ਜਨਮ ਸਰਟੀਫਿਕੇਟ ਦੀ ਸੋਧ ਨੂੰ ਲੈ ਕੇ ਲੋਕ ਹੋ ਰਹੇ ਨੇ ਖੱਜਲ-ਖੁਆਰ

09/24/2017 4:26:56 AM

ਅੰਮ੍ਰਿਤਸਰ,  (ਵੜੈਚ)-  ਬੱਚੇ ਦੇ ਜਨਮ ਸਰਟੀਫਿਕੇਟ 'ਚ ਨਾਂ ਦਰੁਸਤ ਕਰਵਾਉਣ ਵਾਲੇ ਮਾਂ-ਪਿਓ ਜਾਂ ਹੋਰ ਰਿਸ਼ਤੇਦਾਰ ਦਫਤਰਾਂ ਦੀ ਘਟੀਆ ਕਾਰਗੁਜ਼ਾਰੀ ਤੋਂ ਦੁਖੀ ਹੋ ਕੇ ਕੰਨਾਂ ਨੂੰ ਹੱਥ ਲਾਉਣ ਲਈ ਮਜਬੂਰ ਹਨ। ਨਾਂ ਦੀ ਸੋਧ ਨੂੰ ਲੈ ਕੇ ਲੋਕ ਨਗਰ ਨਿਗਮ ਤੇ ਸਿਵਲ ਸਰਜਨ ਦਫਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹੋ ਰਹੇ ਹਨ ਪਰ ਸਰਕਾਰੀ ਬਾਬੂ ਛੇਤੀ ਕਿਤੇ ਉਨ੍ਹਾਂ ਨੂੰ ਪੱਲਾ ਨਹੀਂ ਫੜਾਉਂਦੇ।
ਕਾਂਗਰਸੀ ਆਗੂ ਇਕਬਾਲ ਸਿੰਘ ਤੁੰਗ ਨੇ ਨਿਗਮ ਤੇ ਸਿਵਲ ਸਰਜਨ ਦਫਤਰਾਂ ਦੀ ਮਾੜੀ ਹਾਲਤ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ 4 ਦਿਨਾਂ 'ਚ ਹੋਣ ਵਾਲੇ ਕੰਮਾਂ ਨੂੰ 4-4 ਮਹੀਨੇ ਲੇਟ ਕਰ ਦਿੱਤਾ ਜਾਂਦਾ ਹੈ। ਜ਼ਿਲਾ ਪ੍ਰਸ਼ਾਸਨ ਦੇ ਸਾਰੇ ਦਾਅਵੇ ਝੂਠੇ ਤੇ ਖੋਖਲੇ ਸਾਬਿਤ ਹੋ ਰਹੇ ਹਨ। ਅਧਿਕਾਰੀ ਤੇ ਕਰਮਚਾਰੀ ਕੰਮ ਕਰ ਕੇ ਖੁਸ਼ ਨਹੀਂ ਤੇ ਲਾਰਿਆਂ ਦਾ ਸਹਾਰਾ ਲੈਂਦੇ ਹਨ। ਨਿਗਮ ਕਮਿਸ਼ਨਰ ਤੇ ਸਿਵਲ ਸਰਜਨ ਦਾ ਜਨਮ ਤੇ ਮੌਤ ਵਿਭਾਗ ਦੇ ਕਰਮਚਾਰੀਆਂ 'ਤੇ ਕੋਈ ਸ਼ਿਕੰਜਾ ਨਹੀਂ ਹੈ। ਤੁੰਗ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਬੇਦੀ ਜਪਪ੍ਰੀਤ ਕੌਰ ਤੁੰਗ ਦੇ ਨਾਂ ਦੀ ਸੋਧ ਲਈ ਫਾਰਮ 5 ਜੂਨ 2017 ਨੂੰ ਦਿੱਤਾ ਸੀ, ਜਿਸ ਨੂੰ ਮਿਲਣ ਲਈ 27 ਜੂਨ ਦਾ ਸਮਾਂ ਦਿੱਤਾ ਗਿਆ ਸੀ ਪਰ ਅਨੇਕਾਂ ਚੱਕਰ ਲਾਉਣ ਦੇ ਬਾਵਜੂਦ ਅੱਜ ਤੱਕ ਸਹੀ ਸਰਟੀਫਿਕੇਟ ਨਸੀਬ ਨਹੀਂ ਹੋਇਆ। ਡਾਇਰੀ ਨੰਬਰ 2181 ਮਿਤੀ 20/6/17 ਤਹਿਤ ਫਾਈਲ ਨਗਰ ਨਿਗਮ ਪਹੁੰਚ ਗਈ ਸੀ। ਤੁੰਗ ਨੇ ਸਥਾਨਕ ਸਰਕਾਰਾਂ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਨਿਗਮ ਦੇ ਕਾਰਨਾਮਿਆਂ ਵੱਲ ਵਿਸ਼ੇਸ਼ ਧਿਆਨ ਦੇਣ ਤੇ ਲਾਵਾਰਸ ਬਣ ਰਹੇ ਹਲਕਾ ਵਾਸੀਆਂ 'ਚ ਰਹਿ ਕੇ ਮੁਸ਼ਕਿਲਾਂ ਨੂੰ ਦੂਰ ਕੀਤਾ ਜਾਵੇ।