ਹਸਪਤਾਲ ''ਚੋਂ ਮਰੀਜ਼ ਹੋਇਆ ਲਾਪਤਾ

04/26/2018 6:31:18 PM

ਜਲੰਧਰ (ਰਮਨ, ਮਾਹੀ)— ਮਕਸੂਦਾਂ ਦੇ ਸੈਕਰਡ ਹਾਰਟ ਹਸਪਤਾਲ 'ਚ ਬੁੱਧਵਾਰ ਇਕ ਮਰੀਜ਼ ਦੇ ਲਾਪਤਾ ਹੋਣ ਨਾਲ ਪਰਿਵਾਰ ਵਾਲਿਆਂ ਵੱਲੋਂ ਹੰਗਾਮਾ ਕੀਤਾ ਗਿਆ। ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਦੀ ਪਤਨੀ ਦਲਜੀਤ ਕੌਰ ਨੇ ਦੋਸ਼ ਲਗਾਏ ਹਨ ਕਿ ਬੁੱਧਵਾਰ ਸਵੇਰੇ 5 ਵਜੇ ਉਨ੍ਹਾਂ ਦੇ ਪਿਤਾ ਬਿਨਾਂ ਡਿਸਚਾਰਜ ਹੋਏ ਹਸਪਤਾਲ ਦੇ ਸਕਿਓਰਿਟੀ ਗਾਰਡ ਸਾਹਮਣੇ ਹਸਪਤਾਲ ਤੋਂ ਕਿਤੇ ਚਲੇ ਗਏ। ਉਨ੍ਹਾਂ ਨੂੰ 22 ਅਪ੍ਰੈਲ ਨੂੰ ਹਸਪਤਾਲ ਵਿਖੇ ਖੂਨ 'ਚ ਇਨਫੈਕਸ਼ਨ ਹੋਣ ਕਾਰਨ ਦਾਖਲ ਕਰਵਾਇਆ ਗਿਆ ਸੀ। ਉਹ ਬੀਮਾਰੀ ਕਾਰਨ ਦਿਮਾਗੀ ਤੌਰ 'ਤੇ ਅਪਸੈੱਟ ਸਨ। ਇਸ ਸੰਬੰਧੀ ਉਨ੍ਹਾਂ ਨੇ ਡਿਵੀਜ਼ਨ ਨੰਬਰ 1 'ਚ ਸ਼ਿਕਾਇਤ ਕੀਤੀ ਹੈ, ਜਿਸ ਤਹਿਤ ਥਾਣਾ ਮੁਖੀ ਅਸ਼ਵਨੀ ਗੋਤਿਆਲ ਹਸਪਤਾਲ 'ਚ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਹਸਪਤਾਲ ਦੇ ਸਟਾਫ 'ਚੋਂ ਸਿਸਟਰ ਗ੍ਰੇਸ ਨੇ ਕਿਹਾ ਕਿ ਸਵੇਰ ਤੱਕ ਮਰੀਜ਼ ਦੀ ਪਤਨੀ ਉਨ੍ਹਾਂ ਨਾਲ ਸੀ, ਇਸ ਦੇ ਬਾਵਜੂਦ ਉਹ ਹਸਪਤਾਲ 'ਚੋਂ ਚਲੇ ਗਏ ਅਤੇ ਪਤਨੀ ਸੁੱਤੀ ਰਹੀ। ਪਰਿਵਾਰ ਵਾਲਿਆਂ ਦੀ ਵੀ ਕੋਈ ਜ਼ਿੰਮੇਵਾਰੀ ਹੈ। ਸਵੇਰੇ ਤੜਕੇ ਸਟਾਫ ਵੀ ਘੱਟ ਹੁੰਦਾ ਹੈ। ਹਸਪਤਾਲ ਦਾ ਸਟਾਫ ਮਰੀਜ਼ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਥਾਣਾ ਮੁਖੀ ਅਸ਼ਵਨੀ ਨੇ ਕਿਹਾ ਕਿ ਹਸਪਤਾਲ ਖਿਲਾਫ ਕੋਈ ਸ਼ਿਕਾਇਤ ਨਹੀਂ ਆਈ ਪਰ ਗੁੰਮਸ਼ੁਦਾ ਦੀ ਤਲਾਸ਼ ਜਾਰੀ ਹੈ।