ਹਿੰਦੂ ਸੰਗਠਨਾਂ ਨੇ ਬੱਸ ਸਟੈਂਡ ਚੌਕ ''ਚ ਲਾਇਆ ਜਾਮ, 14 ਨੂੰ ''ਪਟਿਆਲਾ ਬੰਦ'' ਦਾ ਐਲਾਨ

Wednesday, Jul 12, 2017 - 07:58 AM (IST)

ਪਟਿਆਲਾ  (ਰਾਜੇਸ਼, ਬਲਜਿੰਦਰ) - ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਵੱਲੋਂ ਸ਼੍ਰੀ ਅਮਰਨਾਥ ਯਾਤਰੀਆਂ ਨਾਲ ਭਰੀ ਬੱਸ 'ਤੇ ਕੀਤੇ ਗਏ ਹਮਲੇ ਦੇ ਵਿਰੋਧ ਵਿਚ ਦੇਸ਼ ਭਰ 'ਚ ਗੁੱਸੇ ਦੀ ਲਹਿਰ ਹੈ। ਪਟਿਆਲਾ ਵਿਚ ਅਲੱਗ-ਅਲੱਗ ਹਿੰਦੂ ਸੰਗਠਨਾਂ ਨੇ ਅੱਤਵਾਦੀਆਂ ਦੀ ਇਸ ਕਾਇਰਾਨਾ ਹਰਕਤ ਦੀ ਸਖਤ ਨਿੰਦਾ ਕੀਤੀ ਅਤੇ ਬੱਸ ਸਟੈਂਡ ਪਟਿਆਲਾ ਦੇ ਚੌਕ ਵਿਚ ਜਾਮ ਲਾ ਕੇ ਰੋਸ ਪ੍ਰਦਰਸ਼ਨ ਕਰ ਕੇ ਪਾਕਿਸਤਾਨ ਦਾ ਝੰਡਾ ਸਾੜਿਆ ਗਿਆ। ਇਸ ਦੇ ਨਾਲ ਹੀ ਹਿੰਦੂ ਸੰਗਠਨਾਂ ਨੇ 14 ਜੁਲਾਈ ਨੂੰ 'ਪਟਿਆਲਾ ਬੰਦ' ਦਾ ਐਲਾਨ ਵੀ ਕੀਤਾ। 
ਪਟਿਆਲਾ ਦੇ ਪ੍ਰਮੁੱਖ ਹਿੰਦੂ ਸੰਗਠਨਾਂ ਦੀ ਮੀਟਿੰਗ ਸ਼੍ਰੀ ਵਾਮਨ ਅਵਤਾਰ ਮੰਦਰ ਵਿਖੇ ਹੋਈ, ਜਿਸ ਵਿਚ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਮੁੱਖ ਪਵਨ ਗੁਪਤਾ, ਅਖਿਲ ਭਾਰਤੀ ਹਿੰਦੂ ਕ੍ਰਾਂਤੀ ਦਲ ਦੇ ਕੌਮੀ ਸੰਗਠਨ ਜਨ. ਸਕੱਤਰ ਲਖਵਿੰਦਰ ਸਰੀਨ, ਹਿੰਦੂ ਵੈੱਲਫੇਅਰ ਬੋਰਡ ਦੇ ਚੇਅਰਮੈਨ ਮਹੰਤ ਰਵੀਕਾਂਤ, ਬਜਰੰਗ ਦਲ ਤੋਂ ਡਾ. ਸੰਦੀਪ ਅਰੋੜਾ, ਹਿੰਦੂ ਕ੍ਰਾਂਤੀ ਦਲ ਤੋਂ ਜ਼ਿਲਾ ਪ੍ਰਧਾਨ ਸੰਜੇ ਸ਼ਰਮਾ, ਪੰਜਾਬ ਯੁਵਾ ਮੋਰਚਾ ਪ੍ਰਮੁੱਖ ਵਰੁਨ ਸ਼ਰਮਾ, ਯੁਵਾ ਮੋਰਚਾ ਤੋਂ ਸਾਹਿਲ ਗੋਇਲ ਤੇ ਸਮਾਜ ਸੇਵਾ ਸੁਸਾਇਟੀ ਤੋਂ ਰਾਜੀਵ ਖੰਨਾ ਨੇ ਭਾਗ ਲਿਆ। ਮੀਟਿੰਗ ਵਿਚ ਪੰਜਾਬ ਭਰ ਦੇ ਸਾਰੇ ਹਿੰਦੂ ਸੰਗਠਨਾਂ ਵੱਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ 'ਪੰਜਾਬ ਬੰਦ' ਦੀ ਕਾਲ ਨੂੰ ਸਮੱਰਥਨ ਦੇਣ ਦਾ ਫੈਸਲਾ ਕੀਤਾ ਗਿਆ ਅਤੇ ਪਟਿਆਲਾ ਨੂੰ ਵੀ ਸ਼ੁੱਕਰਵਾਰ 14 ਜੁਲਾਈ ਨੂੰ ਬੰਦ ਰੱਖਿਆ ਜਾਵੇਗਾ। ਹਿੰਦੂ ਆਗੂਆਂ ਨੇ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਅਤੇ ਆਮ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਇਸ ਬੰਦ ਨੂੰ ਸ਼ਿਵ ਭਗਤਾਂ ਦੇ ਹੱਕ ਵਿਚ ਸਮੱਰਥਨ ਦੇਣ ਅਤੇ ਦੁਕਾਨਾਂ ਬੰਦ ਰੱਖ ਕੇ ਸਰਕਾਰ ਨੂੰ ਸਖਤ ਮੈਸੇਜ ਦੇਣ। ਨੇਤਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮੰਗ ਕੀਤੀ ਕਿ ਜੰਮੂ-ਕਸ਼ਮੀਰ ਵਿਚ ਰਾਸ਼ਟਰਪਤੀ ਸ਼ਾਸਨ ਲਾਇਆ ਜਾਵੇ। ਇਸ ਮੌਕੇ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਨੇ ਦੱਸਿਆ ਕਿ ਜਦੋਂ ਤੋਂ ਕੇਂਦਰ ਵਿਚ ਮੋਦੀ ਸਰਕਾਰ ਆਈ ਹੈ, ਉਦੋਂ ਤੋਂ ਹਿੰਦੂ ਸਮਾਜ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸ ਸਮੇਂ ਕਈ ਹਿੰਦੂ ਸੰਗਠਨਾਂ ਦੇ ਆਗੂਆਂ ਵਿਚ ਹਿੰਦੂ ਕ੍ਰਾਂਤੀ ਦਲ ਦੇ ਪ੍ਰਧਾਨ ਰਾਕੇਸ਼ ਕਿੰਗਰ, ਮਨੋਜ ਕਰਨ, ਬਹਾਦਰਗੜ੍ਹ ਤੋਂ ਹਿੰਦੂ ਕ੍ਰਾਂਤੀ ਦਲ ਦੇ ਆਗੂ ਨਵੀਨ ਸ਼ਰਮਾ, ਸੱਜਣ ਕੁਮਾਰ ਜੋਆ, ਨੌਜਵਾਨ ਆਗੂ ਵਿੱਕੀ ਚੁੱਘ ਤੇ ਪਿਯੂਸ਼ ਸ਼ਰਮਾ ਤੋਂ ਇਲਾਵਾ ਕਈ ਹੋਰ ਆਗੂ ਵੀ ਹਾਜ਼ਰ ਸਨ। 


Related News