ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਮਾਹੌਲ ਸ਼ਾਂਤੀਪੂਰਵਕ ਰਿਹਾ

08/29/2017 6:32:59 AM

ਫਗਵਾੜਾ, (ਹਰਜੋਤ)- ਬਾਬਾ ਰਾਮ ਰਹੀਮ ਦੀ ਸਜ਼ਾ ਨੂੰ ਲੈ ਕੇ ਅੱਜ ਪੁਲਸ ਵੱਲੋਂ ਸਵੇਰ ਤੋਂ ਹੀ ਚੌਕਸੀ ਵਰਤੀ ਗਈ ਅਤੇ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਕਰ ਕੇ ਗੱਡੀਆਂ ਦੀ ਚੈਕਿੰਗ ਕੀਤੀ। ਸ਼ਹਿਰ 'ਚ ਪੁਲਸ ਵੱਲੋਂ ਫਲਾਇੰਗ ਮਾਰਚ ਕੱਢਿਆ ਗਿਆ।  ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਦਾਅਵਾ ਕੀਤਾ ਕਿ ਸ਼ਹਿਰ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਮਾਹੌਲ ਸ਼ਾਂਤੀਪੂਰਵਕ ਹੈ। ਉਨ੍ਹਾਂ ਦੱਸਿਆ ਕਿ ਸ਼ਰਾਰਤੀ ਅਨਸਰਾਂ 'ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਸ਼ਨਾਖਤ ਵੀ ਕੀਤੀ ਜਾ ਰਹੀ ਹੈ। ਐੱਸ. ਡੀ. ਐੱਮ. ਜੋਤੀ ਬਾਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ 'ਚ ਪੂਰੀ ਅਮਨ-ਸ਼ਾਂਤੀ ਕਾਇਮ ਹੈ ਅਤੇ ਹਰ ਐੱਸ. ਐੱਚ. ਓ. ਨਾਲ ਡਿਊਟੀ ਮੈਜਿਸਟਰੇਟ ਤਾਇਨਾਤ ਹਨ। ਅੱਜ ਸ਼ਹਿਰ ਦੇ ਬਾਜ਼ਾਰ ਖਾਲੀ ਰਹੇ ਅਤੇ ਪਿੰਡਾਂ ਤੋਂ ਸ਼ਹਿਰ ਖਰੀਦੋ-ਫ਼ਰੋਖਤ ਕਰਨ ਵਾਲੇ ਲੋਕ ਨਹੀਂ ਆਏ, ਕਿਉਂਕਿ ਲੋਕਾਂ ਦੇ ਮਨਾਂ 'ਚ ਡਰ ਦਾ ਮਾਹੌਲ ਸੀ। ਅੱਜ ਸ਼ਾਮ ਸਜ਼ਾ ਸੁਣਾਏ ਜਾਣ ਤੋਂ ਬਾਅਦ ਕੋਈ ਅਣਸੁਖਾਵੀਂ ਘਟਨਾ ਨਾ ਵਾਪਰਨ ਕਾਰਨ ਲੋਕ ਸ਼ਹਿਰ 'ਚ ਨਿਕਲਣੇ ਸ਼ੁਰੂ ਹੋਏ।  ਇਸੇ ਤਰ੍ਹਾਂ ਸੁਰੱਖਿਆ ਕਰਮਚਾਰੀਆਂ, ਪੁਲਸ ਤੇ ਪ੍ਰਸ਼ਾਸਨ ਅਧਿਕਾਰੀਆਂ ਨੇ ਵੀ ਸੁੱਖ ਦਾ ਸਾਹ ਲਿਆ। ਟ੍ਰੈਫਿਕ ਇੰਚਾਰਜ ਸੁੱਚਾ ਸਿੰਘ ਅਨੁਸਾਰ ਬੱਸਾਂ ਦੀ ਆਵਾਜਾਈ 25 ਤੋਂ 30 ਫ਼ੀਸਦੀ ਤਕ ਚਾਲੂ ਰਹੀ ਅਤੇ ਰੇਲ ਗੱਡੀਆਂ ਦੇ ਚਾਲੂ ਹੋਣ ਨਾਲ ਸਟੇਸ਼ਨ 'ਤੇ ਵੀ ਰੌਣਕ ਪਾਈ ਗਈ।