ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ

11/18/2017 6:13:37 AM

ਰਮਦਾਸ,  (ਡੇਜ਼ੀ)-   ਬੀਤੇ 5 ਦਿਨਾਂ ਤੋਂ ਪਿੰਡ ਗੱਗੋਮਾਹਲ ਦੀ ਵਾਟਰ ਸਪਲਾਈ ਦਾ ਪਾਣੀ ਨਾ ਮਿਲਣ ਕਾਰਨ ਪਿੰਡ ਵਾਸੀਆਂ ਨੂੰ ਗੰਦਾ ਤੇ ਪ੍ਰਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਆਪਣੇ ਦੁੱਖੜੇ ਦੱਸਦਿਆਂ ਪਿੰਡ ਵਾਸੀ ਪ੍ਰਧਾਨ ਮੰਗਲ ਸਿੰਘ, ਬਲਵਿੰਦਰ ਸਿੰਘ ਸਾਬਕਾ ਪੰਚ, ਧੀਰ ਸਿੰਘ, ਲਖਬੀਰ ਸਿੰਘ, ਧਿਆਨ ਸਿੰਘ, ਅਮਰੀਕ ਸਿੰਘ, ਹਰਬੰਸ ਸਿੰਘ, ਗੁਲਜ਼ਾਰ ਸਿੰਘ, ਦਵਿੰਦਰ ਸਿੰਘ, ਬਾਬਾ ਲੁਭਾਇਆ, ਦਲਜੀਤ ਸਿੰਘ, ਪਿੰਦਰ ਕੌਰ, ਲਖਵਿੰਦਰ ਕੌਰ, ਮਨਜੀਤ ਕੌਰ, ਸ਼ਾਲੋ ਆਦਿ ਨੇ ਦੱਸਿਆ ਕਿ ਬੀਤੇ 5 ਦਿਨਾਂ ਤੋਂ ਸਾਡੇ ਘਰਾਂ ਵਿਚ ਵਾਟਰ ਸਪਲਾਈ ਦਾ ਪਾਣੀ ਨਾ ਆਉਣ ਕਾਰਨ ਸਾਨੂੰ ਮਜਬੂਰ ਹੋ ਕੇ ਨਲਕਿਆਂ ਦਾ ਪ੍ਰਦੂਸ਼ਿਤ ਤੇ ਗੰਦਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਨਾਲ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਬੀਮਾਰ ਹੋਣ ਦਾ ਖਤਰਾ ਬਣ ਰਿਹਾ ਹੈ, ਜਦ ਕਿ ਇਸ ਸਬੰਧੀ ਕਈ ਵਾਰ ਵਾਟਰ ਸਪਲਾਈ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ ਪਰ ਕੋਈ ਵੀ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਿਹਾ।
ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਵਿਚ ਬਣੇ ਇਸ ਵਾਟਰ ਵਰਕਸ ਨਾਲ 800 ਘਰਾਂ ਨੂੰ ਪਾਣੀ ਦੇਣ ਦੀ ਸਮਰੱਥਾ ਹੈ ਪਰ ਮਹਿਕਮੇ ਵੱਲੋਂ ਸਿਰਫ 120 ਘਰਾਂ ਨੂੰ ਹੀ ਪਾਣੀ ਦੀ ਸਪਲਾਈ ਦਿੱਤੀ ਗਈ ਹੈ, ਜਦ ਕਿ ਬਾਕੀ ਘਰਾਂ ਵਾਲੇ ਸਾਫ ਪਾਣੀ ਤੋਂ ਵਾਂਝੇ ਹਨ। ਮਹਿਕਮੇ ਵੱਲੋਂ ਪਾਣੀ ਦੀ ਸਪਲਾਈ ਦਾ ਵੀ ਕੋਈ ਸਮਾਂ ਨਿਯਤ ਨਹੀਂ ਕੀਤਾ ਗਿਆ ਤੇ ਆਪ੍ਰੇਟਰ ਆਪਣੀ ਮਰਜ਼ੀ ਨਾਲ ਹੀ ਮੋਟਰ ਚਾਲੂ ਕਰਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪਾਣੀ ਦੀ ਸਪਲਾਈ ਤੁਰੰਤ ਚਾਲੂ ਨਾ ਹੋਈ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਵਾਟਰ ਸਪਲਾਈ ਅਧਿਕਾਰੀਆਂ ਦੀ ਹੋਵੇਗੀ।
ਇਸ ਸਬੰਧੀ ਜਦ ਵਾਟਰ ਸਪਲਾਈ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੋਟਰ ਸੜਨ ਕਾਰਨ ਪਾਣੀ ਦੀ ਸਪਲਾਈ ਬੰਦ ਹੋਈ ਸੀ, ਜੋ ਜਲਦ ਹੀ ਚਾਲੂ ਕਰ ਦਿੱਤੀ ਜਾਵੇਗੀ।