ਪਟਿਆਲਾ ਦਾ ਸਭ ਤੋਂ ਵੱਡਾ ਸਰਕਾਰੀ ਰਾਜਿੰਦਰਾ ਹਸਪਤਾਲ ਹੋਇਆ ‘ਬੀਮਾਰ’

06/16/2020 10:33:15 AM

ਪਟਿਆਲਾ (ਅੱਤਰੀ) : ਉਂਝ ਤਾਂ ਸਮੇਂ-ਸਮੇਂ ’ਤੇ ਸਰਕਾਰਾਂ ਵੱਲੋਂ ਸ਼ਹਿਰ ਦੇ ਸਭ ਤੋਂ ਵੱਡੇ ਸਰਕਾਰੀ ਰਾਜਿੰਦਰਾ ਹਸਪਤਾਲ ਨੂੰ ਪੀ. ਜੀ. ਆਈ. ਦੀ ਤਰਜ਼ ’ਤੇ ਆਧੁਨਿਕ ਬਣਾਉਣ ਦੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਰਹੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਦੇਖਣ ’ਤੇ ਇਹ ਹਵਾ ’ਚ ਹੀ ਪ੍ਰਤੀਤ ਹੁੰਦੇ ਹਨ। ਇਸ ਦੀ ਤਾਜ਼ਾ ਮਿਸਾਲ ਹੈ, ਸਰਕਾਰੀ ਰਾਜਿੰਦਰਾ ਹਸਪਤਾਲ ਦੇ ਅਮਰਜੈਂਸੀ ਵਾਰਡ ਅਤੇ ਹੋਰ ਵਾਰਡਾਂ ਦੇ ਆਲੇ-ਦੁਆਲੇ ਫੈਲੀ ਗੰਦਗੀ, ਜਿਸ ਕਾਰਨ ਹਸਪਤਾਲ ’ਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰਾਜਿੰਦਰਾ ਹਸਪਤਾਲ ਦੇ ਹਾਲਾਤ ਦੇਖਣ ਲਈ ਪਹੁੰਚੀ ‘ਜਗ ਬਾਣੀ’ ਦੀ ਟੀਮ ਨੂੰ ਉੱਥੇ ਇਲਾਜ ਕਰਵਾਉਣ ਆਈ ਕੁਲਵਿੰਦਰ ਕੌਰ ਅਤੇ ਅਜਾਇਬ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਦਾ ਇਲਾਜ ਕਰਵਾਉਣ ਲਈ ਰਾਜਿੰਦਰਾ ਹਸਪਤਾਲ ’ਚ ਆਏ ਹੋਏ ਹਨ, ਜੋ ਕਿ ਹਸਪਤਾਲ ’ਚ ਭਰਤੀ ਹਨ। ਉਕਤ ਵਿਅਕਤੀਆਂ ਨੇ ਦੱਸਿਆ ਕਿ ਹਸਪਤਾਲ ’ਚ ਤਕਰੀਬਨ ਸਾਰੇ ਵਾਰਡਾਂ ’ਚ ਗੰਦਗੀ ਫੈਲੀ ਹੋਈ ਹੈ। ਜਗ੍ਹਾ-ਜਗ੍ਹਾ ’ਤੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ। ਵੱਡਾ-ਵੱਡਾ ਘਾਹ ਖੜ੍ਹਾ ਹੈ, ਜਿਸ ਕਾਰਨ ਹਸਪਤਾਲ 'ਚ ਜਿੱਥੇ ਹਰ ਸਮੇਂ ਗੰਦੀ ਬਦਬੂ ਫੈਲੀ ਰਹਿੰਦੀ ਹੈ, ਉੱਥੇ ਮੱਖੀ-ਮੱਛਰਾਂ ਦੀ ਵੀ ਭਰਮਾਰ ਹੈ, ਜੋ ਕਿ ਉਨ੍ਹਾਂ ਦੀ ਖਾਣ-ਪੀਣ ਦੀਆਂ ਚੀਜ਼ਾਂ ’ਤੇ ਬੈਠ ਕੇ ਉਨ੍ਹਾਂ ਨੂੰ ਬੀਮਾਰ ਕਰ ਦਿੰਦੇ ਹਨ। ਇਕ ਵਾਰ ਤਾਂ ਉਨ੍ਹਾਂ ਨੂੰ ਵੀ ਉਲਟੀ ਦੀ ਸ਼ਿਕਾਇਤ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤਾਂ ਉਨ੍ਹਾਂ ਨੂੰ ਵੀ ਡਰ ਸਤਾਉਣ ਲੱਗਾ ਹੈ ਕਿ ਉਨ੍ਹਾਂ ਦਾ ਮਰੀਜ਼ ਠੀਕ ਹੋਵੇਗਾ ਜਾਂ ਨਹੀਂ ਇਹ ਤਾਂ ਭਗਵਾਨ ਹੀ ਜਾਣੇ ਪਰ ਜੇਕਰ ਉਹ ਕੁੱਝ ਹੋਰ ਦਿਨ ਇੱਥੇ ਰਹਿ ਗਏ ਤਾਂ ਉਹ ਜ਼ਰੂਰ ਬੀਮਾਰ ਹੋ ਜਾਣਗੇ। ਜ਼ਿਕਰਯੋਗ ਹੈ ਕਿ ਰਜਿੰਦਰਾ ਹਸਪਤਾਲ ’ਚ ਦੂਜੇ ਸ਼ਹਿਰਾਂ ਤੋਂ ਕੋਰੋਨਾ ਪਾਜ਼ੇਟਿਵ ਮਰੀਜ਼ ਵੀ ਇਲਾਜ ਕਰਵਾਉਣ ਲਈ ਆ ਰਹੇ ਹਨ।
ਵਾਰਡਾਂ ’ਚ ਘੁੰਮ ਰਹੇ ਆਵਾਰਾ ਕੁੱਤੇ
ਰਾਜਿੰਦਰਾ ਹਸਪਤਾਲ ਦੇ ਹਾਲਾਤ ਦੇਖਣ ’ਤੇ ਪਾਇਆ ਕਿ ਜਿੱਥੇ ਮਰੀਜ਼ਾਂ ਦੇ ਐਕਸ-ਰੇ ਆਦਿ ਟੈਸਟ ਕੀਤੇ ਜਾਂਦੇ ਹਨ, ਉੱਥੇ ਆਵਾਰਾ ਕੁੱਤੇ ਘੁੰਮ ਰਹੇ ਸੀ। ਇਸ ਤੋਂ ਸਾਫ ਜ਼ਾਹਰ ਹੈ ਕਿ ਰਾਜਿੰਦਰਾ ਹਸਪਤਾਲ ’ਚ ਆਉਣ ਵਾਲੇ ਮਰੀਜ਼ ਭਗਵਾਨ ਭਰੋਸੇ ਹੀ ਹਨ, ਉਥੇ ਹਸਪਤਾਲ ਦੇ ਅਮਰਜੈਂਸੀ ਵਾਰਡ ਕੋਲ ਪੈਂਦੇ ਬਲੱਡ ਬੈਂਕ ਦੀ ਕੰਧ ’ਤੇ ਪਾਨ ਨਾਲ ਥੁੱਕ-ਥੁੱਕ ਕੇ ਉਸ ਦੀ ਅਜਿਹੀ ਹਾਲਤ ਕੀਤੀ ਗਈ ਹੈ, ਜਿਵੇਂ ਉਥੇ ਖੂਨ ਸੁੱਟਿਆ ਗਿਆ ਹੋਵੇ। ਇਸ ਬਾਰੇ ਜਦੋਂ ਰਜਿੰਦਰਾ ਹਸਪਤਾਲ ਦੇ ਐੱਮ. ਐੱਸ. ਡਾ. ਪਾਂਡਵ ਨਾਲ ਫੋਨ ’ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
 

Babita

This news is Content Editor Babita