ਬਾਬੇ ਦੀ ਪੇਸ਼ੀ, ਲੋਕ ਪ੍ਰੇਸ਼ਾਨ

08/25/2017 7:04:03 AM

ਪੰਚਕੂਲਾ  (ਸੰਦੀਪ ਕੁਮਾਰ) - ਸਾਧਵੀ ਸੈਕਸ ਸ਼ੋਸ਼ਣ ਮਾਮਲੇ ਦਾ ਫੈਸਲਾ ਸੁਣਾਏ ਜਾਣ ਸਬੰਧੀ  ਅਦਾਲਤੀ ਕੰਪਲੈਕਸ 'ਚ ਪੁਲਸ ਨੇ ਸਖਤ ਪ੍ਰਬੰਧ ਕੀਤੇ ਹੋਏ ਹਨ। ਅਦਾਲਤੀ ਕੰਪਲੈਕਸ ਨੂੰ ਆਉਣ-ਜਾਣ ਵਾਲੇ ਰਸਤੇ ਵੀਰਵਾਰ ਸਵੇਰ ਤੋਂ ਹੀ ਸੀਲ ਕਰ ਦਿੱਤੇ ਹਨ। ਕੋਰਟ ਕੰਪਲੈਕਸ ਨੇੜੇ ਨਾਕਿਆਂ 'ਤੇ ਪੁਲਸ ਦੇ ਨਾਲ-ਨਾਲ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ, ਘੋੜਾ ਪੁਲਸ ਦਲ, ਫਾਇਰ ਬ੍ਰਿਗੇਡ ਵਿਭਾਗ ਅਤੇ ਹੋਰ ਐਮਰਜੈਂਸੀ ਸੇਵਾਵਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਕੋਰਟ ਕੰਪਲੈਕਸ ਤੋਂ 500 ਮੀਟਰ ਤਕ ਕਿਸੇ ਵੀ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਪੁਲਸ ਨੇ ਕੋਰਟ ਕੰਪਲੈਕਸ ਨੂੰ ਜਾਣ ਵਾਲੇ ਸੈਕਟਰ 2 ਸਥਿਤ ਬੈਲਵਿਸਟਾ ਚੌਕ, ਮਾਜਰੀ ਚੌਕ, ਸੂਰਜ ਥਿਏਟਰ ਅਤੇ ਡੀ. ਸੀ. ਨਿਵਾਸ ਵੱਲ ਵਾਲੇ ਰਸਤਿਆਂ ਦੀ ਸੁਰੱਖਿਆ ਸਖਤ ਕਰ ਦਿੱਤੀ ਹੈ। ਉਥੇ ਹੀ ਵੀਰਵਾਰ ਨੂੰ ਪੁਲਸ ਦੇ ਸੀਨੀਅਰ ਅਧਿਕਾਰੀ ਸਮੇਂ-ਸਮੇਂ 'ਤੇ ਸੁਰੱਖਿਆ ਪ੍ਰਬੰਧਾਂ ਦਾ ਮੁਆਇਨਾ ਕਰਦੇ ਰਹੇ।
ਡੇਰਾ ਸੱਚਾ ਸੌਦਾ ਮੁਖੀ ਬਾਬਾ ਰਾਮ ਰਹੀਮ ਸਿੰਘ ਦੀ ਸਾਧਵੀ ਸੈਕਸ ਸ਼ੋਸ਼ਣ ਮਾਮਲੇ ਵਿਚ ਪੰਚਕੂਲਾ ਦੀ ਸੀ. ਬੀ. ਆਈ. ਕੋਰਟ ਵਿਚ ਸ਼ੁੱਕਰਵਾਰ ਨੂੰ ਪੇਸ਼ੀ ਹੈ। ਇਸ ਸਬੰਧੀ ਡੇਰੇ ਦੇ ਲੱਖਾਂ ਸਮਰਥਕ ਪੰਚਕੂਲਾ ਪਹੁੰਚ ਗਏ ਹਨ। ਸ਼ਹਿਰ ਦੀ ਆਬਾਦੀ ਹੀ ਸਾਢੇ 3 ਲੱਖ ਹੈ। ਅਜਿਹੇ ਵਿਚ ਪੂਰਾ ਸ਼ਹਿਰ ਹੀ ਇਸ ਭੀੜ ਤੋਂ ਪ੍ਰੇਸ਼ਾਨ ਹੈ। ਸ਼ਹਿਰ ਦੇ ਬਾਹਰੋਂ ਆਏ ਲੋਕ ਸ਼ਹਿਰ ਦੇ ਲੋਕਾਂ ਦੇ ਘਰਾਂ ਅੱਗੇ ਡੇਰਾ ਲਾਈ ਬੈਠੇ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਘਰ ਦੇ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਕਈ ਰਸਤੇ ਸੀਲ ਕਰ ਦਿੱਤੇ ਗਏ ਹਨ। ਦੁਕਾਨਾਂ ਵੀਰਵਾਰ ਸ਼ਾਮ 5 ਵਜੇ ਹੀ ਬੰਦ ਕਰ ਦਿੱਤੀਆਂ ਗਈਆਂ। ਸ਼ਹਿਰ ਵਿਚ ਦੁੱਧ, ਬਰੈੱਡ ਅਤੇ ਸਬਜ਼ੀ ਦੀ ਭਾਰੀ ਕਿੱਲਤ ਹੋ ਗਈ ਹੈ। ਕੁਲ ਮਿਲਾ ਕੇ ਸ਼ਹਿਰ ਵਿਚ ਹਰ ਪਾਸੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ। ਹਾਲਾਂਕਿ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧ ਪੁਖਤਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਬਾਬੇ ਦੀ ਪੇਸ਼ੀ ਕਾਰਨ ਲੋਕ ਤਾਂ ਪ੍ਰੇਸ਼ਾਨ ਹੀ ਹਨ ।