ਸੜਕਾਂ ''ਤੇ ਖੜ੍ਹੇ ਗੰਦੇ ਪਾਣੀ ਦੀ ਸੁਚਾਰੂ ਰੂਪ ''ਚ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

12/15/2017 11:42:13 AM


ਗਿੱਦੜਬਾਹਾ (ਸੰਧਿਆ) - ਵਾਰਡ ਨੰਬਰ 10 'ਚ ਸਥਿਤ ਗੁਰਦੁਆਰਾ ਸਾਹਿਬ ਨਾਨਕਸਰ ਦੇ ਆਲੇ-ਦੁਆਲੇ ਅਤੇ ਸੜਕਾਂ 'ਤੇ ਗੰਦੇ ਪਾਣੀ ਦੀ ਸੁਚਾਰੂ ਰੂਪ 'ਚ ਨਿਕਾਸੀ ਨਾ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਸ ਸਬੰਧੀ ਉਕਤ ਵਾਰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਸੜਕ 'ਤੇ ਗੰਦਾ ਪਾਣੀ ਇਕੱਠਾ ਹੋ ਰਿਹਾ ਹੈ। ਹਲਕੀ ਜਿਹੀ ਬੂੰਦਾਬਾਂਦੀ ਵੀ ਭਾਰੀ ਮੁਸ਼ਕਲਾਂ ਖੜ੍ਹੀਆਂ ਕਰ ਦਿੰਦੀ ਹੈ। ਕਈ-ਕਈ ਦਿਨ ਮੀਂਹ ਦਾ ਪਾਣੀ ਇੱਥੇ ਖੜ੍ਹਾ ਰਹਿੰਦਾ ਹੈ। ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇੱਥੇ ਮੱਛਰਾਂ ਦੀ ਭਰਮਾਰ ਹੈ। ਜ਼ਿਕਰਯੋਗ ਹੈ ਕਿ ਇੱਥੋਂ ਦੇ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਵਾਲੇ ਵੀ ਕਾਫੀ ਪ੍ਰੇਸ਼ਾਨ ਹਨ। ਲੋਕ ਖੜ੍ਹੇ ਗੰਦੇ ਪਾਣੀ 'ਚੋਂ ਲੰਘ ਕੇ ਗੁਰਦੁਆਰਾ ਸਾਹਿਬ ਜਾਂਦੇ ਹਨ। ਕਈ ਬਜ਼ੁਰਗ, ਔਰਤਾਂ ਅਤੇ ਬੱਚੇ ਤਾਂ ਪਾਣੀ ਨਾਲ ਭਰੇ ਟੋਇਆਂ 'ਚ ਡਿੱਗ ਕੇ ਸੱਟਾਂ ਵੀ ਲਵਾ ਚੁੱਕੇ ਹਨ।

ਆਟੋ ਚਾਲਕ ਵਸੂਲਦੇ ਨੇ ਮਨਮਰਜ਼ੀ ਨਾਲ ਕਿਰਾਇਆ
ਉਕਤ ਸੜਕ 'ਤੇ ਦੂਰ-ਦੂਰ ਤੱਕ ਗੰਦਾ ਪਾਣੀ ਖੜ੍ਹਾ ਹੋਣ ਕਰ ਕੇ ਲੋਕ ਆਉਣ-ਜਾਣ ਲਈ ਆਟੋ ਰਿਕਸ਼ਾ ਦੀ ਵਰਤੋਂ ਕਰਨ ਲਈ ਮਜਬੂਰ ਹਨ। ਆਟੋ ਚਾਲਕ ਵੀ ਉਕਤ ਸੀਵਰੇਜ ਦੇ ਗੰਦੇ ਪਾਣੀ ਅਤੇ ਟੋਇਆਂ ਭਰੀ ਸੜਕ 'ਚੋਂ ਲੰਘਾਉਣ ਲਈ ਸਵਾਰੀਆਂ ਤੋਂ ਆਪਣੀ ਮਨਮਰਜ਼ੀ ਨਾਲ ਕਿਰਾਇਆ ਵਸੂਲ ਕਰ ਰਹੇ ਹਨ। ਮਜਬੂਰ ਲੋਕ ਵੱਧ ਪੈਸੇ ਦੇ ਕੇ ਆਟੋ ਚਾਲਕਾਂ ਦੀ ਮਦਦ ਲੈ ਰਹੇ ਹਨ। 

ਰਿਹਾਇਸ਼ੀ ਘਰਾਂ ਅੱਗੇ ਇਕੱਠਾ ਹੋ ਜਾਂਦੈ ਚਿੱਕੜ
ਗੰਦੇ ਪਾਣੀ ਨਾਲ ਰਿਹਾਇਸ਼ੀ ਘਰਾਂ ਅੱਗੇ ਚਿੱਕੜ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਕਈ ਵਾਹਨ ਚਾਲਕ ਫਿਸਲ ਕੇ ਡਿੱਗ ਜਾਣ ਕਰ ਕੇ ਜ਼ਖ਼ਮੀ ਹੋ ਜਾਂਦੇ ਹਨ। ਬਜ਼ੁਰਗਾਂ ਦਾ ਤਾਂ ਘਰੋਂ ਨਿਕਲਣਾ ਹੀ ਬੰਦ ਹੋਇਆ ਪਿਆ ਹੈ।