ਸਤਲੁਜ ਦਰਿਆ ''ਚ ਪਾਣੀ ਦਾ ਪੱਧਰ ਘੱਟ ਹੋਣ ''ਤੇ ਲੋਕਾਂ ਨੂੰ ਮਿਲੀ ਰਾਹਤ

08/20/2019 8:38:33 PM

ਲੁਧਿਆਣਾ,(ਅਨਿਲ): ਸਥਾਨਕ ਕਸਬਾ ਲਾਡੋਵਾਲ ਨੇੜੇ ਸਤਲੁਜ ਦਰਿਆ 'ਚ ਪਿਛਲੇ ਕਈ ਦਿਨਾਂ ਤੋਂ ਪਾਣੀ ਦਾ ਪੱਧਰ ਵਧਣ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਸੀ। ਜਿਸ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖਾਲੀ ਕਰਕੇ ਬਾਹਰ ਮਹਿਫੂਜ ਜਗ੍ਹਾ 'ਤੇ ਡੇਰੇ ਲਗਾ ਲਏ ਸਨ ਪਰ ਅੱਜ ਮੰਗਲਵਾਰ ਨੂੰ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਕਰੀਬ 6 ਫੁੱਟ ਤੋਂ ਜ਼ਿਆਦਾ ਘੱਟ ਗਿਆ, ਜਿਸ ਕਾਰਨ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ। ਜਿਹੜੇ ਲੋਕ ਆਪਣਾ ਘਰ ਛੱਡ ਕੇ ਚਲੇ ਗਏ ਸਨ ਹੁਣ ਉਹ ਵਾਪਸ ਆਉਣਾ ਸ਼ੁਰੂ ਹੋ ਗਏ ਹਨ। ਸਤਲੁਜ 'ਚ ਪਾਣੀ ਦਾ ਪੱਧਰ ਵਧਣ ਕਾਰਨ ਭੋਲੇਵਾਲ ਕਦੀਮ 'ਚ ਬੰਨ ਟੁੱਟ ਗਿਆ ਸੀ ਤੇ ਉਸ ਕਾਰਨ ਨੇੜਲੇ ਲੋਕਾਂ ਨੂੰ ਆਪਣੀ ਫਿਕਰ ਹੋਣ ਲੱਗੀ ਸੀ ਕਿ ਕਿਤੇ ਉਨ੍ਹਾਂ ਨਾਲ ਵੀ ਕੋਈ ਘਟਨਾ ਨਾ ਵਾਪਰ ਜਾਵੇ ਪਰ ਅੱਜ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਲੋਕਾਂ 'ਚ ਖੁਸ਼ੀ ਦੇਖਣ ਨੂੰ ਮਿਲੀ ਹੈ।