PDS ਵੰਡ ''ਚ ਕਿਸੇ ਤਰ੍ਹਾਂ ਦੀ ਹੇਰਾ-ਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਆਸ਼ੂ

07/07/2020 9:31:48 PM

ਚੰਡੀਗੜ੍ਹ,(ਵਿੱਕੀ/ਹਿਤੇਸ਼) : ਖੁਰਾਕ ਸੁਰੱਖਿਆ ਸਬੰਧੀ ਮੁੱਖ ਮੰਤਰੀ ਪੰਜਾਬ ਵੱਲੋਂ ਗਠਿਤ ਮੰਤਰੀਆਂ ਦੇ ਸਲਾਹਕਾਰ ਗਰੁੱਪ ਦੀ ਮੀਟਿੰਗ ਅੱਜ ਇਥੇ ਅਨਾਜ ਭਵਨ ਸੈਕਟਰ 39 ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਕਰਦਿਆਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਲੋਕਾਂ ਵੱਲੋਂ ਗਲਤ ਜਾਣਕਾਰੀ ਦੇ ਕੇ ਪੀ.ਡੀ.ਐਸ. (ਜਨਤਕ ਵੰਡ ਪ੍ਰਣਾਲੀ) ਯੋਜਨਾ ਦਾ ਲਾਭ ਲਿਆ ਜਾ ਰਿਹਾ ਹੈ, ਜੋ ਕਿ ਸਰਕਾਰ ਦੇ ਨਿਯਮਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਪੀ.ਡੀ. ਐਸ. ਵੰਡ ਵਿੱਚ ਕਿਸੇ ਤਰ੍ਹਾਂ ਦੀ ਹੇਰਾ-ਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਪ੍ਰਣਾਲੀ ਵਿੱਚ ਗੜਬੜੀ ਕਰਨ ਵਾਲੇ ਡਿਪੂ ਹੋਲਡਰ ਅਤੇ ਇੰਸਪੈਕਟਰ ਬਖਸ਼ੇ ਨਹੀਂ ਜਾਣਗੇ। ਇਸ ਦੇ ਨਾਲ ਹੀ ਗਲਤ ਜਾਣਕਾਰੀ ਦੇ ਕੇ ਪੀ. ਡੀ. ਐਸ. ਯੋਜਨਾ ਦਾ ਲਾਭ ਲੈਣ ਵਾਲੇ ਲੋਕਾਂ ਖਿਲਾਫ਼ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਿਪ ਵਾਲਾ ਰਾਸ਼ਨ ਕਾਰਡ ਬਣਾਕੇ ਦੇਣ ਦੀ ਯੋਜਨਾ ਅਧੀਨ ਰਾਜ ਵਿੱਚ ਯੋਗ ਲਾਭਪਾਤਰੀਆਂ ਦੇ ਸਮਾਰਟ ਰਾਸ਼ਨ ਕਾਰਡ (ਚਿਪ ਵਾਲਾ) ਬਣਾਉਣ ਸਬੰਧੀ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਅਤੇ ਇਹ ਸਮਾਰਟ ਕਾਰਡ ਬਣਾਉਣ ਅਤੇ ਇਨ੍ਹਾਂ ਦੀ ਵੰਡ ਸਬੰਧੀ ਪ੍ਰਕਿਰਿਆ 30 ਸਤੰਬਰ, 2020 ਤੱਕ ਮੁਕੰਮਲ ਕਰ ਲਈ ਜਾਵੇਗੀ। ਇਸ ਮੌਕੇ ਸਲਾਹਕਾਰ ਗਰੁੱਪ ਵੱਲੋਂ ਸਮਾਰਟ ਰਾਸ਼ਨ ਕਾਰਡ ਦੇ ਡਿਜ਼ਾਈਨ ਨੂੰ ਪ੍ਰਵਾਨਗੀ ਵੀ ਦਿੱਤੀ ਗਈ। ਮੀਟਿੰਗ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ,  ਸੁੰਦਰ ਸ਼ਾਮ ਅਰੋੜਾ ਤੋਂ ਇਲਾਵਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਰਜਿੰਦਰ ਸਿੰਘ, ਮਦਨ ਲਾਲ ਜਲਾਲਪੁਰ, ਕੁਲਬੀਰ ਸਿੰਘ ਜ਼ੀਰਾ, ਕੁਲਜੀਤ ਸਿੰਘ ਨਾਗਰਾ, ਦਰਸ਼ਨ ਸਿੰਘ ਬਰਾੜ, ਬਰਿੰਦਰ ਸਿੰਘ ਬਾਹੜਾ, ਸੰਜੇ ਤਲਵਾੜ, ਕੁਲਦੀਪ ਸਿੰਘ ਵੈਦ, ਹਰਪ੍ਰਤਾਪ ਸਿੰਘ ਅਜਨਾਲਾ, ਪ੍ਰਮੁਖ ਸਕੱਤਰ ਕੇ ਸਿਵਾ ਪਰਸਾਦ ਖੁਰਾਕ ਤੇ ਸਿਵਲ ਸਪਲਾਈ, ਮਹਿਲਾ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਤੋਂ  ਦਿਪਾਰਵਾ ਲਾਕਰਾ, ਅਨਨਿੰਦਤਾ ਮਿੱਤਰਾ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਹਾਜ਼ਰ ਸਨ।  

ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ, ਵਿਭਾਗ ਅਨਨਿੰਦਤਾ ਮਿੱਤਰਾ ਨੇ ਇਸ ਮੌਕੇ ਸਲਾਹਕਾਰ ਗਰੁਪ ਨੂੰ ਲਾਕਡਾਊਨ ਦੌਰਾਨ ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ ਅਨਾਜ ਦੀ ਵੰਡ ਬਾਰੇ ਜਾਣੂੰ ਕਰਵਾਇਆ ਅਤੇ ਅਗਾਮੀ ਵੰਡ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ, ਜਿਸ 'ਤੇ ਸਲਾਹਕਾਰ ਗਰੁੱਪ ਨੇ ਵਿਭਾਗ ਵੱਲੋਂ ਕੀਤੀ ਪੁਖਤਾ ਵੰਡ ਦੀ ਭਰਪੂਰ ਸ਼ਲਾਘਾ ਕੀਤੀ। ਸਮਾਰਟ ਕਾਰਡ ਬਣਾਉਣ ਸਬੰਧੀ ਠੇਕਾ ਹਾਸਲ ਕਰਨ ਵਾਲੀ ਕੰਪਨੀ ਦੇ ਅਧਿਕਾਰੀਆਂ ਵੱਲੋਂ ਇਸ ਮੌਕੇ ਚਿਪ ਵਾਲੇ ਸਮਾਰਟ ਕਾਰਡ ਸਬੰਧੀ ਪੇਸ਼ਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੰਪਨੀ ਵੱਲੋਂ ਕਾਰਡਧਾਰਕਾਂ ਦੀ ਜਾਣਕਾਰੀ ਪੂਰੀ ਤਰ੍ਹਾਂ ਸੁਰੱਖਿਅਤ ਰੱਖੀ ਜਾਂਦੀ ਹੈ, ਜਿਸ ਨੂੰ ਕੋਈ ਚੋਰੀ ਨਹੀਂ ਕਰ ਸਕਦਾ। ਉਨ੍ਹਾਂ ਦੱਸਿਆ ਕਿ ਕੰਪਨੀ ਰੋਜ਼ਾਨਾ ਘੱਟੋ-ਘੱਟ 65 ਹਜ਼ਾਰ ਸਮਾਰਟ ਕਾਰਡ ਬਣਾ ਕੇ ਵਿਭਾਗ ਨੂੰ ਦੇਵੇਗੀ। ਕੰਪਨੀ ਦੇ ਨੁਮਾਇੰਦਿਆਂ ਨੇ ਇਸ ਮੌਕੇ ਸਲਾਹਕਾਰ ਗਰੁੱਪ ਦੀਆਂ ਸਮਾਰਟ ਕਾਰਡ ਸਬੰਧੀ ਸ਼ੰਕਾਵਾਂ ਨੂੰ ਵੀ ਦੂਰ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਕਾਰਡ ਬਣਾਉਣ ਸਬੰਧੀ ਡੇਟਾ ਪ੍ਰਾਪਤ ਹੋਣ 'ਤੇ ਤੀਸਰੇ ਦਿਨ ਸਬੰਧਤ ਇਲਾਕੇ ਤੇ ਦਫ਼ਤਰ ਵਿੱਚ ਕਾਰਡ ਬਣ ਕੇ ਪਹੁੰਚ ਜਾਣਗੇ।
 


Deepak Kumar

Content Editor

Related News