ਵਿਧਾਇਕ ਬੈਂਸ ਦੀ ਜ਼ਿਆਦਤੀ ਖਿਲਾਫ਼ ਪਟਵਾਰੀਆਂ ਲਿਆ ਸਟੈਂਡ

11/25/2017 12:52:38 AM

ਹੁਸ਼ਿਆਰਪੁਰ, (ਘੁੰਮਣ)- ਆਤਮ ਨਗਰ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਲੁਧਿਆਣਾ ਦੇ ਇਕ ਪਟਵਾਰਖਾਨੇ 'ਚ ਕੀਤੀ ਗਈ ਹੁੱਲੜਬਾਜ਼ੀ ਤੋਂ ਬਾਅਦ ਸੂਬੇ ਭਰ ਦੇ ਪਟਵਾਰੀਆਂ 'ਚ ਪਾਇਆ ਜਾ ਰਿਹਾ ਰੋਸ ਘਟਣ ਦਾ ਨਾਂ ਨਹੀਂ ਲੈ ਰਿਹਾ। 
'ਦਿ ਰੈਵੇਨਿਊ ਪਟਵਾਰ ਯੂਨੀਅਨ' ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਡਿਊਟੀ ਤੋਂ ਇਲਾਵਾ ਵਾਧੂ ਪਟਵਾਰ ਸਰਕਲਾਂ ਦੇ ਕੰਮ ਨਹੀਂ ਕਰਨਗੇ। ਅੱਜ ਇਥੇ ਯੂਨੀਅਨ ਦੀ ਜ਼ਿਲਾ ਇਕਾਈ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ 27 ਨਵੰਬਰ ਨੂੰ ਵਾਧੂ ਪਟਵਾਰ ਸਰਕਲਾਂ ਦਾ ਰਿਕਾਰਡ ਕਾਨੂੰਗੋ ਕੋਲ ਜਮ੍ਹਾ ਕਰਵਾ ਦਿੱਤਾ ਜਾਵੇਗਾ।
ਕਾਰਵਾਈ ਦੀ ਮੰਗ ਨੇ ਫੜਿਆ ਜ਼ੋਰ : ਪ੍ਰਧਾਨ ਸੁਖਵਿੰਦਰ ਸਿੰਘ ਦੇ ਨਾਲ ਯੂਨੀਅਨ ਦੇ ਜਨਰਲ ਸਕੱਤਰ ਤਰਸੇਮ ਲਾਲ, ਕੈਸ਼ੀਅਰ ਜਗੀਰ ਸਿੰਘ, ਸੂਬਾ ਉਪ ਪ੍ਰਧਾਨ ਵਰਿੰਦਰ ਕੁਮਾਰ, ਦਲਜੀਤ ਸਿੰਘ, ਗੁਰਮੇਲ ਸਿੰਘ, ਸੁਰਿੰਦਰ ਸਿੰਘ ਅਤੇ ਜੋਗਿੰਦਰ ਪਾਲ ਨੇ ਕਿਹਾ ਕਿ ਜਦੋਂ ਤੱਕ ਉਕਤ ਵਿਧਾਇਕ ਖਿਲਾਫ਼ ਸਰਕਾਰ ਕਾਰਵਾਈ ਨਹੀਂ ਕਰਦੀ, ਉਹ ਚੈਨ ਨਾਲ ਨਹੀਂ ਬੈਠਣਗੇ। ਯੂਨੀਅਨ ਦੇ ਆਗੂਆਂ ਨੇ ਵਿਧਾਇਕ ਬੈਂਸ ਵੱਲੋਂ ਪਟਵਾਰੀਆਂ ਖਿਲਾਫ਼ ਅਪਣਾਏ ਨਕਾਰਾਤਮਕ ਰਵੱਈਏ ਨੂੰ ਵੱਡੀ ਜ਼ਿਆਦਤੀ ਕਰਾਰ ਦਿੱਤਾ।
437 ਸਰਕਲਾਂ ਲਈ 145 ਪਟਵਾਰੀ : ਜ਼ਿਲਾ ਹੁਸ਼ਿਆਰਪੁਰ ਦੇ 437 ਪਟਵਾਰ ਸਰਕਲਾਂ ਲਈ ਸਿਰਫ 145 ਪਟਵਾਰੀ ਤਾਇਨਾਤ ਹਨ। ਅਜਿਹੇ ਹਾਲਾਤ 'ਚ ਪਟਵਾਰੀਆਂ 'ਤੇ ਕੰਮ ਦਾ ਵਾਧੂ ਬੋਝ ਚੱਲ ਰਿਹਾ ਹੈ। ਆਗੂਆਂ ਨੇ ਕਿਹਾ ਕਿ ਉਹ ਆਪਣੇ ਸਰਕਲਾਂ ਤੋਂ ਇਲਾਵਾ ਵਾਧੂ ਸਰਕਲਾਂ 'ਚ ਹੁਣ ਕੰਮ ਨਹੀਂ ਕਰਨਗੇ, ਕਿਉਂਕਿ ਸਰਕਾਰ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ।