50 ਪਿੰਡਾਂ ਦੇ ਲੋਕ ਆਏ ਸੜਕਾਂ ''ਤੇ

11/28/2017 6:50:14 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਖਸਤਾ ਹਾਲਤ ਨਵਾਂਸ਼ਹਿਰ-ਗੜ੍ਹਸ਼ੰਕਰ ਸੜਕ ਦੇ ਅਧੂਰੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਦੀ ਮੰਗ ਕਰਦਿਆਂ ਅੱਜ ਸੜਕ ਬਣਾਓ ਸੰਘਰਸ਼ ਕਮੇਟੀ ਦੇ ਬੈਨਰ ਹੇਠ 50 ਪਿੰਡਾਂ ਦੇ ਲੋਕਾਂ ਨੇ ਚੱਕਾ ਜਾਮ ਕਰ ਕੇ ਜ਼ਿਲਾ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਪਿੰਡ ਮਹਿੰਦੀਪੁਰ ਵਿਖੇ ਮੁੱਖ ਰਸਤੇ 'ਤੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਦੀਪ ਤੇ ਬੂਟਾ ਸਿੰਘ ਅਲੀਪੁਰ ਨੇ ਕਿਹਾ ਕਿ 10 ਮਹੀਨਿਆਂ ਤੋਂ ਇਸ ਸੜਕ ਦਾ ਨਿਰਮਾਣ ਕਾਰਜ ਲਟਕਿਆ ਹੋਇਆ ਹੈ। ਖੱਡਿਆਂ ਤੇ ਧੂੜ ਭਰੀ ਸੜਕ ਨਾ ਸਿਰਫ ਹਾਦਸਿਆਂ ਦਾ ਕਾਰਨ ਬਣ ਰਹੀ ਹੈ, ਸਗੋਂ ਇਥੋਂ ਲੰਘਣ ਵਾਲੇ ਵਾਹਨ ਚਾਲਕਾਂ ਤੇ ਨੇੜਲੇ  ਦੁਕਾਨਦਾਰਾਂ ਨੂੰ ਬੀਮਾਰੀਆਂ ਲੱਗ ਰਹੀਆਂ ਹਨ। ਸੜਕ ਦੇ ਨਿਰਮਾਣ ਸੰਬੰਧੀ ਜ਼ਿਲਾ ਪ੍ਰਸ਼ਾਸਨ ਤੱਕ ਕਈ ਵਾਰ ਪਹੁੰਚ ਕਰਨ ਦੇ ਬਾਵਜੂਦ ਲੋਕਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ।
ਇਸ ਮੌਕੇ ਗੁਰਚਰਨ ਸਿੰਘ ਬਸਿਆਲਾ, ਕੁਲਵਿੰਦਰ ਸਿੰਘ ਵੜੈਚ, ਹਰਮੇਸ਼ ਢੇਸੀ, ਕਮਲਜੀਤ ਸਨਾਵਾ ਤੇ ਸਰਪੰਚ ਜੋਗਾ ਸਿੰਘ ਨੇ ਕਿਹਾ ਕਿ ਹਲਕੇ ਦੇ ਵਿਧਾਇਕ ਨੂੰ ਖਸਤਾ ਹਾਲਤ ਸੜਕ ਕਾਰਨ ਵਾਪਰ ਰਹੇ ਹਾਦਸਿਆਂ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਮਾਮਲੇ ਨੂੰ ਹੱਲ ਕਰਨ ਲਈ ਯਤਨ ਕਰਨੇ ਚਾਹੀਦੇ ਸਨ ਪਰ ਕਈ ਦਿਨ ਪਹਿਲਾਂ ਅਲਟੀਮੇਟਮ ਦੇਣ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਨੇ ਗੰਭੀਰਤਾ ਨਹੀਂ ਦਿਖਾਈ।
ਇਸ ਸਮੇਂ ਮਲਕੀਤ ਸਿੰਘ, ਦੀਪਲਾ ਡਘਾਮ, ਰਣਜੀਤ ਸਿੰਘ ਰਾਣਾ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ, ਹਰਭਜਨ ਸਿੰਘ, ਜਥੇ. ਚੂਹੜ ਸਿੰਘ, ਬੂਟਾ ਸਿੰਘ, ਹਰਜੀਤ ਸਿੰਘ, ਬਘੇਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।