70 ਸਾਲ ਬਾਅਦ ਵੀ ਪਟਿਆਲਾ ਨੂੰ ਨਹੀਂ ਜੋੜਿਆ ਗਿਆ ਸਿੱਧੇ ਤੌਰ ''ਤੇ ਅੰਮ੍ਰਿਤਸਰ ਨਾਲ

12/09/2017 7:17:26 AM

ਪਟਿਆਲਾ  (ਬਲਜਿੰਦਰ) - ਦੇਸ਼ ਨੂੰ ਆਜ਼ਾਦ ਹੋਏ 70 ਸਾਲ ਹੋ ਗਏ ਹਨ। ਸਿੱਖ ਧਰਮ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੋ ਕਿ ਅੰਮ੍ਰਿਤਸਰ ਵਿਖੇ ਸਥਿਤ ਹੈ, ਲਈ ਅੱਜ ਤੱਕ ਸਿੱਧੇ ਤੌਰ 'ਤੇ ਕੋਈ ਸੜਕ ਨਹੀਂ ਬਣਾਈ ਗਈ। ਦਰਬਾਰ ਜਾਣ ਲਈ ਪਟਿਆਲਾ ਵਾਸੀਆਂ ਨੂੰ ਪਹਿਲਾਂ ਸਰਹਿੰਦ ਜਾਣਾ ਪੈਂਦਾ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਲਈ ਮੇਨ ਜੀ. ਟੀ. ਰੋਡ ਮਿਲਦੀ ਹੈ। 17 ਦਸੰਬਰ ਨੂੰ ਭਾਵੇਂ ਚੋਣਾਂ ਨਗਰ ਨਿਗਮ ਲਈ ਹੋ ਰਹੀਆਂ ਹਨ ਪਰ ਪਟਿਆਲਾ ਵਿਚ ਇਹ ਮੁੱਦਾ ਵੱਡੇ ਪੱਧਰ 'ਤੇ ਉੱਠਣ ਲੱਗਾ ਹੈ। ਪਟਿਆਲਾ ਤੋਂ ਅੰਮ੍ਰਿਤਸਰ ਜਾਣ ਲਈ ਮੇਨ ਜੀ. ਟੀ. ਰੋਡ 'ਤੇ ਚੜ੍ਹਣ ਲਈ ਵੀ 35 ਕਿਲੋਮੀਟਰ ਰਾਹ ਤਹਿ ਕਰਨਾ ਪੈਂਦਾ ਹੈ ਜੋ ਕਿ ਅੱਜ ਵੀ ਟੂ-ਲੇਨ ਹੋਣ ਕਾਰਨ ਕਿਸੇ ਵੱਡੇ ਰਿਸਕ ਤੋਂ ਘੱਟ ਨਹੀਂ ਹੈ।  ਪਟਿਆਲਾ ਤੋਂ ਸਰਹਿੰਦ ਜਾਣ ਲਈ ਟੂ-ਲੇਨ ਸੜਕ ਹੋਣ ਕਾਰਨ ਇਥੇ ਆਏ ਦਿਨ ਵੱਡੇ ਸੜਕ ਹਾਦਸੇ ਹੁੰਦੇ ਰਹਿੰਦੇ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਕੀਤੇ ਗਏ ਟ੍ਰੈਫਿਕ ਐਡਵਾਈਜ਼ਰ ਨਵਨੀਤ ਹਸੀਜਾ ਨੇ ਹਾਲ ਹੀ ਵਿਚ ਪਟਿਆਲਾ ਦੀ ਟ੍ਰੈਫਿਕ ਸਬੰਧੀ ਇਕ ਰਿਪੋਰਟ ਵੀ ਜਾਰੀ ਕੀਤੀ। ਸਭ ਤੋਂ ਵੱਧ ਹਾਦਸੇ ਇਸ ਸੜਕ 'ਤੇ ਹੀ ਹੋਏ ਹਨ। ਪਟਿਆਲਾ-ਜ਼ੀਰਕਪੁਰ ਰੋਡ ਨਿਰਮਾਣ ਅਧੀਨ ਹੋਣ ਕਾਰਨ ਜ਼ਿਆਦਾਤਰ ਲੋਕ ਚੰਡੀਗੜ੍ਹ ਤੇ ਮੋਹਾਲੀ ਜਾਣ ਲਈ ਵੀ ਇਸੇ ਸੜਕ ਦੀ ਵਰਤੋਂ ਕਰਦੇ ਹਨ। ਪਟਿਆਲਾ ਤੋਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਵਾਹਗਾ ਬਾਰਡਰ, ਸ਼੍ਰੀ ਨੈਣਾ ਦੇਵੀ, ਸ਼੍ਰੀ ਵੈਸ਼ਨੂੰ ਦੇਵੀ ਤੇ ਜੰਮੂ-ਕਸ਼ਮੀਰ ਸਮੇਤ ਪ੍ਰਮੁੱਖ ਸਟੇਸ਼ਨਾਂ ਨੂੰ ਜਾਣ ਲਈ ਇਹੀ ਇਕ ਸੜਕ ਹੈ। ਸਰਕਾਰ ਵੱਲੋਂ ਦਰਬਾਰ ਸਾਹਿਬ ਨੂੰ ਜਾਣ ਵਾਲੀ ਇਸ ਰੋਡ ਨੂੰ ਅੱਜ ਤੱਕ ਫੋਰ-ਲੇਨ ਨਹੀਂ ਕੀਤਾ ਗਿਆ।  ਇਸ ਸਬੰਧੀ ਕਈ ਵਾਰ ਵੱਖ-ਵੱਖ ਸੰਗਠਨਾਂ ਵੱਲੋਂ ਮੰਗ ਵੀ ਕੀਤੀ ਗਈ। ਰੋਸ ਪ੍ਰਦਰਸ਼ਨ ਵੀ ਕੀਤੇ ਗਏ ਪਰ ਸਰਕਾਰ ਵੱਲੋਂ ਇਸ ਮਹੱਤਵਪੂਰਨ ਸੜਕ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ। ਦੋ ਮਹੀਨੇ ਪਹਿਲਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਇਸ ਸੜਕ ਨੂੰ ਫੋਰ-ਲੇਨ ਕੀਤਾ ਜਾਵੇਗਾ। ਅੱਜ ਤੱਕ ਉਸ 'ਤੇ ਕੋਈ ਕਾਰਵਾਈ ਸ਼ੁਰੂ ਨਹੀਂ ਹੋਈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੋ ਵਾਰ ਪਟਿਆਲਾ ਦਾ ਮੁੱਖ ਮੰਤਰੀ ਵੀ ਬਣ ਚੁੱਕਾ ਹੈ। ਅੱਜ ਤੱਕ ਸ੍ਰੀ ਦਰਬਾਰ ਸਾਹਿਬ ਜਾਣ ਲਈ ਪਟਿਆਲਾ ਨੂੰ ਸਿੱਧੇ ਤੌਰ 'ਤੇ ਨਹੀਂ ਜੋੜਿਆ ਗਿਆ। ਪਟਿਆਲਾ ਦੇ ਰਹਿਣ ਵਾਲੇ ਲੋਕ ਅੱਜ ਵੀ ਵਾਇਆ ਸਰਹਿੰਦ ਹੋ ਕੇ ਹੀ ਸ੍ਰੀ ਦਰਬਾਰ ਸਾਹਿਬ ਜਾਂਦੇ ਹਨ।
ਸਰਕਾਰਾਂ ਬਦਲੀਆਂ, ਪ੍ਰਾਜੈਕਟ ਫਿਰ ਵੀ ਅਧਵਾਟੇ
ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ 'ਚ ਪਿਛਲੇ 15 ਸਾਲਾਂ ਤੋਂ ਸਮੁੱਚੇ ਵੱਡੇ ਪ੍ਰਾਜੈਕਟ ਅੱਧ-ਵਿਚਕਾਰ ਹੀ ਲਟਕੇ ਹੋਏ ਹਨ। ਇਸ ਦੌਰਾਨ ਸਰਕਾਰ ਕਾਂਗਰਸ ਦੀ ਵੀ ਆਈ। 10 ਸਾਲ ਅਕਾਲੀ ਦਲ ਨੇ ਵੀ ਰਾਜ ਕੀਤਾ। ਮੁੜ ਕਾਂਗਰਸ ਫਿਰ ਸੱਤਾ ਵਿਚ ਹੈ।
ਮੁੱਖ ਮੰਤਰੀ ਪਟਿਆਲਾ ਦੇ ਵਿਧਾਇਕ ਕੈ. ਅਮਰਿੰਦਰ ਸਿੰਘ ਹਨ। ਪਟਿਆਲਾ ਸ਼ਹਿਰ ਦੀ ਜਨਤਾ ਪਿਛਲੀਆਂ ਚਾਰ ਚੋਣਾਂ ਤੋਂ ਸਿਰਫ ਲਾਰੇ ਹੀ ਸੁਣਦੀ ਆ ਰਹੀ ਹੈ। ਹਰ ਪਾਰਟੀ ਚੋਣਾਂ ਦੌਰਾਨ ਲੋਕਾਂ ਕੋਲ ਜਾਂਦੀ ਹੈ। ਪ੍ਰਾਜੈਕਟਾਂ ਬਾਰੇ ਗੱਲ ਕਰਦੀ ਹੈ। ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਬਾਰੇ ਸਿਰਫ ਅਖਬਾਰਾਂ ਵਿਚ ਬਿਆਨਬਾਜ਼ੀ ਹੁੰਦੀ ਹੈ। ਪੂਰਾ ਕਰਨ ਦਾ ਕੋਈ ਨਾਂ ਨਹੀਂ ਲੈ ਰਿਹਾ।
ਰਜਿੰਦਰਾ ਲੇਕ ਦੀ ਬਿਊਟੀਫਿਕੇਸ਼ਨ
ਰਜਿੰਦਰਾ ਲੇਕ ਦੀ ਬਿਊਟੀਫਿਕੇਸ਼ਨ ਕਰਨ ਦਾ ਮੁੱਦਾ ਵੀ ਪਿਛਲੀਆਂ ਤਿੰਨ ਸਰਕਾਰਾਂ ਦੌਰਾਨ ਲਟਕਿਆ ਪਿਆ ਹੈ। ਪਿਛਲੀ ਸਰਕਾਰ ਨੇ ਇਕ ਵਾਰ ਬਿਊਟੀਫਿਕੇਸ਼ਨ ਕਰ ਕੇ ਇਥੇ ਬੋਟ ਕਲੱਬ ਬਣਾ ਦਿੱਤਾ ਸੀ। ਇਸ ਤੋਂ ਬਾਅਦ ਉਹ ਬੋਟ ਕਲੱਬ ਵੀ ਬਿਖਰ ਗਿਆ। ਲੇਕ ਦਾ ਪਾਣੀ ਵੀ ਸੁੱਕ ਗਿਆ। ਅਕਾਲੀ ਸਰਕਾਰ ਦੀਆਂ ਦੋਵੇਂ ਟਰਮਾਂ ਦੌਰਾਨ ਦੋ ਵਾਰ ਕੋਸ਼ਿਸ਼ ਕੀਤੀ ਗਈ ਪਰ ਅਜੇ ਤੱਕ ਬਿਊਟੀਫਿਕੇਸ਼ਨ ਦਾ ਕੰਮ ਸਿਰੇ ਨਹੀਂ ਚੜ੍ਹਿਆ।
ਸ਼ਹਿਰ ਨੂੰ ਨਹੀਂ ਮਿਲਿਆ ਏ. ਸੀ. ਬੱਸ ਸਟੈਂਡ
ਪਟਿਆਲਾ ਸ਼ਹਿਰ ਨੂੰ ਪਿਛਲੇ 17 ਸਾਲਾਂ ਦੌਰਾਨ ਕਈ ਵਾਰ ਐਲਾਨ ਦੇ ਬਾਵਜੂਦ ਅੱਜ ਤੱਕ ਏ. ਸੀ. ਬੱਸ ਸਟੈਂਡ ਨਸੀਬ ਨਹੀਂ ਹੋਇਆ। ਪਿਛਲੀ ਸਰਕਾਰ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਥੁਰਾ ਕਾਲੋਨੀ ਦੇ ਕੋਲ ਨਵਾਂ ਏ. ਸੀ. ਬੱਸ ਸਟੈਂਡ ਬਣਾਉਣ ਦਾ ਉਦਘਾਟਨ ਕੀਤਾ ਸੀ। ਉਸ ਜ਼ਮੀਨ 'ਤੇ ਕਾਨੂੰਨੀ ਲੜਾਈ ਕਾਰਨ ਬੱਸ ਸਟੈਂਡ ਨਹੀਂ ਬਣ ਸਕਿਆ। ਅੱਜ ਵੀ ਪੀ. ਆਰ. ਟੀ. ਸੀ. ਨਵੇਂ ਬੱਸ ਸਟੈਂਡ ਲਈ ਥਾਂ ਲੱਭ ਰਹੀ ਹੈ।