ਲੋਕ ਮੋਰਚਾ ਪੰਜਾਬ ਨੇ ਰੈਲੀ ਕੱਢ ਕੇ ਕੀਤਾ ਰੋਸ ਮੁਜ਼ਾਹਰਾ

09/22/2017 5:38:40 AM

ਸਮਰਾਲਾ,   (ਗਰਗ, ਬੰਗੜ)-  ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਵਲੋਂ ਕਨਵੀਨਰ ਕੁਲਵੰਤ ਸਿੰਘ ਤਰਕ ਦੀ ਅਗਵਾਈ 'ਚ ਕਰਨਾਟਕਾ ਦੀ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕੀਤੇ ਕਤਲ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਨੂੰ ਲੈ ਕੇ ਰੋਸ ਰੈਲੀ ਕੱਢੀ ਗਈ ਤੇ ਮੁਜ਼ਾਹਰਾ ਕੀਤਾ ਗਿਆ। ਰੈਲੀ 'ਚ ਵੱਖ-ਵੱਖ ਜਨਤਕ, ਜਮਹੂਰੀ ਜਥੇਬੰਦੀਆਂ ਤੇ ਟ੍ਰੇਡ ਯੂਨੀਅਨ ਦੇ ਆਗੂਆਂ ਸ਼ਮੂਲੀਅਤ ਕੀਤੀ। 
ਰੈਲੀ ਨੂੰ ਕੁਲਵੰਤ ਸਿੰਘ ਤਰਕ ਕਨਵੀਨਰ, ਜਸਵੀਰ ਸਿੰਘ, ਤਰਸੇਮ ਲਾਲ, ਅਮਰੀਕ ਸਿੰਘ, ਭਰਪੂਰ ਸਿੰਘ, ਦਿਲਜੀਤ ਸਿੰਘ, ਬਲਵੀਰ ਸਿੰਘ, ਤਰਲੋਚਨ ਸਿੰਘ ਤੇ ਕੇਵਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੌਰੀ ਲੰਕੇਸ਼, ਜੋ ਕਿ ਕੰਨੜ ਭਾਸ਼ਾ 'ਚ ਛਪਦੀ 'ਲੰਕੇਸ਼ ਪੱਤ੍ਰਿਕਾ' ਦੀ ਸੀਨੀਅਰ ਪੱਤਰਕਾਰ ਸੀ ਤੇ ਹਮੇਸ਼ਾ ਫਿਰਕੂ ਮੂਲਵਾਦੀਆਂ ਖਿਲਾਫ਼, ਘੱਟ ਗਿਣਤੀ ਤੇ ਮਿਹਨਤਕਸ਼ ਲੋਕਾਂ ਦੇ ਹੱਕ 'ਚ ਲਿਖਦੀ ਰਹੀ, ਦਾ ਕਤਲ ਹੋਇਆ। ਆਗੂਆਂ ਇਹ ਵੀ ਕਿਹਾ ਕਿ ਹਰ ਕਿਸਮ ਦੇ ਫਿਰਕੂ ਤੇ ਹਕੂਮਤੀ ਜਬਰ ਖਿਲਾਫ਼ ਲੋਕਾਂ ਨੂੰ ਆਪਣੀ ਰਾਖੀ ਆਪ ਕਰਨ ਲਈ ਸਵੈ-ਰੱਖਿਆ ਕਮੇਟੀਆਂ ਬਣਾਉਣ ਦੀ ਲੋੜ ਹੈ ਤਾਂ ਜੋ ਲੋਕਾਂ ਦੀ ਫਿਰਕੂ, ਭਾਈਚਾਰਕ ਤੇ ਜਮਾਤੀ ਸਾਂਝ ਨੂੰ ਕਾਇਮ ਰੱਖਆ ਜਾ ਸਕੇ। 
ਆਗੂਆਂ ਕਿਹਾ ਕਿ ਲੋਕ-ਪੱਖੀ ਸਮਾਜ ਦੀ ਸਿਰਜਨਾ ਲਈ ਵੱਖ-ਵੱਖ ਵਰਗਾਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੂੰ ਤਕੜਾ ਕਰ ਕੇ ਸੰਘਰਸ਼ਾਂ ਦੇ ਮੈਦਾਨ 'ਚ ਨਿਤਰਨ ਦੀ ਲੋੜ ਹੈ। ਆਗੂਆਂ ਨੇ ਗੌਰੀ ਲੰਕੇਸ਼ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਸ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾਵਾਂ ਦਿਵਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਐੱਸ. ਡੀ. ਐੱਮ. ਸਮਰਾਲਾ ਨੂੰ ਮੰਗ ਪੱਤਰ ਦਿੱਤਾ।