ਮਹਾਨਗਰ ''ਚ ਨਾਜਾਇਜ਼ ਕਬਜ਼ਿਆਂ ਕਾਰਨ ਲੋਕ ਪ੍ਰੇਸ਼ਾਨ

09/25/2017 6:48:00 AM

ਅੰਮ੍ਰਿਤਸਰ,  (ਵੜੈਚ)-  ਮਹਾਨਗਰ 'ਚ ਨਾਜਾਇਜ਼ ਕਬਜ਼ਿਆਂ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਨਿਗਮ ਦੇ ਅਸਟੇਟ ਵਿਭਾਗ ਦੇ ਅਧਿਕਾਰੀਆਂ ਦੀ ਕਾਰਵਾਈ ਤੋਂ ਬੇਖੌਫ ਕਬਜ਼ਾਧਾਰਕ ਸੜਕ 'ਤੇ ਨਾਜਾਇਜ਼ ਕਬਜ਼ੇ ਕਰ ਕੇ ਆਵਾਜਾਈ ਪ੍ਰਭਾਵਿਤ ਕਰ ਰਹੇ ਹਨ।
ਪਿਛਲੇ 6 ਮਹੀਨਿਆਂ 'ਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਸਿਰਫ ਮਜੀਠਾ ਰੋਡ 'ਤੇ ਸਥਿਤ ਕੁਝ ਖੋਖਿਆਂ 'ਤੇ ਕਾਰਵਾਈ ਕੀਤੀ ਗਈ, ਉਸ ਤੋਂ ਬਾਅਦ ਬਾਕੀ ਸਾਰੇ ਸ਼ਹਿਰ ਦੀਆਂ ਸੜਕਾਂ 'ਤੇ ਨਾਜਾਇਜ਼ ਖੋਖਿਆਂ ਤੇ ਰੇਹੜੀਆਂ ਦੀ ਭਰਮਾਰ ਹੋ ਗਈ ਹੈ। ਹੁਸੈਨਪੁਰਾ ਰੇਲਵੇ ਪੁਲ ਮਜੀਠਾ ਰੋਡ ਤੋਂ ਫੋਰ ਐੱਸ. ਚੌਕ ਨੂੰ ਜਾਂਦਿਆਂ ਸੜਕ ਦੀ ਚੌੜਾਈ ਪਹਿਲਾਂ ਹੀ ਕਾਫੀ ਘੱਟ ਹੈ। ਦੂਸਰੇ ਪਾਸੇ ਫੁੱਟਪਾਥਾਂ ਅੱਗੇ ਫਲਾਂ ਦੀਆਂ ਰੇਹੜੀਆਂ ਨੂੰ ਕਈ ਸਾਲਾਂ ਤੋਂ ਹਟਾਇਆ ਨਹੀਂ ਗਿਆ, ਜਿਸ ਕਰ ਕੇ ਵਾਹਨਾਂ ਦੀਆਂ ਅਕਸਰ ਲੰਬੀਆਂ ਲਾਈਨਾਂ ਦੀ ਭੀੜ ਦੇਖਣ ਨੂੰ ਮਿਲਦੀ ਹੈ। ਸ਼ਹਿਰ 'ਚੋਂ ਨਾਜਾਇਜ਼ ਕਬਜ਼ਿਆਂ ਨੂੰ ਨਾ ਹਟਾਉਣ ਦਾ ਮੁੱਖ ਕਾਰਨ ਕਬਜ਼ਾਧਾਰਕਾਂ ਦਾ ਨਿਗਮ ਵਿਭਾਗ ਨਾਲ ਤਾਲਮੇਲ ਹੈ, ਜੇਕਰ ਅਜਿਹਾ ਨਾ ਹੁੰਦਾ ਤਾਂ ਕਬਜ਼ਾਧਾਰਕਾਂ 'ਤੇ ਹਰ ਹਾਲਤ 'ਚ ਕਾਰਵਾਈ ਕਰਨੀ ਬਣਦੀ ਸੀ।
ਸ਼ਹਿਰ ਦੀ ਹਰੇਕ ਸੜਕ 'ਤੇ ਰੇਹੜੀ-ਫੜ੍ਹੀ ਵਾਲਿਆਂ ਨੇ ਫੁੱਟਪਾਥਾਂ 'ਤੇ ਕਬਜ਼ੇ ਕੀਤੇ ਹੋਏ ਹਨ। ਦੁਕਾਨਾਂ ਤੋਂ ਕਈ-ਕਈ ਫੁੱਟ ਅੱਗੇ ਸਾਮਾਨ ਰੱਖ ਕੇ ਕਬਜ਼ੇ ਕੀਤੇ ਗਏ ਹਨ। ਹੋਟਲਾਂ, ਰੈਸਟੋਰੈਂਟਾਂ ਦੀਆਂ ਮਾਲਦਾਰ ਅਸਾਮੀਆਂ ਨੇ 200 ਤੋਂ 500 ਗਜ਼ ਤੱਕ ਸਰਕਾਰੀ ਜ਼ਮੀਨਾਂ 'ਤੇ ਕਬਜ਼ੇ ਕੀਤੇ ਹੋਏ ਹਨ। ਮਜੀਠਾ ਰੋਡ 'ਤੇ ਟੈਂਟ ਦੀ ਆੜ ਲੈ ਕੇ ਸਰਕਾਰੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਪਰ ਨਿਗਮ ਅਧਿਕਾਰੀਆਂ, ਕਰਮਚਾਰੀਆਂ ਤੇ ਕਿਸੇ ਨੇਤਾ ਜਾਂ ਉੱਚ ਅਧਿਕਾਰੀ ਦਾ ਵੀ ਕੋਈ ਖੌਫ ਨਜ਼ਰ ਨਹੀਂ ਆ ਰਿਹਾ। ਹਜ਼ਾਰਾਂ ਲੋਕਾਂ ਦਾ ਗਲਤ ਤਰੀਕੇ ਨਾਲ ਸਾਥ ਦੇ ਕੇ ਲੱਖਾਂ ਲੋਕਾਂ ਲਈ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ।