ਸਰਕਾਰੀ ਹਸਪਤਾਲਾਂ ''ਚ ਡਾਕਟਰਾਂ ਦੀ ਘਾਟ ਕਾਰਨ ਇਕੋ ਥਾਂ ਨਹੀਂ ਬਣ ਰਹੇ ਅੰਗਹੀਣਾਂ ਦੇ ਸਰਟੀਫਿਕੇਟ

12/10/2017 8:20:04 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ  (ਸੁਖਪਾਲ) - ਸਮੇਂ ਦੀਆਂ ਸਰਕਾਰਾਂ ਇਹ ਕਹਿੰਦੀਆਂ ਨਹੀਂ ਥੱਕਦੀਆਂ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਆਧੁਨਿਕ ਸਹੂਲਤਾਂ ਵਾਲੇ ਬਣਾ ਦਿੱਤਾ ਗਿਆ ਹੈ, ਜਦਕਿ ਅਸਲੀਅਤ ਇਹ ਹੈ ਕਿ ਸਰਕਾਰੀ ਹਸਪਤਾਲਾਂ 'ਚ ਅਜੇ ਅਨੇਕਾਂ ਘਾਟਾਂ ਰੜਕ ਰਹੀਆਂ ਹਨ। ਇਸ ਦੀ ਮਿਸਾਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਤੋਂ ਮਿਲਦੀ ਹੈ, ਜਿੱਥੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਕਾਰਨ ਅੰਗਹੀਣ ਵਿਅਕਤੀਆਂ ਦੇ ਸਰਟੀਫਿਕੇਟ ਇਕੋ ਥਾਂ ਨਹੀਂ ਬਣ ਰਹੇ, ਜਿਸ ਕਰ ਕੇ ਉਨ੍ਹਾਂ ਨੂੰ ਥਾਂ-ਥਾਂ ਭਟਕਣਾ ਪੈਂਦਾ ਹੈ।ਜ਼ਿਲੇ 'ਚ 8 ਹਜ਼ਾਰ ਵਿਅਕਤੀ ਅੰਗਹੀਣ ਹਨ, ਜਿਨ੍ਹਾਂ 'ਚੋਂ ਕਰੀਬ 2200 ਛੋਟੇ ਬੱਚੇ ਹਨ, ਜਦਕਿ ਮਰਦਾਂ ਅਤੇ ਔਰਤਾਂ ਦੀ ਗਿਣਤੀ ਲਗਭਗ ਬਰਾਬਰ ਹੀ ਦੱਸੀ ਜਾ ਰਹੀ ਹੈ।
ਕਿਹੜੇ-ਕਿਹੜੇ ਵਿਅਕਤੀ ਬਣਵਾ ਸਕਦੇ ਨੇ ਅੰਗਹੀਣਤਾ ਸਰਟੀਫਿਕੇਟ
ਸਰੀਰਕ ਤੌਰ 'ਤੇ ਅੰਗਹੀਣ ਵਿਅਕਤੀ, ਜਿਨ੍ਹਾਂ ਦਾ ਅੰਗ ਪੋਲੀਓ ਜਾਂ ਕਿਸੇ ਹੋਰ ਬੀਮਾਰੀ ਨਾਲ ਮਾਰਿਆ ਗਿਆ ਹੋਵੇ ਜਾਂ ਸੜਕ ਹਾਦਸਿਆਂ 'ਚ ਆਪਣਾ ਅੰਗ ਗੁਆ ਬੈਠਾ ਹੈ ਅਤੇ ਇਸ ਤੋਂ ਇਲਾਵਾ ਗੂੰਗਾ-ਬੋਲ਼ਾ ਅਤੇ ਜਿਸ ਨੂੰ ਅੱਖਾਂ ਤੋਂ ਨਹੀਂ ਦਿੱਸਦਾ, ਜੋ ਵਿਅਕਤੀ ਮਾਨਸਿਕ ਤੌਰ 'ਤੇ ਮੰਦਬੁੱਧੀ ਹੈ ਜਾਂ ਜਿਸ ਦੇ ਹੱਥ, ਪੈਰ, ਲੱਤਾਂ ਜਾਂ ਬਾਂਹਾਂ ਆਦਿ ਕੱਟੀਆਂ ਹੋਈਆਂ ਹਨ ਜਾਂ ਜਿਸ ਦੀ ਰੀੜ੍ਹ ਦੀ ਹੱਡੀ 'ਚ ਕੋਈ ਨੁਕਸ ਹੈ, ਅਜਿਹੇ ਸਾਰੇ ਵਿਅਕਤੀ ਪੰਜਾਬ ਸਰਕਾਰ ਕੋਲੋਂ ਲਾਭ ਲੈਣ ਲਈ ਅੰਗਹੀਣਤਾ ਦਾ ਸਰਟੀਫਿਕੇਟ ਬਣਵਾ ਸਕਦੇ ਹਨ।
ਸਿਹਤ ਵਿਭਾਗ ਦੀਆਂ ਸ਼ਰਤਾਂ
ਅੰਗਹੀਣਤਾ ਦਾ ਸਰਟੀਫਿਕੇਟ ਬਣਵਾਉਣ ਲਈ ਪੀੜਤ ਵਿਅਕਤੀ ਨੂੰ ਆਪਣਾ ਨਾਂ, ਪੂਰਾ ਪਤਾ, ਉਮਰ, ਆਮਦਨੀ ਅਤੇ ਉਹ ਕੀ ਕਰ ਰਿਹਾ ਹੈ, ਆਦਿ ਜਾਣਕਾਰੀ ਦੇ ਕੇ ਮੁੱਖ ਸਰਕਾਰੀ ਹਸਪਤਾਲ 'ਚ ਸੀਨੀਅਰ ਡਾਕਟਰ ਕੋਲ ਫਾਰਮ ਜਮ੍ਹਾ ਕਰਵਾਉਣਾ ਹੁੰਦਾ ਹੈ ਅਤੇ ਇਸ ਵਿਚ ਇਹ ਵੀ ਲਿਖਣਾ ਜ਼ਰੂਰੀ ਹੈ ਕਿ ਉਹ ਸਰੀਰ ਦੇ ਕਿਸ ਹਿੱਸੇ ਤੋਂ ਕਿੰਨੇ ਸਮੇਂ ਤੋਂ ਪੀੜਤ ਹੈ। ਜਿਹੜੇ ਲੋਕ 40 ਫੀਸਦੀ ਅੰਗਹੀਣ ਹੁੰਦੇ ਹਨ, ਡਾਕਟਰਾਂ ਵੱਲੋਂ ਉਨ੍ਹਾਂ ਦੇ ਹੀ ਸਰਟੀਫਿਕੇਟ ਬਣਾਏ ਜਾਂਦੇ ਹਨ।