀ ਸਰਕਾਰ ਆਵੇਗੀ।

* ਜੰਤਰ-ਮੰਤਰ ’ਤੇ ਲੱਗੇ ਧਰਨੇ ਨਾਲ ਕਿੰਨਾ ਨੁਕਸਾਨ ਹੋਇਆ
ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਸ਼ ਦੇ ਬੱਚੇ, ਜੋ ਭਾਰਤ ਦੀ ਸ਼ਾਨ ਹਨ, ਉਹ ਜੰਤਰ ਮੰਤਰ ’ਤੇ ਬੈਠੇ ਹਨ। ਮੇਰਾ ਤਾਂ ਇਹ ਕਹਿਣਾ ਹੈ ਕਿ ਇਸ ਮਾਮਲੇ ’ਚ ਈਮਾਨਦਾਰੀ ਦੇ ਨਾਲ ਤਹਿਕੀਕਾਤ ਹੋਣੀ ਚਾਹੀਦੀ ਹੈ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਜਿੱਥੋਂ ਤਕ ਬ੍ਰਜਭੂਸ਼ਣ ਸ਼ਰਨ ਸਿੰਘ ਦੀ ਗੱਲ ਹੈ ਤਾਂ ਮੈਨੂੰ ਨਹੀਂ ਪਤਾ ਕ ਉਹ ਕਿੰਨੇ ਕਸੂਰਵਾਰ ਹਨ ਕਿਉਂਕਿ ਹਰ ਗੱਲ ਦੇ ਦੋ ਪਹਿਲੂ ਹੁੰਦੇ ਹਨ। ਮੈਂ ਰੋਂਦੇ ਹੋਏ ਬੱਚਿਆਂ ਨੂੰ ਦੇਖਿਆ ਹੈ, ਮਨ ਪ੍ਰੇਸ਼ਾਨ ਹੋਇਆ, ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿ ਸਕਦਾ।

ਇਹ ਵੀ ਪੜ੍ਹੋ : ਜਲੰਧਰ ਉਪ-ਚੋਣ : ਕੇਜਰੀਵਾਲ 6 ਨੂੰ ਕਰਨਗੇ ਰੋਡ ਸ਼ੋਅ, ਭਗਵੰਤ ਮਾਨ 8 ਤਕ ਕਰਨਗੇ ਧੂੰਆਂਧਾਰ ਪ੍ਰਚਾਰ

* ਭਾਜਪਾ ਦਾ ਊਠ ਕਿਸ ਪਾਸੇ ਬੈਠੇਗਾ?
ਪੰਜਾਬ ’ਚ ਭਾਜਪਾ ਤੇਜ਼ੀ ਨਾਲ ਉੱਭਰ ਰਹੀ ਹੈ। ਅਕਾਲੀ ਦਲ ਦੇ ਨਾਲ ਮਿਲ ਕੇ ਭਾਜਪਾ ਪਹਿਲੇ ਇਕ ਸੀਮਤ ਘੇਰੇ ਤੱਕ ਹੀ ਰਹੀ ਪਰ ਪਹਿਲੀ ਵਾਰ ਭਾਜਪਾ ਇਕੱਲੀ ਲੋਕਸਭਾ ਦੀ ਕਿਸੇ ਚੋਣ ’ਚ ਹਿੱਸਾ ਲੈ ਰਹੀ ਹੈ। ਪਿੰਡਾਂ ’ਚ ਭਾਜਪਾ ਦੀ ਸ਼ਮੂਲੀਅਤ ਨਾਂਹ ਦੇ ਬਰਾਬਰ ਸੀ ਪਰ ਹੁਣ ਪਿੰਡਾਂ ’ਚ ਵੀ ਭਾਜਪਾ ਦਾ ਵਿਸਤਾਰ ਤੇਜ਼ੀ ਨਾਲ ਹੋ ਰਿਹਾ ਹੈ। ਪਿੰਡਾਂ ’ਚ ਕਈ ਸਿਆਸੀ ਧਿਰਾਂ ਦੇ ਲੋਕ ਭਾਜਪਾ ’ਚ ਆ ਰਹੇ ਹਨ। ਦੂਜੀਆਂ ਧਿਰਾਂ ’ਚ ਉਹ ਨੇਤਾ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਲਾ ਦਿੱਤੀ, ਉਹ ਵੀ ਭਾਜਪਾ ਜੁਆਇਨ ਕਰ ਰਹੇ ਹਨ। ਭਾਜਪਾ ਜੇਕਰ ਆਪਣੇ ਪੱਧਰ ’ਤੇ ਪੰਜਾਬ ’ਚ ਸੱਤਾ ’ਚ ਆਉਂਦੀ ਹੈ ਤਾਂ ਜ਼ਾਹਿਰ ਹੈ ਕਿ ਸੂਬੇ ’ਚ ਵਿਕਾਸ ਤੇਜ਼ ਹੋਵੇਗਾ ਅਤੇ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ।

* ਕੀ ਜਲੰਧਰ ਦੇ ਹੁਣ ਤਕ ਦੇ ਵਿਕਾਸ ਤੋਂ ਸੰਤੁਸ਼ਟ ਹੋ ਤੁਸੀਂ?
ਸਵ. ਸੰਤੋਖ ਚੌਧਰੀ ਇਕ ਚੰਗੇ ਇਨਸਾਨ ਸਨ, ਉਹ ਹੁਣ ਇਸ ਦੁਨੀਆ ’ਚ ਨਹੀਂ ਹਨ, ਉਨ੍ਹਾਂ ਦੇ ਬਾਰੇ ਮੈਂ ਕੁਝ ਨਹੀਂ ਕਹਾਂਗਾ ਪਰ ਜਲੰਧਰ ’ਚ ਜਿਸ ਤਰ੍ਹਾਂ ਨਾਲ ਕੰਮ ਹੋਣੇ ਚਾਹੀਦੇ ਸਨ ਉਹ ਨਹੀਂ ਹੋਏ ਹਨ। ਖਾਸ ਕਰ ਕੇ ਸਮਾਰਟ ਸਿਟੀ ਪ੍ਰੋਜੈਕਟ ’ਚ 100 ਪ੍ਰਮੁੱਖ ਸ਼ਹਿਰਾਂ ’ਚੋਂ ਜਲੰਧਰ ਇਕ ਸੀ, ਜਿੰਨਾ ਵੱਡਾ ਪ੍ਰੋਜੈਕਟ ਸੀ ਹੁਣ ਤਕ ਤਾਂ ਜਲੰਧਰ ਦੀ ਹਾਲਤ ਬਦਲ ਜਾਣੀ ਚਾਹੀਦੀ ਸੀ ਪਰ ਅਜਿਹਾ ਨਹੀਂ ਹੋਇਆ। ਜਿੱਥੋਂ ਤਕ ਚੌਧਰੀ ਪਰਿਵਾਰ ਦੀ ਗੱਲ ਹੈ ਤਾਂ ਮੇਰਾ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੈ। ਕਾਂਗਰਸ ’ਚ ਮੈਂ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਰਿਹਾ ਹਾਂ।

ਇਹ ਵੀ ਪੜ੍ਹੋ : ਗਿਆਸਪੁਰਾ ਗੈਸ ਲੀਕ ਮਾਮਲਾ : ‘ਸਿਟ’ ਨੇ ਨਗਰ ਨਿਗਮ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੋਂ ਕੀਤੀ ਪੁੱਛਗਿੱਛ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha