ਸੇਵਾ ਕੇਂਦਰਾਂ ਦੀ ਹੜਤਾਲ ਕਾਰਨ ਲੋਕ ਹੋ ਰਹੇ ਹਨ ਖੱਜਲ-ਖੁਆਰ

Tuesday, Dec 19, 2017 - 12:59 AM (IST)

ਸੇਵਾ ਕੇਂਦਰਾਂ ਦੀ ਹੜਤਾਲ ਕਾਰਨ ਲੋਕ ਹੋ ਰਹੇ ਹਨ ਖੱਜਲ-ਖੁਆਰ

ਤਪਾ ਮੰਡੀ, (ਸ਼ਾਮ, ਗਰਗ)- ਵੈਟਰਨਰੀ ਹਸਪਤਾਲ ਤੇ ਪੁਰਾਣੇ ਐੱਸ. ਡੀ. ਐੱਮ. ਦਫਤਰ 'ਚ ਬਣੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਦੇ ਹੜਤਾਲ 'ਤੇ ਚਲੇ ਜਾਣ ਕਾਰਨ ਕੰਮ ਕਰਵਾਉਣ ਆਏ ਲੋਕਾਂ ਨੂੰ ਖੱਜਲ-ਖੁਆਰੀ ਹੋ ਰਹੀ ਹੈ, ਜਿਸ ਕਾਰਨ ਗੁੱਸੇ 'ਚ ਆਏ ਲੋਕਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ।
ਮੌਕੇ 'ਤੇ ਹਾਜ਼ਰ ਸਰਪੰਚ ਰੇਸ਼ਮ ਸਿੰਘ, ਬਲਦੇਵ ਸਿੰਘ, ਸੁਖਜੀਤ ਕੌਰ, ਰਣਜੀਤ ਸਿੰਘ ਤਪਾ, ਗੁਰਪ੍ਰੀਤ, ਅਮਨਦੀਪ ਕੌਰ, ਸਰਬਜੀਤ ਕੌਰ, ਗੁਰਜੰਟ ਸਿੰਘ, ਕਰਮਜੀਤ ਕੌਰ, ਕਿਰਨਜੀਤ ਕੌਰ, ਦਰਸ਼ਨ ਸਿੰਘ ਹਰਪ੍ਰੀਤ ਆਦਿ ਦਾ ਕਹਿਣਾ ਸੀ ਕਿ ਉਹ ਸੇਵਾ ਕੇਂਦਰਾਂ 'ਚ 20-20 ਕਿਲੋਮੀਟਰ ਦੂਰੋਂ ਆਪਣੇ ਬੱੱਚਿਆਂ ਨਾਲ ਕੰਮ ਕਰਵਾਉਣ ਆਏ ਹਨ ਪਰ ਹੜਤਾਲ ਹੋਣ ਕਾਰਨ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇਸ ਹੜਤਾਲ ਕਾਰਨ ਉਨ੍ਹਾਂ ਦੇ ਸਮੇਂ ਤੇ ਪੈਸੇ ਦੀ ਬਰਬਾਦੀ ਹੋਈ ਹੈ। ਜੇਕਰ ਇਸ ਹੜਤਾਲ ਬਾਰੇ ਪਹਿਲਾਂ ਪਤਾ ਹੁੰਦਾ ਤਾਂ ਉਹ ਆਉਂਦੇ ਹੀ ਨਾ।
ਇਸ ਸੰਬੰਧੀ ਸੇਵਾ ਕੇਂਦਰਾਂ ਦੇ ਹੈੱਡ ਰਮਨਦੀਪ ਸ਼ਰਮਾ, ਰਮਨ ਸੇਠੀ, ਰਮਨਦੀਪ ਸਿੰਘ, ਗਗਨਦੀਪ ਸਿੰਘ, ਰੇਨੂੰ ਰਾਣੀ, ਰਮਨਦੀਪ ਕੌਰ ਆਦਿ ਦਾ ਕਹਿਣਾ ਸੀ ਕਿ ਇਨ੍ਹਾਂ ਸੇਵਾ ਕੇਂਦਰਾਂ 'ਚ ਸੇਵਾ ਦੇ ਅਧਿਕਾਰ ਹੇਠ 67 ਸੇਵਾਵਾਂ ਦਾ ਕੰਮ ਹੋ ਰਿਹਾ ਹੈ ਪਰ ਪੰਜਾਬ ਸਰਕਾਰ ਨੇ ਸੂਬੇ 'ਚ ਚੱਲ ਰਹੇ 2140 ਸੇਵਾਂ ਕੇਂਦਰਾਂ 'ਚੋਂ 75 ਫੀਸਦੀ ਸੇਵਾ ਕੇਂਦਰ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ, ਜਿਸ ਕਾਰਨ ਸੇਵਾ ਕੇਂਦਰਾਂ 'ਚ ਕੰਮ ਕਰਦੇ ਕਰਮਚਾਰੀਆਂ 'ਚ ਰੋਸ ਹੈ। 3-3 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਘਰ ਦਾ ਬਜਟ ਵੀ ਹਿੱਲ ਗਿਆ ਹੈ।
ਕਰਮਚਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸੇਵਾਂ ਕੇਂਦਰਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਨਾ ਲਿਆ ਤਾਂ ਸੂਬੇ ਦੇ ਕਰਮਚਾਰੀ ਇਕਜੁੱਟ ਹੋ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਹੜਤਾਲ ਸੰਬੰਧੀ ਐੱਸ. ਡੀ. ਐੱਮ. ਤਪਾ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੁਝ ਸੇਵਾ ਕੇਂਦਰ ਬੰਦ ਕੀਤੇ ਜਾ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀ ਗੱਲ ਉੱਚ ਅਧਿਕਾਰੀਆਂ ਤੱਕ ਪਹੁੰਚਾਈ ਜਾ ਰਹੀ ਹੈ, 1 ਮਹੀਨੇ ਦੀ ਤਨਖਾਹ ਰਿਲੀਜ਼ ਕਰ ਦਿੱਤੀ ਗਈ ਹੈ ਤੇ ਬਾਕੀ ਤਨਖਾਹ ਲਈ ਸਰਕਾਰ ਨੂੰ ਲਿਖ ਦਿੱਤਾ ਗਿਆ ਹੈ।


Related News