ਲੋਕਾਂ ਵੱਲੋਂ ਨਗਰ ਕੌਂਸਲ ਅੱਗੇ ਧਰਨਾ

06/30/2017 7:15:36 AM

ਕਪੂਰਥਲਾ,  (ਗੁਰਵਿੰਦਰ ਕੌਰ)-  ਕਪੂਰਥਲਾ ਸ਼ਹਿਰ ਦੇ ਬਾਣੀਆਂ ਗਲੀ ਦੇ ਨਿਵਾਸੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਨਗਰ ਕੌਂਸਲ ਕਪੂਰਥਲਾ ਵਿਖੇ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਮੌਕੇ 'ਤੇ ਈ. ਓ. ਰਣਦੀਪ ਸਿੰਘ ਵੜੈਚ ਤੇ ਨਗਰ ਕੌਂਸਲ ਕਪੂਰਥਲਾ ਪ੍ਰਧਾਨ ਅੰਮ੍ਰਿਤਪਾਲ ਕੌਰ ਵਾਲੀਆ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਉਂਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲਤਾ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਮੌਕੇ 'ਤੇ ਜਾ ਕੇ ਜਾਮ ਨਾਲੀ ਨੂੰ ਖੁਲ੍ਹਵਾਇਆ। ਇਸ ਮੌਕੇ ਪ੍ਰਧਾਨ ਅੰਮ੍ਰਿਤਪਾਲ ਕੌਰ ਵਾਲੀਆ ਨੇ ਕਿਹਾ ਕਿ ਉਹ ਕੱਲ ਨੂੰ ਖੁਦ ਬਾਣੀਆਂ ਗਲੀ 'ਚ ਜਾ ਕੇ ਕੰਮ ਦਾ ਜਾਇਜ਼ਾ ਲੈਣਗੇ, ਜਿਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਆਪਣਾ ਧਰਨਾ ਚੁੱਕ ਲਿਆ ਗਿਆ। 
ਕੀ ਹੈ ਮਾਮਲਾ
ਇਸ ਮੌਕੇ ਮੁਹੱਲਾ ਨਿਵਾਸੀ ਗੁਲਸ਼ਨ, ਅਨੀਤਾ ਭੱਟੀ, ਨਿਸ਼ਾ ਭੱਟੀ, ਨੀਤਾ ਮਹਾਜਨ, ਨੇਹਾ ਮਰਵਾਹਾ, ਨੀਰੂ ਮਹਾਜਨ, ਰਜਨੀ, ਨੀਲਮ ਕੁਮਾਰੀ, ਸਸ਼ੀ ਬਹਿਲ, ਆਰਤੀ ਬਹਿਲ, ਵਿਸ਼ਾਲੀ, ਰਜਨੀ, ਰਿਤੂ, ਰੰਜਨਾ, ਸੁੰਮਨ, ਨਰੇਸ਼ ਗੁਪਤਾ, ਰਾਜੂ ਗਰਗ, ਦਿਨੇਸ਼ ਮਰਵਾਹਾ, ਸੁਮਿਤ ਅਗਰਵਾਲ, ਰਿੰਕੂ ਵਾਲੀਆ, ਦੀਪਕ ਅਗਰਵਾਲ, ਰਾਜਨ, ਸਾਹਿਲ ਗੁਪਤਾ, ਮੰਨੂੰ, ਓਮ ਪ੍ਰਕਾਸ਼, ਹਨੀ, ਮੇਯੰਕ ਮਰਵਾਹਾ ਤੇ ਅਯੂਸ਼ ਸ਼ਰਮਾ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ 'ਚ ਰਮੇਸ਼ ਕੁਮਾਰ ਨਾਮਕ ਵਿਅਕਤੀ ਵੱਲੋਂ ਮਕਾਨ ਦੀ ਉਸਾਰੀ ਕੀਤੀ ਜਾ ਰਹੀ ਹੈ ਤੇ ਮਕਾਨ ਦਾ ਮਲਬਾ ਨਾਲੀ 'ਚ ਸੁੱਟਣ ਕਾਰਨ ਨਾਲੀ ਕਾਫੀ ਦਿਨਾਂ ਤੋਂ ਜਾਮ ਹੋ ਗਈ ਸੀ ਜਿਸ ਕਾਰਨ ਨਾਲੀਆਂ ਦਾ ਗੰਦਾ ਪਾਣੀ ਗਲੀ 'ਚ ਫੈਲ ਗਿਆ ਤੇ ਪਿਛਲੇ ਦੋ ਦਿਨਾਂ ਤੋਂ ਮੀਂਹ ਪੈਣ ਕਾਰਨ ਉਨ੍ਹਾਂ ਦੀਆਂ ਸਮੱਸਿਆਵਾਂ 'ਚ ਹੋਰ ਵਾਧਾ ਹੋ ਗਿਆ। ਉਨ੍ਹਾਂ ਦਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਨਗਰ ਕੌਂਸਲ ਕਪੂਰਥਲਾ ਦੇ ਕਰਮਚਾਰੀਆਂ ਨੂੰ ਜਾਣੂ ਕਰਵਾਇਆ ਗਿਆ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਮਜਬੂਰਨ ਧਰਨਾ ਦੇਣਾ ਪਿਆ।