ਖੂੰਖਾਰ ਜਾਨਵਰ ਨੇ 2 ਦਰਜਨ ਭੇਡਾਂ-ਬੱਕਰੀਆਂ ਨੂੰ ਮੌਤ ਦੇ ਘਾਟ ਉਤਾਰਿਆ

04/21/2019 4:37:15 AM

ਪਟਿਆਲਾ (ਇਕਬਾਲ)-ਇਥੋਂ ਨੇਡ਼ਲੇ ਪਿੰਡ ਸੂਹਰੋਂ ’ਚ ਬੀਤੀ ਰਾਤ ਕਿਸੇ ਅਣਪਛਾਤੇ ਖੂੰਖਾਰ ਜਾਨਵਰ ਵੱਲੋਂ ਭੇਡਾਂ ਤੇ ਬੱਕਰੀਆਂ ਦੇ ਵਾਡ਼ੇ ’ਤੇ ਧਾਵਾ ਬੋਲ ਕੇ 2 ਦਰਜਨ ਤੋਂ ਵੱਧ ਭੇਡਾਂ ਨੂੰ ਨੋਚ-ਨੋਚ ਕੇ ਖਾ ਲਿਆ, ਜਿਸ ਕਾਰਨ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਭੇਡ ਪਾਲਕ ਦੇ ਹੋਏ ਆਰਥਿਕ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਸੂਹਰੋਂ ਦੇ ਸਰਪੰਚ ਸਤਵਿੰਦਰ ਸਿੰਘ ਡਿੰਪਲ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਸੂਹਰੋਂ ਦਾ ਹੀ ਭੇਡ ਪਾਲਕ ਗਡਰੀਆ ਬੰਤ ਸਿੰਘ ਆਪਣੀਆਂ ਭੇਡਾਂ ਤੇ ਬੱਕਰੀਆਂ ਨੂੰ ਪਿੰਡ ਦੇ ਵਾਡ਼ੇ ’ਚ ਹੀ ਬੰਦ ਕਰ ਕੇ ਘਰ ਨੂੰ ਵਾਪਸ ਆ ਗਿਆ, ਜਦੋਂ ਉਹ ਰੋਜ਼ਾਨਾ ਵਾਂਗ ਸਵੇਰੇ ਭੇਡਾਂ ਦੇ ਵਾਡ਼ੇ ’ਚ ਗਿਆ ਤਾਂ ਉਥੇ 2 ਦਰਜਨ ਤੋਂ ਵੱਧ ਭੇਡਾਂ ਤੇ ਬੱਕਰੀਆਂ ਦੀਆਂ ਲਾਸ਼ਾਂ ਪਈਆਂ ਸਨ। ਇਸ ਸਬੰਧੀ ਭੇਡ ਪਾਲਕ ਬੰਤ ਸਿੰਘ ਨੇ ਦੱਸਿਆ ਕਿ ਉਸ ਦਾ ਇਸ ਦੁਖਦਾਈ ਘਟਨਾ ਨਾਲ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋ ਗਿਆ ਹੈ ਜਦ ਕਿ ਉਹ ਭੇਡਾਂ ਤੇ ਬੱਕਰੀਆਂ ਪਾਲ ਕੇ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਇਸ ਘਟਨਾ ਬਾਰੇ ਸਬੰਧਤ ਥਾਣਾ ਖੇਡ਼ੀ ਗੰਡਿਆ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ, ਜਿਸ ’ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਉਕਤ ਪੀਡ਼ਤ ਪਰਿਵਾਰ ਦੀ ਆਰਥਿਕ ਮਦਦ ਦੀ ਫਰਿਆਦ ਕੀਤੀ ਹੈ।