ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਕੀਤੀ ਅਪੀਲ

05/10/2020 9:31:27 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਬਲਦੇਵ ਸਿੰਘ ਢਿੱਲੋਂ ਨੇ ਅੱਜ ਪੰਜਾਬ ਦੇ ਕਿਸਾਨਾਂ ਨੂੰ ਇਕ ਭਾਵੁਕ ਅਪੀਲ ਕੀਤੀ। ਉਨ੍ਹਾਂ ਆਪਣੀ ਅਪੀਲ ਵਿਚ ਕਿਹਾ ਕਿ ਰੀਮੋਟ ਸੈਂਸਿੰਗ ਵਿਭਾਗ ਵਲੋਂ ਆਈਆਂ ਪਿਛਲੇ ਹਫਤੇ ਵਿਚ ਕਣਕ ਦੇ ਨਾੜ ਨੂੰ ਲਗਾਤਾਰ ਅੱਗ ਲਾਉਣ ਦੀਆਂ ਖਬਰਾਂ ਨੇ ਉਨ੍ਹਾਂ ਨੂੰ ਉਦਾਸ ਕੀਤਾ ਹੈ। ਕਿਸਾਨਾਂ ਕੋਲ ਝੋਨਾ ਲਾਉਣ ਜਾਂ ਮੱਕੀ ਦੀ ਬਿਜਾਈ ਵਿਚ ਅਜੇ ਸਮਾਂ ਹੈ ਇਸ ਲਈ ਅੱਗ ਲਾਉਣ ਜਾਂ ਕਾਹਲ ਕਰਨ ਦੀ ਕੋਈ ਲੋੜ ਮਹਿਸੂਸ ਨਹੀਂ ਹੁੰਦੀ।

ਡਾ.ਢਿੱਲੋਂ ਨੇ ਅੱਗੇ ਕਿਹਾ ਕਿ ਪੂਰਾ ਸੰਸਾਰ ਇਸ ਸਮੇਂ ਕੋਰੋਨਾ ਦੀ ਭਿਆਨਕ ਮਹਾਮਾਰੀ ਸਾਮ੍ਹਣੇ ਹੈ। ਡਾਕਟਰਾਂ ਅਤੇ ਮਾਹਿਰਾਂ ਨੇ ਦੱਸਿਆ ਹੈ ਕਿ ਜੋ ਲੋਕ ਇਸ ਬੀਮਾਰੀ ਤੋਂ ਪੀੜਤ ਹਨ ਉਨ੍ਹਾਂ ਨੂੰ ਵਧੀਆ ਸਿਹਤ ਸਹੂਲਤਾਂ ਦੇ ਨਾਲ-ਨਾਲ ਸਾਫ ਸੁਥਰੀ ਆਬੋ-ਹਵਾ ਦੀ ਵੀ ਲੋੜ ਹੈ। ਨਾੜ ਨੂੰ ਲੱਗਣ ਵਾਲੀਆਂ ਅੱਗਾਂ ਦਾ ਧੂੰਆਂ ਵੀ ਸਾਡੇ ਫੇਫੜਿਆਂ ਨੇ ਹੀ ਫੱਕਣਾ ਹੈ। ਕੋਵਿਡ ਅਜਿਹੀ ਭਿਆਨਕ ਲਾਗ ਦੀ ਬੀਮਾਰੀ ਹੈ ਜੋ ਕਮਜ਼ੋਰ ਫੇਫੜਿਆਂ ਤੇ ਵੱਧ ਮਾਰ ਕਰਦੀ ਹੈ। ਉਨ੍ਹਾਂ ਕਿਹਾ ਸੋਚਣ ਦੀ ਲੋੜ ਹੈ ਕਿ ਕੀ ਅਸੀਂ ਨਾੜ ਨੂੰ ਅੱਗ ਲਾ ਕੇ ਘੋਰ ਪਾਪ ਨਹੀਂ ਕਰ ਰਹੇ ? ਇਹ ਧੂੰਆਂ ਸਾਹ ਦੀਆਂ ਬੀਮਾਰੀਆਂ ਦਾ ਕਾਰਨ ਬਣਦਾ ਹੈ । ਕੀ ਬੀਮਾਰ ਫੇਫੜੇ ਇਸ ਜਾਨਲੇਵਾ ਬੀਮਾਰੀ ਦਾ ਮੁਕਾਬਲਾ ਕਰ ਸਕਣਗੇ?

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੇ ਨਾੜ ਨੂੰ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਹੀ ਸਾਂਭਣ ਲਈ ਹੰਭਲਾ ਮਾਰਨ। ਡਾ.ਢਿੱਲੋਂ ਨੇ ਉਨਾਂ ਕਿਸਾਨਾਂ ਅਤੇ ਕਿਸਾਨ ਯੂਨੀਅਨਾਂ ਦਾ ਧੰਨਵਾਦ ਵੀ ਕੀਤਾ ਜਿਨਾਂ ਪਹਿਲਾਂ ਹੀ ਨਾੜ ਨੂੰ ਨਾ ਸਾੜਨ ਦਾ ਪ੍ਰਣ ਕੀਤਾ ਹੈ। ਡਾ.ਢਿੱਲੋਂ ਨੇ ਆਸ ਪ੍ਰਗਟਾਈ ਕਿ ਇਹ ਕਿਸਾਨ ਬਾਕੀ ਕਿਸਾਨਾਂ ਲਈ ਵੀ ਪਰੇਰਨਾਸਰੋਤ ਬਣਨਗੇ ਅਤੇ ਕਣਕ ਦੇ ਨਾੜ ਸਹੀ ਸੰਭਾਲ ਦੇ ਰਸਤੇ ਤੁਰਨਗੇ।
     
ਡਾ.ਢਿੱਲੋਂ ਨੇ ਸੋਸ਼ਲ ਮੀਡੀਆ ਤੇ ਪਾਈ ਅਪੀਲ ਵਿਚ ਕਿਹਾ, “ਮੈਂ ਦੁਖੀ ਮਨ ਨਾਲ ਇਹ ਅਰਜ਼ੋਈ ਕਰਦਾ ਹਾਂ ਕਿ ਹਾਲੇ ਵੀ ਸੰਭਲ ਜਾਈਏ ! ਮਨੁੱਖੀ ਜੀਵਨ ਨੂੰ ਖਤਰੇ ਵਿਚ ਨਾ ਪਾਈਏ। ਅੱਗ ਲਾਉਣ ਦਾ ਰੁਝਾਨ ਬੰਦ ਕਰੀਏ। ਰਹਿੰਦ-ਖੂੰਹਦ ਨੂੰ ਸਹੀ ਤਰੀਕੇ ਨਾਲ ਸੰਭਾਲੀਏ। ਪੰਜਾਬ ਦੀ ਧਰਤੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਹਾਵਾਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਨਾਲ ਜਿਹੜਾ ਸੰਦੇਸ਼ ਦਿੱਤਾ ਹੈ ਉਸ ਨੂੰ ਮੁੜ ਧਿਆਈਏ ਅਤੇ ਆਪਣੇ ਹਿੱਸੇ ਦਾ ਨੈਤਿਕ ਫਰਜ਼ ਨਿਭਾਈਏ । “ ਪਿਛਲੇ ਦੋ ਦਿਨਾਂ ਵਿਚ ਕਣਕ ਦੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਬੜੀ ਤੇਜ਼ੀ ਨਾਲ ਵਧੀਆਂ ਅਤੇ ਪਿਛਲੇ ਸਾਲ ਵਿੱਚ 1019 ਦੇ ਮੁਕਾਬਲੇ ਵਧ ਕੇ ਇਸ ਸਾਲ 1615 ਹੋ ਗਈਆਂ ਹਨ । ਬਠਿੰਡਾ ਅਤੇ ਸੰਗਰੂਰ ਜ਼ਿਲ੍ਹੇ ਵਿਚ ਕਣਕ ਦੇ ਨਾੜ ਨੂੰ ਅੱਗ ਲਾਉਣ ਦੀਆਂ ਸਭ ਤੋਂ ਵੱਧ ਘਟਨਾਵਾਂ ਸਾਹਮਣੇ ਆਈਆਂ ਹਨ ।    

rajwinder kaur

This news is Content Editor rajwinder kaur