ਬਾਂਸਲ-ਧਵਨ ਦੇ ਸਿਆਸੀ ਕਰੀਅਰ ''ਤੇ ਲੱਗਿਆ ਵਿਰਾਮ!

05/24/2019 4:06:13 PM

ਚੰਡੀਗੜ੍ਹ (ਹਾਂਡਾ) : 17ਵੀਆਂ ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਚੰਡੀਗੜ੍ਹ ਦੇ ਦੋ ਸਾਬਕਾ ਕੇਂਦਰੀ ਮੰਤਰੀਆਂ ਦੇ ਸਿਆਸੀ ਕਰੀਅਰ 'ਤੇ ਵਿਰਾਮ ਲੱਗ ਗਿਆ ਹੈ। ਪਵਨ ਕੁਮਾਰ ਬਾਂਸਲ ਨੂੰ 46 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਮਿਲੀ ਹਾਰ ਤੋਂ ਬਾਅਦ ਕਾਂਗਰਸ ਨੂੰ ਚੰਡੀਗੜ੍ਹ 'ਚ ਆਪਣਾ ਲੋਕ ਆਧਾਰ ਬਣਾਈ ਰੱਖਣ ਲਈ ਬਦਲਾਂ 'ਤੇ ਵਿਚਾਰ ਕਰਨਾ ਹੋਵੇਗਾ ਜਦੋਂ ਕਿ ਹਰਮੋਹਨ ਧਵਨ ਦੇ ਸਿਆਸੀ ਸਫ਼ਰ ਦਾ ਇਨ੍ਹਾਂ ਚੋਣਾਂ ਨੇ ਅੰਤ ਕਰ ਦਿੱਤਾ ਹੈ ਜੋ ਕਿ ਸਿਰਫ ਸਾਢੇ 13 ਹਜ਼ਾਰ ਵੋਟਾਂ 'ਚ ਹੀ ਸਿਮਟ ਕੇ ਰਹਿ ਗਏ।

ਪਾਰਟੀਆਂ ਬਦਲਣ 'ਚ ਲੱਗੇ ਰਹੇ ਧਵਨ
ਚੰਡੀਗੜ੍ਹ 'ਚ ਕਦੇ ਧਵਨ ਦੇ ਸਾਥ ਤੋਂ ਬਿਨਾਂ ਕਿਸੇ ਦਾ ਸੰਸਦ ਤਕ ਪੁੱਜਣਾ ਅਸੰਭਵ ਮੰਨਿਆ ਜਾਂਦਾ ਸੀ। ਇਨ੍ਹਾਂ ਚੋਣਾਂ ਤੋਂ ਪਹਿਲਾਂ ਕਿਰਨ ਖੇਰ ਅਤੇ ਪਵਨ ਬਾਂਸਲ ਨੂੰ ਸੰਸਦ ਤੱਕ ਭੇਜਣ 'ਚ ਧਵਨ ਦਾ ਬਹੁਤ ਯੋਗਦਾਨ ਰਿਹਾ ਹੈ। ਇਕ ਸਮਾਂ ਸੀ ਜਦੋਂ ਧਵਨ ਕੋਲ ਖੁਦ ਦਾ ਨਿੱਜੀ ਵੋਟ ਬੈਂਕ ਸੀ। ਇਸ ਦਮ 'ਤੇ 1989 'ਚ ਉਹ ਜਨਤਾ ਦਲ ਦੀ ਟਿਕਟ 'ਤੇ ਚੋਣ ਜਿੱਤੇ ਅਤੇ ਕੇਂਦਰ 'ਚ ਚੰਦਰ ਸ਼ੇਖਰ ਸਰਕਾਰ 'ਚ ਮੰਤਰੀ ਬਣੇ। ਉਸ ਤੋਂ ਬਾਅਦ 2004 ਤਕ ਧਵਨ ਵੱਖ-ਵੱਖ ਪਾਰਟੀਆਂ ਤੋਂ ਚੋਣ ਮੈਦਾਨ 'ਚ ਉੱਤਰੇ ਪਰ ਸੰਸਦ ਤਕ ਨਹੀਂ ਪਹੁੰਚ ਸਕੇ। 2009 'ਚ ਧਵਨ ਨੇ ਕਾਂਗਰਸ ਦਾ ਪੱਲਾ ਫੜਿਆ ਅਤੇ ਬਾਂਸਲ ਨੂੰ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਈ। 2014 'ਚ ਧਵਨ ਨੂੰ ਭਾਜਪਾ ਨਾਲ ਮਿਲਾਇਆ ਅਤੇ ਉਨ੍ਹਾਂ ਦੀ ਮਦਦ ਨਾਲ ਕਿਰਨ ਖੇਰ ਸੰਸਦ ਮੈਂਬਰ ਬਣੀ ਪਰ ਧਵਨ ਨੂੰ ਭਾਜਪਾ ਵੀ ਰਾਸ ਨਹੀਂ ਆਈ ਅਤੇ ਇਸ ਵਾਰ ਉਹ ਆਮ ਆਦਮੀ ਪਾਰਟੀ 'ਚ ਚਲੇ ਗਏ ਜੋ ਕਿ ਉਨ੍ਹਾਂ ਦੇ ਸਿਆਸੀ ਕਰੀਅਰ ਦਾ ਆਖਰੀ ਦਾਅ ਮੰਨਿਆ ਜਾ ਰਿਹਾ ਹੈ। ਕਾਲੋਨੀਆਂ ਅਤੇ ਪਿੰਡਾਂ 'ਚ ਹਰਮੋਹਨ ਧਵਨ ਦਾ ਸਿੱਕਾ ਚੱਲਦਾ ਸੀ ਪਰ ਚੰਡੀਗੜ੍ਹ ਤੋਂ ਕਾਲੋਨੀਆਂ ਦੀ ਸਫ਼ਾਈ ਹੁੰਦੀ ਗਈ ਅਤੇ ਹੌਲੀ-ਹੌਲੀ ਧਵਨ ਨਾਲ ਜੁੜੇ ਆਗੂਆਂ ਨੇ ਵੀ ਕਾਂਗਰਸ ਜਾਂ ਭਾਜਪਾ ਦਾ ਪੱਲਾ ਫੜਿਆ। 

ਹਾਸ਼ੀਏ 'ਤੇ ਚਲੇ ਗਏ ਬਾਂਸਲ
1991, 1999, 2004 ਅਤੇ 2009 'ਚ ਚੰਡੀਗੜ੍ਹ ਤੋਂ ਪਵਨ ਕੁਮਾਰ ਬਾਂਸਲ ਨੇ ਲੋਕ ਸਭਾ ਚੋਣਾਂ ਜਿੱਤੀਆਂ ਅਤੇ ਕੇਂਦਰ ਤਕ ਪੁੱਜੇ। ਇਸ ਦੌਰਾਨ ਹੋਰ ਪਾਰਟੀਆਂ ਨੂੰ ਉਨ੍ਹਾਂ ਦੇ ਮੁਕਾਬਲੇ ਕੋਈ ਉਮੀਦਵਾਰ ਮਿਲਿਆ ਹੀ ਨਹੀਂ ਪਰ ਅੱਜ ਹਾਲਾਤ ਬਦਲ ਗਏ ਅਤੇ ਬਾਂਸਲ ਦੇ ਨਾਲ-ਨਾਲ ਕਾਂਗਰਸ ਵੀ ਚੰਡੀਗੜ੍ਹ 'ਚ ਹਾਸ਼ੀਏ 'ਤੇ ਚਲੀ ਗਈ। ਬਾਂਸਲ ਨੇ ਇਸ ਵਾਰ ਇਕ ਸਾਲ ਪਹਿਲਾਂ ਹੀ ਲੋਕ ਸਭਾ ਚੋਣਾਂ ਦੀਆਂ ਤਿਆਰੀ ਸ਼ੁਰੂ ਕਰ ਦਿੱਤੀ ਸਨ। ਹਰ ਇਕ ਪਿੰਡ-ਮੁਹੱਲੇ ਅਤੇ ਮਾਰਕੀਟਾਂ 'ਚ ਜਨਸਭਾਵਾਂ ਕੀਤੀਆਂ ਪਰ ਵੋਟਰਾਂ ਨੂੰ ਸਥਿਰ ਨਹੀਂ ਰੱਖ ਸਕੇ। ਦੂਜੇ ਪਾਸੇ ਕਿਰਨ ਖੇਰ ਦੀ ਟਿਕਟ ਸਬੰਧੀ ਆਖਿਰ ਅੰਤ ਤਕ ਦੁਚਿੱਤੀ ਬਣੀ ਰਹੀ, ਜਿਨ੍ਹਾਂ ਨੂੰ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ ਤੋਂ ਦੋ ਦਿਨ ਪਹਿਲਾਂ ਟਿਕਟ ਮਿਲੀ ਅਤੇ ਸਿਰਫ 20 ਦਿਨ ਦੇ ਪ੍ਰਚਾਰ ਨੇ ਉਨ੍ਹਾਂ ਨੂੰ ਸੰਸਦ ਤਕ ਪਹੁੰਚਾ ਦਿੱਤਾ। ਬੇਸ਼ੱਕ ਭਾਜਪਾ ਆਗੂ ਨੂੰ ਮੋਦੀ ਦੇ ਨਾਂ ਦੀ ਵੋਟ ਪਈ ਹੋਵੇ ਪਰ ਬਾਂਸਲ ਦੇ ਸਿਆਸੀ ਕਰੀਅਰ ਨੂੰ ਬਹੁਤ ਝਟਕਾ ਲੱਗਾ ਹੈ, ਜਿਨ੍ਹਾਂ ਨੂੰ ਇਸ ਵਾਰ ਜਿੱਤ ਦਾ ਵਿਸ਼ਵਾਸ ਸੀ।

ਕਾਂਗਰਸ ਨੂੰ ਬਦਲ ਨਹੀਂ ਲੱਭਿਆ
ਪਵਨ ਬਾਂਸਲ ਦੇ ਰਹਿੰਦਿਆਂ ਕਾਂਗਰਸ ਨੇ ਚੰਡੀਗੜ੍ਹ ਤੋਂ ਉਨ੍ਹਾਂ ਦਾ ਬਦਲ ਲੱਭਾ ਹੀ ਨਹੀਂ ਅਤੇ ਜੋ ਬਦਲ ਦਿਖਿਆ ਵੀ ਉਸ ਨੂੰ ਚੰਡੀਗੜ੍ਹ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਮੁਨੀਸ਼ ਤਿਵਾੜੀ ਇਕ ਬਦਲ ਸੀ, ਜਿਨ੍ਹਾਂ ਨੂੰ ਪਹਿਲਾਂ ਲੁਧਿਆਣਾ ਅਤੇ ਇਸ ਵਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਗਈ ਜੋ ਕਿ ਜਿੱਤ ਵੀ ਗਏ। ਵਿਨੋਦ ਸ਼ਰਮਾ ਦੂਜਾ ਬਦਲ ਸੀ ਪਰ ਉਨ੍ਹਾਂ ਨੂੰ ਕਦੇ ਪੰਜਾਬ ਤਾਂ ਕਦੇ ਹਰਿਆਣਾ ਭੇਜ ਦਿੱਤਾ ਗਿਆ। ਹੁਣ ਕੁਝ ਸਾਲਾਂ ਤੋਂ ਉਹ ਸਿਆਸਤ ਤੋਂ ਦੂਰ ਹਨ, ਜਿਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਖੁਦ ਦੀ ਪਾਰਟੀ ਬਣ ਕੇ ਹਰਿਆਣਾ ਤੋਂ ਚੋਣ ਲੜੀ ਸੀ, ਜਿਸ ਤੋਂ ਬਾਅਦ ਉਹ ਵੀ ਕਾਂਗਰਸ ਤੋਂ ਦੂਰ ਚਲੇ ਗਏ। ਨਵਜੋਤ ਕੌਰ ਸਿੱਧੂ ਵੀ ਇਸ ਵਾਰ ਚੰਡੀਗੜ੍ਹ ਤੋਂ ਕਾਂਗਰਸ ਦਾ ਬਦਲ ਬਣ ਕੇ ਸਾਹਮਣੇ ਆਈ ਸੀ ਪਰ ਸਾਬਕਾ ਕੇਂਦਰੀ ਮੰਤਰੀ ਦੇ ਸਾਹਮਣੇ ਉਨ੍ਹਾਂ ਦਾ ਵਸ ਨਹੀਂ ਚੱਲਿਆ। ਵਰਤਮਾਨ 'ਚ ਚੰਡੀਗੜ੍ਹ 'ਚ ਅਜਿਹਾ ਕੋਈ ਚਿਹਰਾ ਨਹੀਂ ਦਿਖ ਰਿਹਾ, ਜੋ ਬਾਂਸਲ ਦਾ ਬਦਲ ਬਣ ਸਕੇ।

Anuradha

This news is Content Editor Anuradha