ਬੈਂਕ ''ਚ ਆਉਣ ਵਾਲੇ ਵਿਅਕਤੀ ਕੋਰੋਨਾ ਦਾ ਖੌਫ ਭੁੱਲ ਕੇ ਆਸ-ਪਾਸ ਦੇ ਦੁਕਾਨਦਾਰਾਂ ਨੂੰ ਕਰ ਰਹੇ ਪਰੇਸ਼ਾਨ

05/28/2020 5:48:28 PM

ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਦੀ ਸ਼ਮਸ਼ਾਨ ਘਾਟ ਰੋਡ 'ਤੇ ਸਥਿਤ ਕਿਸਾਨੀ ਕਿੱਤੇ ਨਾਲ ਸੰਬੰਧਤ ਇਕ ਬੈਂਕ ਵਿਚ ਕੰਮ ਲਈ ਆਉਣ ਵਾਲੇ ਵਿਅਕਤੀਆਂ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਥੇ ਆਸ-ਪਾਸ ਸਥਿਤ ਮਾਰਕਿਟ ਵਿਚਲੀਆਂ ਦੁਕਾਨਾਂ ਦੀਆਂ ਦੇਹਲੀਆਂ 'ਤੇ ਬੈਠ ਕੇ ਭੀੜ ਕਰਨ ਕਾਰਨ ਦੁਕਾਨਦਾਰਾਂ ਵਲੋਂ ਦੁਕਾਨਦਾਰੀ ਖਰਾਬ ਹੋਣ ਕਾਰਨ ਬੈਂਕ ਅਤੇ ਪ੍ਰਸਾਸ਼ਨ ਪ੍ਰਤੀ ਸਖ਼ਤ ਰੋਸ ਪਾਇਆ ਜਾ ਰਿਹਾ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਮਾਰਕਿਟ ਵਿਚਲੇ ਦੁਕਾਨਦਾਰਾਂ ਜਸਵਿੰਦਰ ਸਿੰਘ ਵਿਰਦੀ, ਡਾਕਟਰ ਸ਼ੇਰ ਸਿੰਘ ਅਤੇ ਰਾਮ ਸਿੰਘ ਨੇ ਦੱਸਿਆ ਕਿ ਇਥੇ ਕਿਸਾਨੀ ਕਿੱਤੇ ਨਾਲ ਸੰਬੰਧਤ ਬੈਂਕ ਵਿਚ ਅੱਜ ਕੱਲ੍ਹ ਕਣਕ ਦਾ ਸੀਜ਼ਨ ਖਤਮ ਹੋਣ ਕਰਕੇ ਕਿਸਾਨ ਆਪਣੀਆਂ ਬੈਂਕ ਦੀਆਂ ਲਿਮਟਾਂ ਵਗੈਰਾ ਭਰਨ ਅਤੇ ਹੋਰ ਕੰਮ ਲਈ ਬਹੁਤ ਜ਼ਿਆਦਾ ਗਿਣਤੀ ਵਿਚ ਆਉਂਦੇ ਹਨ। ਜਿਥੇ ਬੈਂਕ ਵੱਲੋਂ ਬੈਂਕ ਅੰਦਰ ਤਾਂ ਕੋਰੋਨਾ ਦੀ ਮਹਾਮਾਰੀ ਕਾਰਨ ਸਰਕਾਰ ਵੱਲੋਂ ਜਾਰੀ ਨਿਯਮਾਂ ਦੀ ਪਾਲਣਾ ਕਰਨ ਲਈ ਬਹੁਤ ਘੱਟ ਵਿਅਕਤੀਆਂ ਨੂੰ ਅੰਦਰ ਜਾਣ ਦਿੱਤਾ ਜਾਂਦਾ ਹੈ। ਪਰ ਬੈਂਕ ਦੇ ਬਾਹਰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਅਤੇ ਵਿਅਕਤੀਆਂ ਦੇ ਬੈਠਣ ਲਈ ਕੋਈ ਵੀ ਪ੍ਰਬੰਧ ਨਾ ਕੀਤੇ ਹੋਣ ਕਰਕੇ ਬਾਕੀ ਦੇ ਵਿਅਕਤੀ ਫਿਰ ਆਪਣੇ ਸਾਧਨਾਂ ਨੂੰ ਸੜਕ ਵਿਚਕਾਰ ਹੀ ਖੜ੍ਹੇ ਕਰਕੇ ਸਾਡੀਆਂ ਦੁਕਾਨਾਂ ਅੱਗੇ ਦੇਹਲੀਆਂ ਉਪਰ ਡੇਰੇ ਲਗਾ ਲੈਂਦੇ ਹਨ। ਜਿਸ ਤੋਂ ਬਾਅਦ ਦੁਕਾਨ ਦੇ ਬਾਹਰ ਭੀੜ ਹੋਣ ਕਾਰਨ ਗ੍ਰਾਹਕ ਨੂੰ ਦੁਕਾਨਾਂ ਅੰਦਰ ਜਾਣ ਵਿਚ ਔਖਾਈ ਹੁੰਦੀ ਹੈ ਸਾਡੀ ਦੁਕਾਨਦਾਰੀ ਖਰਾਬ ਹੋ ਰਹੀ ਹੈ। ਇਥੇ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਨਾਲ-ਨਾਲ ਇਹ ਵਿਅਕਤੀ ਬਿਨਾਂ ਹੱਥ ਸਾਫ ਕੀਤੇ ਪੀਣ ਲਈ ਪਾਣੀ ਵੀ ਦੁਕਾਨਾਂ ਅੰਦਰ ਪਏ ਕੈਂਪਰਾਂ ਵਿਚੋਂ ਹੀ ਪੀਂਦੇ ਹਨ। ਜਿਸ ਕਾਰਨ ਇਥੇ ਦੁਕਾਨਦਾਰਾਂ ਵਿਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਵੀ ਖੌਫ ਪੈਦਾ ਹੁੰਦਾ ਹੈ। ਉਨ੍ਹਾਂ ਬੈਂਕ ਅਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਦੁਕਾਨਾਂ ਅੱਗੇ ਡੇਰੇ ਲਗਾਉਣ ਵਾਲੇ ਵਿਅਕਤੀਆਂ ਨੂੰ ਇਥੇ ਬੈਠਣ ਤੋਂ ਰੋਕਿਆ ਜਾਵੇ ਅਤੇ ਇਨ੍ਹਾਂ ਦੇ ਬੈਠਣ ਲਈ ਬੈਂਕ ਆਪਣੀ ਬ੍ਰਾਂਚ ਅੱਗੇ ਛਾਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਇਨ੍ਹਾਂ ਦੇ ਪੀਣ ਲਈ ਪਾਣੀ ਦਾ ਵੀ ਪ੍ਰਬੰਧ ਕਰੇ। ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸੰਬੰਧੀ ਪੁਲਸ ਕਰਮਚਾਰੀਆਂ ਨੂੰ ਕਿਹਾ ਗਿਆ ਸੀ ਪਰ ਬੈਂਕ ਦੇ ਅਧਿਕਾਰੀਆਂ ਨੂੰ ਇਥੇ ਪ੍ਰਬੰਧ ਕਰਨ ਲਈ ਕਹਿਣ ਦੇ ਬਾਵਜੂਦ ਵੀ ਬੈਂਕ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

 

Harinder Kaur

This news is Content Editor Harinder Kaur