ਟ੍ਰੇਨਿੰਗ ਕਰ ਰਹੇ ਪਟਵਾਰੀਆਂ ਨੂੰ ਤਨਖਾਹ ਰਿਲੀਜ਼ ਕਰਨ ਦੇ ਹੁਕਮ

10/11/2017 11:39:45 AM

ਲੁਧਿਆਣਾ (ਪੰਕਜ) : ਪੰਜਾਬ ਸਰਕਾਰ ਨੇ ਟ੍ਰੇਨਿੰਗ 'ਤੇ ਚੱਲ ਰਹੇ ਪਟਵਾਰੀਆਂ ਦੀ ਰੁਕੀ ਤਨਖਾਹ ਰਿਲੀਜ਼ ਕਰਨ ਦੇ ਆਦੇਸ਼ ਜਾਰੀ ਕੀਤੇ ਹਨ, ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਆਦੇਸ਼ਾਂ 'ਚ ਫਾਈਨਾਂਸ ਕਮਿਸ਼ਨਰ ਨੇ ਪਿਛਲੇ 5 ਮਹੀਨਿਆਂ ਤੋਂ ਬਿਨਾਂ ਵੇਤਨ ਕੰਮ ਕਰ ਰਹੇ ਇਨ੍ਹਾਂ ਪਟਵਾਰੀਆਂ ਨੂੰ ਤੁਰੰਤ ਬਣਦੇ ਡਿਊਜ਼ ਰਿਲੀਜ਼ ਕਰਨ ਦੇ ਲਈ ਵੀ ਕਿਹਾ ਹੈ।  ਪੰਜਾਬ ਦੇ ਰੈਵੇਨਿਊ ਵਿਭਾਗ 'ਚ ਪਟਵਾਰੀਆਂ ਦੀ ਘਾਟ ਕਾਰਨ ਰਾਜ ਸਰਕਾਰ ਵੱਲੋਂ ਦਸੰਬਰ ਮਹੀਨੇ 'ਚ 1227 ਪਟਵਾਰੀਆਂ ਦੀ ਭਰਤੀ ਕੀਤੀ ਗਈ ਸੀ, ਜੋ ਕਿ ਟ੍ਰੇਨਿੰਗ 'ਤੇ ਹਨ। ਮਈ ਮਹੀਨੇ ਤੋਂ ਡਿਊਜ਼ ਜਾਰੀ ਨਾ ਹੋਣ ਕਾਰਨ ਪਟਵਾਰੀਆਂ ਨੂੰ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਉਪਰੋਕਤ ਆਦੇਸ਼ ਜਾਰੀ ਕੀਤੇ ਗਏ ਹਨ। ਜ਼ਿਲੇ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਤਹਿਤ ਤਾਇਨਾਤ ਪਟਵਾਰੀਆਂ ਨੂੰ ਉਨ੍ਹਾਂ ਦੇ ਡਿਊਜ਼ ਰਿਲੀਜ਼ ਕਰਨ ਲਈ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਦੇ ਬਜਟ 'ਚੋਂ ਰਾਸ਼ੀ ਕੱਢਣ ਸਬੰਧੀ ਸਰਕਾਰ ਤੋਂ ਮਨਜ਼ੂਰੀ ਮੰਗੀ ਗਈ ਹੈ। 5 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਇਨ੍ਹਾਂ ਪਟਵਾਰੀਆਂ ਨੂੰ 6 ਮਹੀਨਿਆਂ ਤੋਂ ਰੁਕੇ ਡਿਊਜ਼ ਮੁਤਾਬਕ ਲਗਭਗ 30 ਹਜ਼ਾਰ ਦੀ ਰਕਮ ਮਿਲਣੀ ਤੈਅ ਹੈ, ਜਿਸ ਦੀ ਖ਼ਬਰ ਨਾਲ ਇਨ੍ਹਾਂ ਕਰਮਚਾਰੀਆਂ ਦੇ ਚਿਹਰਿਆਂ 'ਤੇ ਰੌਣਕ ਆ ਗਈ ਹੈ।