ਪਟਿਆਲਾ ਦੇ ਮੇਅਰ ਦਾ ''ਨੋ ਕਾਰ ਡੇਅ'' ''ਤੇ ਸ਼ਹਿਰ ਵਾਸੀਆਂ ਨੂੰ ਖ਼ਾਸ ਸੰਦੇਸ਼

09/21/2021 10:58:24 AM

ਪਟਿਆਲਾ : ਪਟਿਆਲਾ ਦੇ ਮੇਅਰ ਸੰਜੀਵ ਕੁਮਾਰ ਸ਼ਰਮਾ ਵੱਲੋਂ 'ਨੋ ਕਾਰ ਡੇਅ' ਸਬੰਧੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਦਿਨ ਕਾਰ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਸੰਦੇਸ਼ ਵਾਤਾਵਰਣ ਲਈ ਅੱਜ ਦੇ ਸਮੇਂ 'ਚ ਬੇਹੱਦ ਜ਼ਰੂਰੀ ਬਣ ਚੁੱਕਿਆ ਹੈ। ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਭਾਰਤ ਦੇਸ਼ 'ਚ ਆਬਾਦੀ ਬਹੁਤ ਜ਼ਿਆਦਾ ਹੈ, ਜਦੋਂ ਕਿ ਜ਼ਮੀਨ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਰ ਦੀ ਘੱਟ ਤੋਂ ਘੱਟ ਵਰਤੋਂ ਕਰੀਏ ਤਾਂ ਆਉਣ ਵਾਲੀ ਪੀੜ੍ਹੀ ਨੂੰ ਇਕ ਸੰਦੇਸ਼ ਦੇਈਏ।

ਉਨ੍ਹਾਂ ਕਿਹਾ ਕਿ ਜਦੋਂ ਬਹੁਤ ਘੱਟ ਕਾਰਾਂ ਸਨ, ਉਦੋਂ ਵੀ ਬਹੁਤ ਵਧੀਆ ਗੁਜ਼ਾਰਾ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਕੱਲੇ ਕਾਰ 'ਚ ਸਫ਼ਰ ਕਰਦੇ ਹਾਂ ਤਾਂ ਇਹ ਵਾਤਾਵਰਣ ਲਈ ਨੁਕਸਾਨਦਾਇਕ ਹੈ। ਮੇਅਰ ਨੇ ਕਿਹਾ ਕਿ ਇਸ ਦੇ ਚੱਲਦਿਆਂ ਹੀ ਜਿੱਥੇ ਟ੍ਰੈਫਿਕ ਅਤੇ ਪਾਰਕਿੰਗ ਦੀ ਸਮੱਸਿਆ ਵੱਧ ਗਈ ਹੈ, ਉੱਥੇ ਹੀ ਹਾਦਸਿਆਂ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਸਮੂਹ ਸ਼ਹਿਰ ਵਾਸੀ 'ਨੋ ਕਾਰ ਡੇਅ' 'ਤੇ ਕਾਰ ਦੀ ਵਰਤੋਂ ਨਹੀਂ ਕਰਨਗੇ ਅਤੇ ਸਾਈਕਲ, ਸਕੂਟਰਾਂ 'ਤੇ ਹੀ ਆਪਣੇ ਕੰਮਾਂ-ਕਾਰਾਂ 'ਤੇ ਪੁੱਜਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਸਾਫ਼ ਹਵਾ, ਪਾਣੀ ਦੇਣ ਲਈ ਇਹ ਇਕ ਬਹੁਤ ਵੱਡਾ ਉਪਰਾਲਾ ਹੋਵੇਗਾ।

Babita

This news is Content Editor Babita