ਪੰਥਕ ਖੇਤਰ ’ਚ ਵਡਮੁਲੇ ਯੋਗਦਾਨ ਪਾਉਣ ਵਾਲੇ ਅਕਾਲੀ ਸਿਪਾਹੀਆਂ ਨੂੰ ਹੀ ਟਿਕਟਾਂ ਦਿੱਤੀਆਂ ਜਾਣ : ਪੰਜੋਲੀ

01/23/2019 10:08:33 AM

ਫਤਿਹਗੜ੍ਹ ਸਾਹਿਬ (ਜਗਦੇਵ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸਮਾਂ ਰਹਿੰਦੇ ਪਾਰਟੀ ਵਿਚ ਸੁਧਾਰ ਲਿਆਂਦੇ ਜਾਣ ਤਾਂ ਜੋ ਪਾਰਟੀ ਨੂੰ ਕੋਈ ਵੱਡਾ ਨੁਕਸਾਨ ਨਾ ਝੱਲਣਾ ਪਵੇ। ਉਨ੍ਹਾਂ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਹਲਕਾ ਸੰਗਰੂਰ ਲਈ ਅਰਵਿੰਦ ਖੰਨਾ ਜੋ ਕਿ ਪੁਰਾਣਾ ਕਾਂਗਰਸੀ ਹੈ, ਨੂੰ ਸ਼੍ਰੋਮਣੀ ਅਕਾਲੀ ਦਲ ਦਾ ਟਿਕਟ ਦੇਣਾ ਚਾਹੁੰਦੀ ਹੈ, ਇਹ ਰੁਝਾਨ ਬਹੁਤ ਹੀ ਗਲਤ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲਾ ਇਕ ਅਜਿਹਾ ਜ਼ਿਲਾ ਹੈ ਜਿਥੇ ਸੰਤ ਹਰਚੰਦ ਸਿੰਘ ਲੌਂਗੋਵਾਲ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹਡ਼ਾ, ਸੁਰਜੀਤ ਸਿੰਘ ਬਰਨਾਲਾ ਅਤੇ ਮੌਜੂਦਾ ਸਮੇਂ ਵਿਚ ਸੁਖਦੇਵ ਸਿੰਘ ਢੀਂਡਸਾ ਨੇ ਹਜ਼ਾਰਾਂ ਹੀ ਵਰਕਰ ਪੈਦਾ ਕੀਤੇ ਹਨ। ਇਨ੍ਹਾਂ ਟਕਸਾਲੀ ਅਕਾਲੀਆਂ ਵਿਚੋ ਹੀ ਕਿਸੇ ਇਕ ਨੂੰ ਟਿਕਟ ਦਿੱਤਾ ਜਾਣਾ ਚਾਹੀਦਾ ਹੈ। ਅਰਵਿੰਦ ਖੰਨਾ ਨੂੰ ਕਾਂਗਰਸੀ ਖੇਮੇ ’ਚੋ ਲਿਆ ਕੇ ਅਕਾਲੀ ਦਲ ਵਿਚ ਸ਼ਾਮਲ ਕਰਕੇ ਉਸ ਨੂੰ ਲੋਕ ਸਭਾ ਦਾ ਟਿਕਟ ਦੇਣਾ ਟਕਸਾਲੀ ਅਕਾਲੀਆਂ ਨਾਲ ਵਿਸ਼ਵਾਸਘਾਤ ਹੋਵੇਗਾ। ਜੱਥੇਦਾਰ ਪੰਜੋਲੀ ਨੇ ਕਿਹਾ ਕਿ ਦੂਸਰਾ ਮਸਲਾ ਪਟਿਆਲਾ ’ਚ ਸਰਦਾਰਾ ਸਿੰਘ ਕੋਹਲੀ ਅਤੇ ਸ੍ਰ. ਮਨਮੋਹਨ ਸਿੰਘ ਬਜਾਜ ਇਨਾਂ ਦੋ ਪਰਿਵਾਰਾਂ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਬਹੁਤ ਵੱਡੀ ਕੁਰਬਾਨੀ ਅਤੇ ਮਹਾਨ ਸੇਵਾ ਹੈ ਅੱਜ ਇਨ੍ਹਾਂ ਟਕਸਾਲੀ ਅਕਾਲੀਆਂ ਨੂੰ ਪਿੱਛੇ ਸੁੱਟ ਕੇ ਜਸਪਾਲ ਜੁਨੇਜਾ ਨੂੰ ਪਟਿਆਲਾ ਦੇ ਸ਼ਹਿਰੀ ਜੱਥੇ. ਦੀ ਵਾਗਡੋਰ ਦੇਣੀ ਅਕਾਲੀ ਦਲ ਦਾ ਪਤਨ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਹੈ। ਜਸਪਾਲ ਜੁਨੇਜਾ ਪਿਛਲੀਆਂ ਚੋਣਾਂ ਵਿਚ ਪਾਰਟੀ ਲਈ ਕੁਝ ਨਹੀਂ ਕਰ ਸਕਿਆ। ਸੁਰਜੀਤ ਸਿੰਘ ਕੋਹਲੀ ਅਤੇ ਇੰਦਰਮੋਹਨ ਸਿੰਘ ਬਜਾਜ ਵਰਗੇ ਮੈਬਰਾਂ ਦਾ ਨਿਰਾਸ਼ ਹੋ ਜਾਣਾ ਪਾਰਟੀ ਲਈ ਵੱਡਾ ਨੁਕਸਾਨ ਸਾਬਤ ਹੋਇਆ। ਉਨ੍ਹਾਂ ਇਸੇ ਤਰਾਂ ਹਲਕਾ ਨਾਭਾ ਵਿਚ ਟਕਸਾਲੀ ਅਕਾਲੀ ਬਲਵੰਤ ਸਿੰਘ ਸ਼ਾਹਪੁਰ (ਸਵਰਗਵਾਸੀ) ਅਤੇ ਮੱਖਣ ਸਿੰਘ ਲਾਲਕਾ ਨੂੰ ਅੱਖ਼ੋ ਪਰੋਖੇ ਕਰਕੇ ਕਬੀਰ ਦਾਸ ਨੂੰ ਦਿੱਤੀ ਗਈ ਟਿਕਟ ਪਾਰਟੀ ਦਾ ਕੁਝ ਵੀ ਨਾ ਸਵਾਰ ਸਕੀ ਉਲਟਾ ਅਕਾਲੀ ਆਗੂ ਅਤੇ ਵਰਕਰ ਨਿਰਾਸ਼ ਹੋ ਗਏ ਜਿਸ ਕਾਰਣ ਪਾਰਟੀ ਦਾ ਵੱਡਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਗੈਰ ਅਕਾਲੀਆਂ ਨੂੰ ਅਕਾਲੀ ਦਲ ਵਿਚ ਸ਼ਾਮਿਲ ਕਰਕੇ ਉਨਾਂ ਨੂੰ ਵੱਡੇ-ਵੱਡੇ ਅਹੁਦੇ ਦੇਣੇ ਇਸ ਨਾਲ ਪਾਰਟੀ ਦਾ ਫਾਇਦਾ ਕੁਝ ਨਹੀ ਹੁੰਦਾ ਅਤੇ ਵਰਕਰਾਂ ਨੂੰ ਵੱਡੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਦਾ ਸਿੱਟਾ ਪਿਛਲੀਆਂ ਵਿਧਾਨ ਸਭਾ ਚੋਣਾ ਵਿੱਚ ਆਪ ਜੀ ਨੇ ਅੱਖੀ ਵੇਖ ਲਿਆ ਹੈ, ਜਦੋ ਅਕਾਲੀਆਂ ਨੂੰ ਕੇਵਲ 15 ਸੀਟਾਂ ਹੀ ਮਿਲਿਆ । ਇਸ ਲਈ ਗੈਰ ਅਕਾਲੀਆਂ ਨੂੁੰ ਇਕੱਠੇ ਕਰਕੇ ਟਕਸਾਲੀ ਅਕਾਲੀਆਂ ਨੂੰ ਨਿਰਾਸ਼ ਨਹੀ ਕਰਨਾ ਚਾਹੀਦਾ।