ਲੋਕਾਂ ਦੇ ਟੈਕਸਾਂ ਵਾਲੇ ਪੈਸੇ ਦਾ ਦੁਰਪ੍ਰਯੋਗ ਕਰ ਰਹੀਆਂ ਹਨ ਸਰਕਾਰਾਂ

11/20/2017 3:48:42 AM

ਫਿਰੋਜ਼ਪੁਰ, (ਕੁਮਾਰ)- ਮਨਮੋਹਨ ਸਿੰਘ ਦੀ ਕੇਂਦਰ ਸਰਕਾਰ ਵੱਲੋਂ ਫਿਰੋਜ਼ਪੁਰ ਨੂੰ ਦਿੱਤਾ ਗਿਆ ਸਟੇਟ ਆਫ ਆਰਟ ਆਈ ਹਸਪਤਾਲ ਬਲਾਕ ਫਿਰੋਜ਼ਪੁਰ ਸਰਹੱਦੀ ਏਰੀਆ ਨੂੰ ਉਹ ਸਭ ਸਿਹਤ ਸਹੂਲਤਾਂ ਪ੍ਰਦਾਨ ਨਹੀਂ ਕਰ ਪਾ ਰਿਹਾ, ਜੋ ਸਿਹਤ ਸਹੂਲਤਾਂ ਇਸ ਹਸਪਤਾਲ ਵਿਚ ਲੋਕਾਂ ਨੂੰ ਮਿਲਣ ਦੀ ਉਮੀਦ ਸੀ। ਬਿਨਾਂ ਮਾਹਿਰ ਡਾਕਟਰਾਂ ਦੇ ਚੱਲ ਰਿਹਾ ਇਹ ਹਸਪਤਾਲ ਦੇਸ਼ ਦੇ ਲੋਕਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਵੱਲੋਂ ਦਿੱਤੇ ਜਾ ਰਹੇ ਟੈਕਸ ਦਾ ਸਾਡੀਆਂ ਸਰਕਾਰਾਂ ਕਿਸ ਤਰ੍ਹਾਂ ਇਸਤੇਮਾਲ ਕਰਦੀਆਂ ਹਨ ਕਿਉਂਕਿ ਜੇਕਰ ਮਾਹਿਰ ਡਾਕਟਰ ਹੀ ਨਹੀਂ ਤਾਂ ਹਸਪਤਾਲ ਦੀ ਆਧੁਨਿਕ ਬਿਲਡਿੰਗ ਅਤੇ ਉਸ ਵਿਚ ਰੱਖਿਆ ਆਧੁਨਿਕ ਕੀਮਤੀ ਸਾਮਾਨ ਦਾ ਕੀ ਫਾਇਦਾ? 
3 ਕਰੋੜ 48 ਲੱਖ ਨਾਲ ਬਣਿਆ ਸੀ ਇਹ ਬਲਾਕ 
ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਕਾਂਗਰਸ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਫਿਰੋਜ਼ਪੁਰ ਲਈ ਇਹ ਹਸਪਤਾਲ ਮਨਜ਼ੂਰ ਕਰਵਾਇਆ ਸੀ, ਜਿਸ 'ਤੇ ਕਰੀਬ 3 ਲੱਖ 48 ਹਜ਼ਾਰ ਰੁਪਏ ਖਰਚ ਹੋਏ ਸਨ ਅਤੇ 4 ਅਗਸਤ, 2014 ਨੂੰ ਪੰਜਾਬ ਦੇ ਸਿਹਤ ਮੰਤਰੀ ਨੇ ਇਸ ਬਲਾਕ ਦਾ ਉਦਘਾਟਨ ਕੀਤਾ ਸੀ ਪਰ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇਸ ਹਸਪਤਾਲ ਨੂੰ ਮਾਹਿਰ ਡਾਕਟਰ, ਲੋੜ ਅਨੁਸਾਰ ਸਟਾਫ ਤੇ ਨਰਸਾਂ ਨਹੀਂ ਦਿੱਤੀਆਂ, ਜਿਸ ਕਾਰਨ ਅੱਜ ਵੀ ਇਸ ਹਸਪਤਾਲ ਵਿਚ ਇਕ ਚੰਗੀ ਬਿਲਡਿੰਗ ਅਤੇ ਪਏ ਕੀਮਤੀ ਸਾਮਾਨ ਦੇ ਬਿਨਾਂ ਲੋਕਾਂ ਨੂੰ ਕੋਈ ਵਿਸ਼ੇਸ਼ ਲਾਭ ਨਹੀਂ ਮਿਲ ਰਿਹਾ ਕਿਉਂਕਿ ਓ. ਪੀ. ਡੀ. ਤੇ ਅੱਖਾਂ ਦੇ ਆਪ੍ਰੇਸ਼ਨਾਂ ਦਾ ਕੰਮ ਤਾਂ ਸਿਵਲ ਹਸਪਤਾਲ ਫਿਰੋਜ਼ਪੁਰ ਸ਼ਹਿਰ ਦੀ ਬਿਲਡਿੰਗ ਵਿਚ ਵੀ ਚੱਲ ਰਿਹਾ ਸੀ। 
ਹਸਪਤਾਲਾਂ 'ਚ ਬਣਾਈਆਂ ਗਈਆਂ ਫ੍ਰੀ ਡਾਇਗਨੋਸਟਿਕ ਤੇ ਡਿਸਪੈਂਸਰੀਆਂ ਵੀ ਬੇਕਾਰ ਸਾਬਤ ਹੋਈਆਂ 
ਪੰਜਾਬ ਦੀ ਸੱਤਾ ਵਿਚ ਰਹੀ ਬਾਦਲ ਸਰਕਾਰ ਨੇ 58-60 ਕਰੋੜ ਖਰਚ ਕਰ ਕੇ ਸਰਕਾਰੀ ਜ਼ਿਲਾ ਪੱਧਰ ਦੇ ਹਸਪਤਾਲ, ਸਬ-ਡਵੀਜ਼ਨ ਪੱਧਰ 'ਤੇ ਕਮਿਊਨਿਟੀ ਤੇ ਫ੍ਰੀ ਡਿਸਪੈਂਸਰੀਆਂ ਬਣਾਈਆਂ ਸਨ, ਜਿਨ੍ਹਾਂ ਨੂੰ ਅੱਜ ਤੱਕ ਸ਼ੁਰੂ ਨਹੀਂ ਕੀਤਾ ਗਿਆ ਅਤੇ ਸਾਮਾਨ ਵਾਪਸ ਮੰਗਵਾ ਲਿਆ ਗਿਆ।  
ਹਸਪਤਾਲ ਦਾ ਰਜਿਸਟ੍ਰੇਸ਼ਨ ਕਾਊਂਟਰ ਤੇ ਐਮਰਜੈਂਸੀ ਵਾਰਡ ਵੀ ਬੰਦ  
ਫਿਰੋਜ਼ਪੁਰ ਦੇ ਸਟੇਟ ਆਰਟ ਆਈ ਹਸਪਤਾਲ ਵਿਚ ਅਜੇ ਤੱਕ ਰਜਿਸਟ੍ਰੇਸ਼ਨ ਵਾਲਾ ਕਾਊਂਟਰ ਤੇ ਐਮਰਜੈਂਸੀ ਵਾਰਡ ਵੀ ਬੰਦ ਪਿਆ ਹੈ। 
ਰੇਟੀਨਾ, ਗਲਕੋਮਾ ਤੇ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਚਾਹੀਦੇ ਹਨ 
ਫਿਰੋਜ਼ਪੁਰ ਦੇ ਸਟੇਟ ਆਈ ਆਰਟ ਹਸਪਤਾਲ ਦਾ ਫਿਰੋਜ਼ਪੁਰ ਦੇ ਸਰਹੱਦੀ ਲੋਕਾਂ ਨੂੰ ਤਾਂ ਹੀ ਲਾਭ ਮਿਲ ਸਕਦਾ ਹੈ ਜੇਕਰ ਇਸ ਹਸਪਤਾਲ ਵਿਚ ਰੇਟੀਨਾ, ਗਲਕੋਮਾ ਅਤੇ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਹੋਣ, ਜੋ ਅੱਜ ਤੱਕ ਪੰਜਾਬ ਦੇ ਸਿਹਤ ਵਿਭਾਗ ਨੇ ਇਸ ਹਸਪਤਾਲ ਵਿਚ ਲਾਏ ਹੀ ਨਹੀਂ ਅਤੇ ਲੋਕਾਂ ਵੱਲੋਂ ਟੈਕਸ ਦੇ ਰੂਪ ਵਿਚ ਦਿੱਤੇ ਗਏ ਇਹ 3 ਕਰੋੜ 48 ਲੱਖ ਰੁਪਏ ਹਵਾ ਵਿਚ ਹੀ ਉਡਾ ਦਿੱਤੇ ਗਏ ਹਨ। 
ਕੀ ਕਹਿੰਦੇ ਨੇ ਐੱਨ. ਜੀ. ਓ. ਪੀ. ਸੀ. ਕੁਮਾਰ 
ਜ਼ਿਲਾ ਫਿਰੋਜ਼ਪੁਰ ਐੱਨ. ਜੀ. ਓ. ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਪੀ. ਸੀ. ਕੁਮਾਰ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਫਿਰੋਜ਼ਪੁਰ ਦੇ ਸਟੇਟ ਆਰਟ ਆਈ ਹਸਪਤਾਲ ਵਿਚ ਤੁਰੰਤ ਮਾਹਰ ਸਪੈਸ਼ਲਿਸਟ ਡਾਕਟਰ ਲਾਏ ਜਾਣ ਅਤੇ ਫਿਰੋਜ਼ਪੁਰ ਦੇ ਲੋਕਾਂ ਨਾਲ ਇਨਸਾਫ ਕੀਤਾ ਜਾਵੇ। 
ਮਹੀਨੇ 'ਚ ਕਰੀਬ 2500 ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂਦਾ ਹੈ 
ਸੰਪਰਕ ਕਰਨ 'ਤੇ ਡਾ. ਦਵਿੰਦਰ ਪਾਲ ਸਿੰਘ ਸਪੈਸ਼ਲਿਸਟ ਨੇ ਦੱਸਿਆ ਕਿ ਇਥੇ ਮਰੀਜ਼ ਬੁੱਢੇ ਹਨ ਅਤੇ ਕਰੀਬ 2 ਹਜ਼ਾਰ ਤੋਂ 2500 ਮਰੀਜ਼ਾਂ ਦਾ ਮਹੀਨੇ ਵਿਚ ਚੈੱਕਅਪ ਕੀਤਾ ਜਾਂਦਾ ਹੈ। ਡਾ. ਦਵਿੰਦਰਪਾਲ ਸਿੰਘ ਤੇ ਡਾ. ਸੰਦੀਪ ਬਜਾਜ ਨੇ ਦੱਸਿਆ ਕਿ ਇਸ ਬਲਾਕ ਦੇ ਆਪ੍ਰੇਸ਼ਨ ਥਿਏਟਰ ਵਿਚ ਅਸੀਂ ਅੱਖਾਂ ਦੇ ਸਾਧਾਰਨ ਆਪ੍ਰੇਸ਼ਨ ਕਰ ਰਹੇ ਹਾਂ।