ਖੂਨ ਬਣਿਆ ਪਾਣੀ, ਪੁੱਤ ਨੇ ਮਾਂ-ਪਿਓ ਨੂੰ ਉਤਾਰਿਆ ਮੌਤ ਦੇ ਘਾਟ

02/03/2019 11:30:32 AM

ਪਟਿਆਲਾ, (ਬਲਜਿੰਦਰ, ਬਖਸ਼ੀ)—ਸ਼ਹਿਰ ਦੇ ਤਫੱਜ਼ਲਪੁਰਾ ਇਲਾਕੇ ਦੀ ਗਲੀ ਨੰਬਰ 8 ਵਿਚ ਬੀਤੀ ਰਾਤ ਇਕ ਹੌਲਨਾਕ ਘਟਨਾ ਵਾਪਰੀ। ਇਸ ਵਿਚ ਬਜ਼ੁਰਗ ਮਾਤਾ-ਪਿਤਾ ਦੀ ਜ਼ਹਿਰ ਖਾਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੋਹਨ ਲਾਲ ਸਿੰਗਲਾ (60) ਅਤੇ ਮਧੂ ਸਿੰਗਲਾ (57) ਵਜੋਂ ਹੋਈ ਹੈ।  ਉਨ੍ਹਾਂ ਦੇ ਪੁੱਤਰ ਸ਼ਾਲੀਨ ਸਿੰਗਲਾ ਨੇ ਵੀ ਜ਼ਹਿਰ ਖਾਧਾ। ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। 

ਮੁਢਲੀ ਜਾਂਚ ਤੋਂ ਬਾਅਦ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਮੋਹਨ ਲਾਲ ਸਿੰਗਲਾ ਅਤੇ ਮਧੂ ਸਿੰਗਲਾ ਦੇ ਕਤਲ ਦੇ ਦੋਸ਼ ਵਿਚ ਉਨ੍ਹਾਂ ਦੇ ਪੁੱਤਰ ਸ਼ਾਲੀਨ ਸਿੰਗਲਾ (34) ਖਿਲਾਫ 302 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ  ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।  ਉਨ੍ਹਾਂ ਦਾ ਦੂਜਾ ਪੁੱਤਰ ਅੰਕੁਰ ਸਿੰਗਲਾ ਕਿਸੇ ਕੇਸ ਵਿਚ ਕੇਂਦਰੀ ਜੇਲ ਪਟਿਆਲਾ ਵਿਖੇ ਬੰਦ ਹੈ। ਇਸ ਮਾਮਲੇ ਵਿਚ ਪੁਲਸ ਵੱਲੋਂ ਅਜੇ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ।   ਥਾਣਾ ਅਰਬਨ ਅਸਟੇਟ ਦੇ ਐੈੱਸ. ਐੈੱਚ. ਓ. ਹਰਜਿੰਦਰ ਸਿੰਘ ਢਿੱਲੋਂ ਵੱਲੋਂ ਸਿਰਫ ਇੰਨਾ ਹੀ ਦੱਸਿਆ ਗਿਆ ਹੈ ਕਿ ਇਸ ਮਾਮਲੇ ਵਿਚ ਸ਼ਾਲੀਨ ਸਿੰਗਲਾ ਖਿਲਾਫ 302 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਦਿਨ ਭਰ ਚੱਲੀਆਂ ਅਫਵਾਹਾਂ
ਬਜ਼ੁਰਗ ਸਿੰਗਲਾ ਜੋੜੇ ਦੀ ਮੌਤ ਨੂੰ ਲੈ ਕੇ ਅੱਜ ਪੂਰੇ ਸ਼ਹਿਰ ਵਿਚ ਚਰਚਾ ਜ਼ੋਰਾਂ 'ਤੇ ਰਹੀ। ਅਲੱਗ-ਅਲੱਗ ਤਰ੍ਹਾਂ ਦੀਆਂ ਅਫਵਾਹਾਂ ਚੱਲੀਆਂ। ਪੁਲਸ ਵੱਲੋਂ ਅਜੇ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ।  ਇਸ ਨੂੰ ਅਧਿਕਾਰਤ ਜਾਣਕਾਰੀ ਨਹੀਂ ਕਿਹਾ ਜਾ ਸਕਦਾ। ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗ ਜੋੜੇ ਦੀ ਜ਼ਹਿਰ ਖਾਣ ਨਾਲ ਮੌਤ ਹੋਈ ਹੈ। ਇਸ ਤੋਂ ਬਾਅਦ ਸ਼ਾਲੀਨ ਸਿੰਗਲਾ ਨੇ ਖੁਦ ਵੀ ਜ਼ਹਿਰ ਖਾਧਾ। ਪੁਲਸ ਨੂੰ ਇਸ ਮਾਮਲੇ ਵਿਚ ਸਥਾਨਕ ਲੋਕਾਂ ਵੱਲੋਂ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਪੁਲਸ ਨੇ  ਦੋਵੇਂ ਲਾਸ਼ਾਂ ਆਪਣੇ ਕਬਜ਼ੇ ਵਿਚ  ਲੈ ਲਈਆਂ। ਪੁਲਸ ਵੱਲੋਂ ਆਪਣੀ ਕਸਟਡੀ ਵਿਚ ਹੀ ਸ਼ਾਲੀਨ ਸਿੰਗਲਾ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਲਾਸ਼ਾਂ ਕਬਜ਼ੇ ਵਿਚ ਲੈਣ ਤੋਂ ਬਾਅਦ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਆਸਪਾਸ ਦੇ ਲੋਕਾਂ ਤੋਂ ਇਸ ਮਾਮਲੇ ਵਿਚ ਪੁੱਛਗਿੱਛ ਕੀਤੀ ਗਈ। ਸ਼ਾਮ ਨੂੰ ਸ਼ਾਲੀਨ ਸਿੰਗਲਾ ਖਿਲਾਫ ਦੋਹਰੇ ਕਤਲ ਦਾ ਕੇਸ ਦਰਜ ਕਰ ਦਿੱਤਾ ਗਿਆ। ਕੁੱਝ ਰਿਸ਼ਤੇਦਾਰਾਂ ਵੱਲੋਂ ਇਸ ਨੂੰ ਗਲਤ ਕਰਾਰ ਦਿੱਤਾ ਗਿਆ। ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਸ਼ਾਲੀਨ ਸਿੰਗਲਾ  ਕਤਲ ਨਹੀਂ ਕਰ ਸਕਦਾ। ਪੁਲਸ ਨੇ  ਮੁਢਲੀ ਜਾਂਚ ਤੋਂ ਬਾਅਦ ਕੇਸ ਦਰਜ ਕਰ ਕੇ ਸ਼ਾਲੀਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਸਿੰਗਲਾ ਪਰਿਵਾਰ ਦੇ ਘਰ ਨੂੰ ਲੱਗਾ ਤਾਲਾ
ਇਸ ਘਟਨਾ ਤੋਂ ਬਾਅਦ ਸਿੰਗਲਾ ਪਰਿਵਾਰ ਦੇ ਘਰ ਨੂੰ ਤਾਲਾ ਲੱਗ ਗਿਆ ਹੈ। ਬਜ਼ੁਰਗ ਮਾਤਾ-ਪਿਤਾ ਜੋ ਕਿ ਬਹੁਤ ਹੀ ਧਾਰਮਕ ਪ੍ਰਵਿਰਤੀ ਦੇ ਮਾਲਕ ਸਨ, ਦੋਵਾਂ ਦੀ ਮੌਤ ਹੋ ਗਈ। ਸ਼ਾਲੀਨ ਸਿੰਗਲਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ  ਹੈ। ਇਸ ਪਰਿਵਾਰ ਦਾ ਇਕ ਲੜਕਾ ਅੰਕੁਰ ਸਿੰਗਲਾ ਪਹਿਲਾਂ ਹੀ ਕਿਸੇ ਕੇਸ ਵਿਚ ਕੇਂਦਰੀ ਜੇਲ ਪਟਿਆਲਾ 'ਚ ਬੰਦ ਹੈ। ਮੋਹਨ ਲਾਲ ਸਿੰਗਲਾ ਦੀ ਕਰਿਆਨੇ ਦੀ ਦੁਕਾਨ ਸੀ।

Shyna

This news is Content Editor Shyna