ਪਟਿਆਲਾ ਹੈਰੀਟੇਜ ਫੈਸਟੀਵਲ-2020, ਸ਼ਾਹੀ ਸ਼ਹਿਰ ਦੀਆਂ ਸੜਕਾਂ 'ਤੇ ਦੌੜੀਆਂ 1932 ਮਾਡਲ ਦੀਆਂ ਕਾਰਾਂ

02/28/2020 1:33:30 PM

ਪਟਿਆਲਾ (ਜੋਸਨ, ਰਾਜੇਸ਼,ਬਖਸ਼ੀ): ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ-2020 ਦੇ ਉਤਸਵਾਂ ਦੀ ਲੜੀ ਵਜੋਂ ਵਿੰਟੇਜ਼ ਐਂਡ ਕਲਾਸਿਕ ਕਾਰ ਕਲੱਬ ਚੰਡੀਗੜ੍ਹ ਅਤੇ ਪੰਜਾਬ ਹੈਰੀਟੇਜ ਮੋਨੀਟਰਿੰਗ ਕਲੱਬ ਲੁਧਿਆਣਾ ਸਮੇਤ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ ਵਿੰਟੇਜ਼ ਕਾਰ ਰੈਲੀ 'ਚ ਸ਼ਾਮਲ ਪੁਰਾਣੀਆਂ ਅਤੇ ਵਿਰਾਸਤੀ ਕਾਰਾਂ ਨੇ ਪਟਿਆਲਵੀਆਂ ਨੂੰ ਮੋਹ ਲਿਆ। ਵਿੰਟੇਜ਼ ਕਾਰ ਰੈਲੀ ਵਿਚ ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਸਮੇਤ ਪੰਜਾਬ ਦੇ ਹੋਰਨਾਂ ਹਿੱਸਿਆਂ 'ਚੋਂ ਕਾਰਾਂ ਦੇ ਮਾਲਕ ਆਪਣੀਆਂ ਵਿੰਟੇਜ਼ ਤੇ ਪੁਰਾਣੇ ਸਮੇਂ ਦੀਆਂ ਕਾਰਾਂ ਲੈ ਕੇ ਪੁੱਜੇ ਹੋਏ ਸਨ।

ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਪੰਜਾਬੀ ਯੂਨੀਵਰਸਿਟੀ ਪੁੱਜੀ ਇਸ ਕਾਰ ਰੈਲੀ ਦਾ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਏ. ਪੀ. ਐੱਸ. ਵਿਰਕ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ, ਕਮਿਸ਼ਨਰ ਨਗਰ ਨਿਗਮ ਪੂਨਮਦੀਪ ਕੌਰ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਮਾਡਲ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਸਥਾਨਕ ਵਸਨੀਕਾਂ ਨੇ ਕਾਰਾਂ ਦੇਖਣ 'ਚ ਚੋਖੀ ਦਿਲਚਸਪੀ ਦਿਖਾਈ।

PunjabKesari

ਡੀ. ਸੀ. ਨੇ ਪਤਨੀ ਐੱਸ. ਐੱਸ. ਪੀ. ਅਲਕਾ ਮੀਨਾ ਨਾਲ ਚਲਾਈ ਕਾਰ
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਆਪਣੀ ਸੁਪਤਨੀ ਅਤੇ ਐੱਸ. ਐੱਸ. ਪੀ. ਸ਼ਹੀਦ ਭਗਤ ਸਿੰਘ ਨਗਰ ਅਲਕਾ ਮੀਨਾ ਨੂੰ ਬਿਠਾ ਕੇ ਫੋਰਡ ਕੰਪਨੀ ਦੀ 1932 ਮਾਡਲ ਟੂਅਰਰ ਕਾਰ ਚਲਾਈ। ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਵੌਕਸਹਾਲਟ 1938 ਮਾਡਲ ਕਾਰ ਨਵਾਬ ਨਸੀਮ ਖ਼ਾਨ ਹਾਜੀ ਨਾਲ ਚਲਾਈ ਅਤੇ ਰਾਜਾ ਮਾਲਵਿੰਦਰ ਸਿੰਘ ਦੀ ਜੀਪ ਫੋਰਡ ਵਿੱਲੀ ਚਲਾ ਕੇ ਕੈਪਟਨ ਅਮਰਜੀਤ ਸਿੰਘ ਜੇਜੀ ਨੇ ਕਾਰਾਂ ਦੇ ਕਾਫ਼ਲੇ ਦੀ ਅਗਵਾਈ ਕੀਤੀ। ਇਸ ਮੌਕੇ ਕਰਨਲ ਆਰ. ਐੱਸ. ਬਰਾੜ, ਉੱਪ-ਕੁਲਪਤੀ ਡਾ. ਬੀ. ਐੱਸ. ਘੁੰਮਣ ਨੇ ਪੁਰਾਣੀਆਂ ਕਾਰਾਂ ਦੇ ਝੂਟੇ ਲਏ।

PunjabKesari

ਪੁਰਾਣੀਆਂ ਕਾਰਾਂ ਦੀ ਸੰਭਾਲ ਹੀ ਵੱਡਾ ਕੰਮ
ਚੰਡੀਗੜ੍ਹ ਤੋਂ ਪੁੱਜੇ ਬ੍ਰਿਗੇਡੀਅਰ (ਸੇਵਾ-ਮੁਕਤ) ਜੇ. ਐੱਸ. ਫੂਲਕਾ, ਜੋ ਕਿ 1953 ਮਾਡਲ ਐੱਚ. ਐੱਮ.-14 ਦੀ ਸੇਡਾਨ ਕਾਰ ਲੈ ਕੇ ਪੁੱਜੇ ਸਨ, ਨੇ ਕਿਹਾ ਕਿ ਇਨ੍ਹਾਂ ਕਾਰਾਂ ਨੂੰ ਸੰਭਾਲ ਕੇ ਰੱਖਣਾ ਅਤੇ ਅਗਲੀ ਪੀੜ੍ਹੀ ਨੂੰ ਇਨ੍ਹਾਂ ਬਾਰੇ ਜਾਣੂ ਕਰਵਾਉਣਾ ਉਨ੍ਹਾਂ ਦਾ ਸ਼ੌਕ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਰਾਣੀਆਂ ਕਾਰਾਂ ਵਿਚ ਨਾ ਹੀ ਏ. ਸੀ. ਹੁੰਦਾ ਹੈ ਅਤੇ ਨਾ ਹੀ ਇਹ ਪਾਵਰ ਸਟੇਅਰਿੰਗ ਵਾਲੀਆਂ ਗੱਡੀਆਂ ਹਨ। ਇਨ੍ਹਾਂ ਨੂੰ ਚਲਾਉਣਾ ਅਤੇ ਇਨ੍ਹਾਂ ਦੀ ਸੰਭਾਲ ਆਪਣੇ-ਆਪ 'ਚ ਇਕ ਵੱਡਾ ਕੰਮ ਹੈ। ਉਹ ਇਸ ਨੂੰ ਬਾਖੂਬੀ ਕਰਦੇ ਹਨ। ਇਸੇ ਤਰ੍ਹਾਂ ਚੰਡੀਗੜ੍ਹ ਤੋਂ 1969 ਮਾਡਲ ਫਿਏਟ 500 ਐੱਲ. ਲੈ ਕੇ ਆਏ ਅਮਰਜੀਤ ਸਿੰਘ ਸੋਢੀ ਅਤੇ ਭੁਪਿੰਦਰਜੀਤ ਕੌਰ ਨੇ ਕਿਹਾ ਕਿ ਇਸ ਕਾਰ ਨਾਲ ਉਨ੍ਹਾਂ ਦੀਆਂ ਜਵਾਨੀ ਸਮੇਂ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ।

ਇਹ ਇਹ ਮਾਡਲ ਕਾਰਾਂ ਸਨ ਰੈਲੀ 'ਚ
ਵਿੰਟੇਜ਼ ਕਾਰ ਰੈਲੀ 'ਚ 1953 ਮਾਡਲ ਐੱਚ. ਐੱਮ.-14 ਸੇਡਾਨ, 1938 ਮਾਡਲ ਅਸਟਿਨ 8, 1962 ਮਾਡਲ ਮਰਸੀਡੀਜ਼ 190 ਸੀ, ਵੌਕਸਹਾਲਟ 1938 ਮਾਡਲ, ਹਿਲਮੈਨ ਦੀ ਮਿਨੈਕਸ ਮਾਡਲ 1952, ਮੌਰਿਸ-8 ਮਾਡਲ 1952, ਪਲਾਈਮਾਊਥ ਦੀ ਵੂਡੀ ਮਾਡਲ 1952, ਸ਼ੈਵਰਲੇ ਦੇ ਫਲੀਟ ਮਾਸਟਰ ਮਾਡਲ 1948, ਫਿਏਟ ਪਦਮਨੀ 1973, ਵੋਕਸ ਵੈਗਨ ਬੀਟਲ 1958, ਡੌਜ਼ ਦੀ ਸੀਡਾਨ 1936, ਮਰਸੀਡੀਜ਼ ਬੈਂਜ 1968, 1980, 1975, ਕਨਟੈਂਸਾ 1985, ਫਿਏਟ 1100-1961, ਯੈਜ਼ 1953, ਵੌਕਸਹਾਲਟ 1946, 1953 ਮਾਡਲ ਦੀ ਸਟੈਂਡਰਡ ਕਾਰ, ਨਿਸ਼ਾਨ ਸ਼ਕਤੀਮਾਨ 1970, ਸਟੈਂਡਰਡ ਗਜ਼ਾਲੇ 1967, ਮੌਰਿਸ ਕਨਵਰਟੇਬਲ 1958, ਫੋਰਟ ਪਰਫੈਕਟ 1946, ਵਿੱਲੀ ਜੀਪ 1958, ਸਨਬੀਮ ਟੇਲਬੋਟ 1939 ਆਦਿ ਕਾਰਾਂ ਸਮੇਤ ਪੁਰਾਣੇ ਜਾਵਾ ਮੋਟਰਸਾਈਕਲ, ਰਾਜਦੂਤ ਅਤੇ ਵੈਸਪਾ ਸਮੇਤ ਹੋਰ ਪੁਰਾਣੀਆਂ ਗੱਡੀਆਂ ਨੇ ਦਰਸ਼ਕਾਂ ਦਾ ਮਨ ਮੋਹਿਆ।

PunjabKesari

ਮੇਲਾ ਦੇਖਣ ਆਉਣ ਵਾਲਿਆਂ ਦੀਆਂ ਸਹੂਲਤਾਂ ਨੂੰ ਧਿਆਨ 'ਚ ਰੱਖ ਕੇ ਕੀਤੇ ਪ੍ਰਬੰਧ : ਏ. ਡੀ. ਸੀ.
ਪਟਿਆਲਾ ਵਿਖੇ 6 ਦਿਨਾਂ ਤੋਂ ਚੱਲ ਰਹੇ ਕਰਾਫ਼ਟ ਮੇਲੇ ਦੇ ਪ੍ਰਬੰਧਾਂ ਤੋਂ ਆਮ ਲੋਕ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ। ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸਰਾਹਨਾ ਕਰ ਰਹੇ ਹਨ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ–ਕਮ-ਕਰਾਫ਼ਟ ਮੇਲੇ ਦੇ ਨੋਡਲ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ 22 ਫਰਵਰੀ ਤੋਂ ਸ਼ੀਸ਼ ਮਹਿਲ ਵਿਖੇ ਲੱਗੇ ਕਰਾਫ਼ਟ ਮੇਲੇ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਵੀ ਮੇਲਾ ਦੇਖਣ ਆਉਣ ਵਾਲਿਆਂ ਦੀਆਂ ਸਹੂਲਤਾਂ ਨੂੰ ਧਿਆਨ ਵਿਚ ਰੱਖ ਕੇ ਪ੍ਰਬੰਧ ਕੀਤੇ ਗਏ ਹਨ।
ਮੇਲੇ ਦੇ ਨੋਡਲ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਮੇਲਾ ਦੇਖਣ ਆਉਣ ਵਾਲੇ ਲੋਕਾਂ ਦੀ ਸਹੂਲਤ ਦਾ ਧਿਆਨ ਰਖਦਿਆਂ ਮੈਡੀਕਲ ਸਮੇਤ ਹਰੇਕ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ। ਬਜ਼ੁਰਗਾਂ ਜਾਂ ਦਿਵਿਆਂਗਾਂ ਦੀ ਸਹੂਲਤ ਲਈ ਵੀਲ੍ਹਚੇਅਰਜ਼ ਵੀ ਉਪਲਬਧ ਹਨ ਜੋ ਵਾਲੰਟੀਅਰਜ਼ ਵੱਲੋਂ ਲੋੜਵੰਦਾਂ ਦੀ ਮਦਦ ਲਈ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਸ਼ੀਸ਼ ਮਹਿਲ ਦੇ ਅੰਦਰ ਏ. ਟੀ. ਐੱਮ. ਦੀ ਸਹੂਲਤ ਵੀ ਦਿੱਤੀ ਗਈ ਹੈ।

ਕਰਾਫ਼ਟ ਮੇਲੇ 'ਚ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪੇਸ਼ਕਸ਼ਾਂ
ਸ਼ੀਸ਼ ਮਹਿਲ ਵਿਖੇ ਲੱਗੇ ਕਰਾਫ਼ਟ ਮੇਲੇ 'ਚ ਵੱਖ-ਵੱਖ ਸਕੂਲਾਂ ਦੇ ਲੋਕ-ਨਾਚ ਅਤੇ ਗਿੱਧੇ ਦੇ ਮੁਕਾਬਲੇ ਕਰਵਾਏ ਗਏ। ਵੱਡੀ ਗਿਣਤੀ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ। ਵਧੀਕ ਡਿਪਟੀ ਕਮਿਸ਼ਨਰ–ਕਮ-ਕਰਾਫ਼ਟ ਮੇਲੇ ਦੇ ਨੋਡਲ ਅਫ਼ਸਰ ਡਾ. ਪ੍ਰੀਤੀ ਯਾਦਵ ਦੀ ਨਿਗਰਾਨੀ ਵਿਚ ਚੱਲ ਰਹੇ ਕਰਾਫ਼ਟ ਮੇਲੇ ਵਿਚ ਹਰ ਰੋਜ਼ 400 ਤੋਂ 500 ਸਕੂਲੀ ਵਿਦਿਆਰਥੀ ਆਪਣੀ ਕਲਾ ਦੇ ਜੌਹਰ ਦਿਖਾ ਰਹੇ ਹਨ।


Shyna

Content Editor

Related News