ਪਟਿਆਲਾ ਦੀ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ (ਵੀਡੀਓ)

09/07/2019 12:56:58 PM

ਪਟਿਆਲਾ (ਰਾਜੇਸ਼, ਬਲਜਿੰਦਰ,ਇੰਦਰਜੀਤ ਬਖਸ਼ੀ) : ਪਟਿਆਲਾ ਦੇ ਫੋਕਲ ਪੁਆਇੰਟ ਦੇ ਪਲਾਟ ਸੀ-129 ਵਿਖੇ ਸਥਿਤ ਜੇ. ਜੇ. ਕੈਮੀਕਲਜ਼ ਫੈਕਟਰੀ 'ਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ ਅਤੇ ਜਦੋਂ ਤੱਕ ਫਾਇਰ ਬਿਗ੍ਰੇਡ ਪਹੁੰਚਦੀ ਉਦੋਂ ਤੱਕ ਫੈਕਟਰੀ ਦਾ ਵੱਡਾ ਹਿੱਸਾ ਸੜ ਕੇ ਸੁਆਹ ਹੋ ਚੁੱਕਾ ਸੀ ਕਿਉਂÎਕਿ ਫਾਇਰ ਬਿਗ੍ਰੇਡ ਪਟਿਆਲਾ ਸ਼ਹਿਰ ਤੋਂ ਜਾਣੀ ਸੀ ਤਾਂ ਕੁਝ ਦੇਰ ਲੱਗ ਗਈ। ਬੜੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਕ ਦਰਜ਼ਨ ਫਾਇਰ ਬਿਗ੍ਰੇਡ ਗੱਡੀਆਂ ਨੂੰ ਅੱਗ 'ਤੇ ਕਾਬੂ ਪਾਉਣ ਲਈ ਕਈ ਘੰਟੇ ਤੱਕ ਮੁਸ਼ੱਕਤ ਕਰਨੀ ਪਈ।

ਸੂਚਨਾ ਮਿਲਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ, ਮੇਅਰ ਸੰਜੀਵ ਸ਼ਰਮਾ ਬਿੱਟੂ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਅਤੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਮੌਕੇ 'ਤੇ ਪਹੁੰਚੇ। ਉਕਤ ਸਮੁੱਚੇ ਅਧਿਕਾਰੀ ਅੱਗ ਬੁਝਾਊ ਕਾਰਜਾਂ ਦੀ ਖ਼ੁਦ ਨਿਗਰਾਨੀ ਕਰ ਰਹੇ ਸਨ, ਜਿਨ੍ਹਾਂ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਤੁਰੰਤ ਹਰਕਤ 'ਚ ਆਉਂਦਿਆਂ ਪਟਿਆਲਾ ਸਮੇਤ ਰਾਜਪੁਰਾ, ਨਾਭਾ ਅਤੇ ਸਮਾਣਾ ਤੋਂ ਅੱਗ ਬੁਝਾਊ ਗੱਡੀਆਂ ਬੁਲਾਈਆਂ।

ਮਹਾਰਾਣੀ ਪ੍ਰਨੀਤ ਕੌਰ ਅਤੇ ਡੀ. ਸੀ. ਕੁਮਾਰ ਅਮਿਤ ਨੇ ਦੱਸਿਆ ਕਿ ਫੈਕਟਰੀ 'ਚ ਮਜ਼ਦੂਰਾਂ ਦੇ ਨਾ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਫੈਕਟਰੀ 'ਚ ਕੈਮੀਕਲ ਅਤੇ ਜਲਣਸ਼ੀਲ ਪਦਾਰਥ ਵੱਡੀ ਮਾਤਰਾ 'ਚ ਸਟੋਰ ਕੀਤਾ ਹੋਣ ਕਰ ਕੇ ਅੱਗ ਬੁਝਾਉਣ ਲਈ ਪਾਣੀ ਦੇ ਨਾਲ-ਨਾਲ ਫੋਮ, ਰੇਤਾ ਅਤੇ ਮਿੱਟੀ ਦੀ ਵੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਇਹਤਿਆਤ ਵਜੋਂ ਫੈਕਟਰੀ ਦੇ ਆਲੇ-ਦੁਆਲੇ ਦੀਆਂ ਫੈਕਟਰੀਆਂ 'ਚੋਂ ਸਾਜ਼ੋ-ਸਾਮਾਨ ਹਟਵਾ ਲਿਆ ਗਿਆ ਸੀ।

ਫੈਕਟਰੀ ਮਾਲਕ ਪਰਮਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਉਹ ਡੇਅਰੀ ਇੰਡਸਟਰੀ ਨੂੰ ਦੁੱਧ ਨਿਰੀਖਣ ਕਰਨ ਲਈ ਕੈਮੀਕਲ ਸਪਲਾਈ ਕਰਦੇ ਹਨ ਅਤੇ ਫੈਕਟਰੀ 'ਚ ਡਿਸਟਿਲਰੀਜ਼ ਤੋਂ ਲਿਆਂਦਾ ਗਿਆ ਫਿਊਲ ਆਇਲ (ਡਿਸਟਿਲਰੀਜ਼ ਵੇਸਟ) ਸਟੋਰ ਕੀਤਾ ਗਿਆ ਸੀ ਪਰ ਅੱਜ ਸਵੇਰੇ ਅਚਾਨਕ ਅੱਗ ਭੜਕ ਪਈ। ਅੱਗ ਬੁਝਾਊ ਕਾਰਜਾਂ ਦੌਰਾਨ ਫੋਕਲ ਪੁਆਇੰਟ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਗੁਪਤਾ ਅਤੇ ਹੋਰ ਨੁਮਾਇੰਦੇ ਨਾਇਬ ਤਹਿਸੀਲਦਾਰ ਪਰਮਜੀਤ ਜਿੰਦਲ, ਨਗਰ ਨਿਗਮ ਦੇ ਐੱਸ. ਈ. ਐੱਮ. ਐੱਮ. ਸਿਆਲ ਅਤੇ ਫਾਇਰ ਅਧਿਕਾਰੀਆਂ ਸਮੇਤ ਥਾਣਾ ਅਰਬਨ ਅਸਟੇਟ ਦੇ ਐੱਸ. ਐੱਚ. ਓ. ਹੈਰੀ ਬੋਪਾਰਾਏ, ਥਾਣਾ ਅਨਾਜ ਮੰਡੀ ਦੇ ਐੱਸ. ਐੱਚ. ਓ. ਗੁਰਨਾਮ ਸਿੰਘ ਅਤੇ ਹੋਰ ਅਧਿਕਾਰੀ ਮੌਕੇ 'ਤੇ ਮੌਜੂਦ ਰਹੇ।

ਉਦਯੋਗਪਤੀਆਂ ਨੇ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ
ਫੋਕਲ ਪੁਆਇੰਟ ਐਸੋਸੀਏਸ਼ਨ ਦੇ ਉਦਯੋਗਪਤੀਆਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਕਈ ਘਟਨਾਵਾਂ ਤੋਂ ਬਾਅਦ ਵੀ ਨਗਰ ਨਿਗਮ ਵੱਲੋਂ ਇਥੇ ਫਾਇਰ ਬਿਗ੍ਰੇਡ ਦਾ ਸੈਂਟਰ ਨਹੀਂ ਬਣਾਇਆ ਗਿਆ। ਫੋਕਲ ਪੁਆਇੰਟ ਤੋਂ ਸਭ ਤੋਂ ਜ਼ਿਆਦਾ ਟੈਕਸ ਜਾਂਦਾ ਹੈ ਅਤੇ ਸਮੁੱਚੀਆਂ ਐਸੋਸੀਏਸ਼ਨ ਕਈ ਵਾਰ ਮੇਅਰ ਅਤੇ ਕਮਿਸ਼ਨਰ ਨੂੰ ਮਿਲ ਚੁੱਕੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਹਿਰ ਦਾ ਫਾਇਰ ਬਿਗ੍ਰੇਡ ਸੈਂਟਰ ਕਈ ਕਿਲੋਮੀਟਰ ਦੂਰ ਹੈ ਅਤੇ ਜਦੋਂ ਵੀ ਕੋਈ ਅੱਗ ਲੱਗਣ ਦੀ ਘਟਨਾ ਹੁੰਦੀ ਹੈ ਤਾਂ ਪਹੁੰਚਦੇ ਕਾਫੀ ਸਮਾਂ ਲੱਗ ਜਾਂਦਾ ਹੈ।

ਜਦੋਂ ਸਾਰਾ ਫੋਕਲ ਪੁਆਇੰਟ ਸੜ ਕੇ ਸੁਆਹ ਹੋ ਜਾਵੇ ਤਾਂ ਪ੍ਰਸ਼ਾਸਨ ਬਣਾਏਗਾ ਫਾਇਰ ਬਿਗ੍ਰੇਡ ਸੈਂਟਰ : ਮਿੰਟਾ
ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਅਤੇ ਸਾਬਕਾ ਕੌਂਸਲਰ ਸੁਖਵਿੰਦਰਪਾਲ ਸਿੰਘ ਮਿੰਟਾ ਨੇ ਕਿਹਾ ਕਿ ਹਰ ਸਾਲ ਫੋਕਲ ਪੁਆਇੰਟ ਵਿਖੇ ਕਿਸੇ ਨਾ ਕਿਸੇ ਫੈਕਟਰੀ 'ਚ ਅੱਗ ਲੱਗਦੀ ਹੈ ਅਤੇ ਹਰ ਵਾਰ ਪ੍ਰਸ਼ਾਸਨਿਕ ਅਧਿਕਾਰੀ ਜਾਇਜ਼ਾ ਲੈਣ ਲਈ ਪਹੁੰਚ ਜਾਂਦੇ ਹਨ ਜਦੋਂ ਅੱਗ ਬੁੱਝ ਜਾਂਦੀ ਹੈ ਅਤੇ ਉਦਯੋਗਪਤੀਆਂ ਦਾ ਕਰੋੜਾਂ ਦਾ ਨੁਕਸਾਨ ਹੋ ਜਾਂਦਾ ਹੈ ਪਰ ਪ੍ਰਸ਼ਾਸਨਿਕ ਆਪਣੇ ਏ. ਸੀ. ਦਫਤਰਾਂ ਵਿਚ ਜਾ ਕੇ ਸਾਰਾ ਕੁਝ ਭੁੱਲ ਜਾਂਦੇ ਹਨ। ਮਿੰਟਾ ਨੇ ਕਿਹਾ ਕਿ ਜੇਕਰ ਭਵਿੱਖ ਵਿਚ ਅਜਿਹੀਆਂ ਅੱਗ ਦੀਆਂ ਘਟਨਾਵਾਂ ਨਾ ਹੋਣ ਇਸ ਲਈ ਕੁਝ ਨਹੀਂ ਕਰਨਾ ਤਾਂ ਫਿਰ ਜਾਇਜ਼ਾ ਲੈਣ ਦਾ ਕੀ ਫਾਇਦਾ।

 

 

cherry

This news is Content Editor cherry