ਸਰਕਾਰ ਦੀ ਬੇਰੁਖੀ: ਬਰਬਾਦ ਹੋ ਰਹੀ ਪੰਜਾਬ ਦੀ ਸਭ ਤੋਂ ਵੱਡੀ ਲਾਇਬ੍ਰੇਰੀ

07/10/2019 12:05:39 PM

ਪਟਿਆਲਾ (ਜੋਸਨ)—ਪੰਜਾਬ ਸਰਕਾਰ ਦੀ ਬੇਰੁਖੀ ਅਤੇ ਬੇਵਫ਼ਾਈ ਕਾਰਣ ਸ਼ਾਹੀ ਸ਼ਹਿਰ ਪਟਿਆਲਾ ਸਥਿਤ ਪੰਜਾਬ ਦੀ ਸਭ ਤੋਂ ਵੱਡੀ ਸੈਂਟਰਲ ਸਟੇਟ ਲਾਇਬ੍ਰੇਰੀ ਬਰਬਾਦ ਹੋ ਰਹੀ ਹੈ। ਪੰਜ ਏਕੜ ਰਕਬੇ 'ਚ ਸਥਾਪਤ ਇਸ ਲਾਇਬ੍ਰੇਰੀ ਦਾ ਨੀਂਹ-ਪੱਥਰ ਪੈਪਸੂ ਦੇ ਉਸ ਵੇਲੇ ਦੇ ਮੁੱਖ ਮੰਤਰੀ ਬਾਬੂ ਬ੍ਰਿਸ਼ ਭਾਨ ਨੇ 1 ਫਰਵਰੀ 1955 ਵਿਚ ਰੱਖਿਆ ਸੀ। ਇਸ ਦਾ ਉਦਘਾਟਨ ਪੈਪਸੂ ਨੂੰ ਪੰਜਾਬ 'ਚ ਸ਼ਾਮਲ ਕਰ ਲਏ ਜਾਣ ਤੋਂ ਬਾਅਦ ਪੰਜਾਬ ਦੇ ਗਵਰਨਰ ਸੀ. ਪੀ. ਐੱਨ. ਸਿੰਘ ਨੇ 23 ਜੁਲਾਈ 1956 ਵਿਚ ਕੀਤਾ।
ਪੰਜਾਬ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਦੇ ਪੁਸਤਕ ਭੰਡਾਰ 'ਚ ਇਸ ਵੇਲੇ 1,41,000 ਉਧਾਰ ਦੇਣ ਯੋਗ ਪੁਸਤਕਾਂ ਹਨ। ਇਸ ਲਾਇਬਰੇਰੀ ਦੇ ਪੁਰਾਤੱਤਵ ਸੈਕਸ਼ਨ ਵਿਚ 11,000 ਹਵਾਲਾ ਪੁਸਤਕਾਂ ਅਤੇ 3000 ਦੇ ਕਰੀਬ, ਬੇਹੱਦ ਦੁਰਲੱਭ, ਅਮੋਲ ਅਤੇ ਹੱਥ-ਲਿਖਤ ਖਰੜੇ ਹਨ, ਜੋ ਲਾਇਬ੍ਰੇਰੀ ਦਾ ਅਨੁਕੂਲ ਵਾਤਾਵਰਣ ਅਤੇ ਯੋਗ ਰੱਖ-ਰਖਾਅ ਨਾ ਹੋਣ ਕਾਰਨ ਬਰਬਾਦੀ ਦੀ ਕੰਢੇ 'ਤੇ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਅਮੋਲ ਹੱਥ-ਲਿਖਤ ਖਰੜਿਆਂ ਵਿਚ ਇਕ ਤਾੜ (ਪਾਮ) ਦੇ ਪੱਤਿਆਂ 'ਤੇ ਲਿਖਿਆ ਸਿਕੰਦ ਪੁਰਾਣ ਵੀ ਹੈ। ਇਸ 'ਤੇ 81000 ਸਲੋਕ ਸੰਸਕ੍ਰਿਤ 'ਚ ਅੰਕਿਤ ਹਨ। ਇਕ ਮਹਾਭਾਰਤ ਦਾ ਹੱਥ-ਲਿਖਤ ਖਰੜਾ ਜਨਮ ਸਾਖੀ ਬਾਬਾ ਨਾਨਕ ਅਤੇ ਪਰਚੀਆਂ ਭਗਤਾਂ ਕੀਆਂ ਅਤੇ 50 ਸਾਖੀ ਦੇ ਹੱਥ-ਲਿਖਤ ਖਰੜੇ ਵੀ ਇੱਥੇ ਮੌਜੂਦ ਹਨ।

800 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਵਾਲਾ ਆਡੀਟੋਰੀਅਮ ਬੰਦ
ਇਸ ਲਾਇਬ੍ਰੇਰੀ ਦੀ ਇਮਾਰਤ 'ਚ 800 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਵਾਲਾ ਇਕ ਸ਼ਾਨਦਾਰ ਆਡੀਟੋਰੀਅਮ ਹੈ। ਇਹ ਬਦਕਿਸਮਤੀ ਨਾਲ ਪਿਛਲੇ 5 ਸਾਲ (2014) ਤੋਂ ਬੰਦ ਮੁਰੰਮਤ ਲਈ ਤਰਸ ਰਿਹਾ ਹੈ। ਆਧੁਨਿਕ ਸਹੂਲਤਾਂ ਤੋਂ ਵਿਰਵਾ, ਇਕ 200 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਵਾਲਾ ਲੈਕਚਰ ਹਾਲ ਵੀ ਪਹਿਲੀ ਮੰਜ਼ਲ 'ਤੇ ਹੈ। ਉਸ ਦੇ ਹੇਠਾਂ ਜ਼ਮੀਨੀ ਮੰਜ਼ਲ 'ਤੇ ਇਕ ਵਿਸ਼ਾਲ ਅਧਿਐਨ ਹਾਲ ਵੀ ਹੈ। ਲਾਇਬ੍ਰੇਰੀ ਦਾ ਲਗਭਗ ਸਾਰਾ ਫਰਨੀਚਰ ਪੈਪਸੂ ਦੇ ਸਮੇਂ ਦਾ ਹੀ ਹੈ। ਇਸ ਨੂੰ ਬਦਲਣ ਦੀ ਜ਼ਰੂਰਤ ਹੈ।
ਲਾਇਬ੍ਰੇਰੀ 'ਚ ਨਹੀਂ ਇਕ ਵੀ ਏ. ਸੀ.
ਪੰਜ ਏਕੜ ਵਿਚ ਫੈਲੀ ਇਸ ਲਾਇਬ੍ਰੇਰੀ ਵਿਚ ਇਕ ਵੀ ਏ. ਸੀ. ਨਹੀਂ ਸੀ। ਸਾਰੀ ਲਾਇਬ੍ਰੇਰੀ ਤੰਦੂਰ ਵਾਂਗ ਤਪਦੀ ਹੈ। ਬੱਚਾ ਸੈਕਸ਼ਨ ਵੀ ਸਹੂਲਤਾਂ ਦੀ ਘਾਟ ਕਾਰਨ ਖਾਲੀ ਪਿਆ ਸੀ। ਇਸ ਵਿਸ਼ਾਲ ਲਾਇਬ੍ਰੇਰੀ ਦੇ ਸਮੁੱਚੇ ਪ੍ਰਬੰਧ ਲਈ ਕਰਮਚਾਰੀਆਂ ਦੀ ਵਰਤਮਾਨ ਤਾਇਨਾਤੀ, ਪੰਜਾਬ ਸਰਕਾਰ ਵੱਲੋਂ ਸਾਲ 1956 ਵਿਚ ਮਨਜ਼ੂਰ ਕੀਤੀਆਂ ਗਈਆਂ ਅਸਾਮੀਆਂ ਦੀ ਗਿਣਤੀ ਤੋਂ ਅੱਧੀ ਵੀ ਨਹੀਂ ਹੈ।

11 ਵਰ੍ਹਿਆਂ ਤੋਂ ਇਕ ਵੀ ਕਿਤਾਬ ਨਹੀਂ ਖਰੀਦੀ
ਡਿਜੀਟਲ ਇੰਡੀਆ ਦੇ ਯੁਗ ਵਿਚ ਪੰਜਾਬ ਦੀ ਇਸ ਸਭ ਤੋਂ ਵੱਡੀ ਲਾਇਬ੍ਰੇਰੀ ਦੀ ਡਿਜੀਟਲਾਈਜ਼ੇਸ਼ਨ ਵੱਲ ਕੋਈ ਉੱਕਾ ਹੀ ਧਿਆਨ ਨਹੀਂ ਦਿੱਤਾ ਗਿਆ। ਪਿਛਲੇ 11 ਵਰ੍ਹਿਆਂ ਤੋਂ ਕੋਈ ਨਵੀਂ ਪੁਸਤਕ ਖਰੀਦ ਵੀ ਨਹੀਂ ਹੋਈ। ਦਹਾਕੇ ਤੋਂ ਰਾਜਾ ਰਾਮ ਮੋਹਨ ਰਾਏ ਫਾਊਂਡੇਸ਼ਨ, ਕਲਕੱਤਾ ਵੱਲੋਂ ਭੇਜੀ ਜਾਂਦੀ 30 ਲੱਖ ਰੁਪਏ ਸਾਲਾਨਾ ਦੀ ਗਰਾਂਟ ਵੀ ਬੰਦ ਹੈ। ਇਸ ਗਰਾਂਟ 'ਚ ਹਰ ਸਾਲ ਪੰਜਾਬ ਸਰਕਾਰ ਵੱਲੋਂ ਆਪਣੇ ਹਿੱਸੇ ਦੀ ਬਣਦੀ 20 ਲੱਖ ਰੁਪਏ ਦੀ ਸਾਲਾਨਾ ਰਾਸ਼ੀ ਪਿਛਲੇ 10 ਸਾਲ ਤੋਂ ਸਰਕਾਰ ਨੇ ਜਮ੍ਹਾ ਹੀ ਨਹੀਂ ਕਰਵਾਈ। ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਮਹਿਕਮੇ ਦੀ ਬੇਧਿਆਨੀ ਕਾਰਣ ਭਾਰਤ ਸਰਕਾਰ ਵੱਲੋਂ ਭੇਜਿਆ ਇਕ 30 ਲੱਖ ਰੁਪਏ ਦਾ ਚੈੱਕ ਵੀ ਵਾਪਸ ਚਲਾ ਗਿਆ ਹੈ।

ਅੱਗ-ਬੁਝਾਊ ਯੰਤਰ ਵੀ ਹਨ ਖ਼ਰਾਬ
ਵੱਡਾ ਹਨੇਰ ਇਸ ਗੱਲ ਦਾ ਹੈ ਕਿ ਇਸ ਲਾਇਬ੍ਰੇਰੀ 'ਚ ਲੱਗੇ ਸਾਰੇ ਅੱਗ-ਬੁਝਾਊ ਯੰਤਰ ਵੀ ਬੇਕਾਰ ਹਨ। ਇਨ੍ਹਾਂ ਦੀ ਮਿਆਦ ਮਾਰਚ 2015 ਵਿਚ ਪੁੱਗ ਚੁੱਕੀ ਹੈ। ਰੱਬ ਨਾ ਕਰੇ ਜੇ ਕਦੇ ਕੋਈ ਸ਼ਾਰਟ ਸਰਕਟ ਜਾਂ ਕਿਸੇ ਹੋਰ ਵਜ੍ਹਾ ਨਾਲ ਕੋਈ ਹਾਦਸਾ ਵਾਪਰ ਗਿਆ ਤਾਂ ਇਹ ਸਾਰਾ ਵਡਮੁੱਲਾ ਖਜ਼ਾਨਾ ਸੜ ਕੇ ਸੁਆਹ ਹੋ ਜਾਵੇਗਾ।

ਵੱਡੇ-ਵੱਡੇ ਦਮਗਜ਼ੇ ਮਾਰਨ ਵਾਲੇ ਅਮਰਿੰਦਰ ਤੇ ਪ੍ਰਨੀਤ ਕੌਰ ਦੇਣ ਧਿਆਨ : ਬੀਰਦਵਿੰਦਰ ਸਿੰਘ
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਰ ਰੋਜ਼ ਵੱਡੇ-ਵੱਡੇ ਦਮਗਜ਼ੇ ਮਾਰਦੇ ਰਹਿੰਦੇ ਹਨ। ਸ਼ਹਿਰ ਦੀਆਂ ਉੱਜੜ ਰਹੀਆਂ ਅਮਾਨਤਾਂ ਦੀ ਸਾਰ ਲੈਣ ਦਾ ਉਨ੍ਹਾਂ ਪਾਸ ਸਮਾਂ ਹੀ ਨਹੀਂ। ਮੁੱਖ ਮੰਤਰੀ ਦੇ ਆਪਣੇ ਸ਼ਹਿਰ ਦੀ ਲਾਇਬ੍ਰੇਰੀ ਦਾ ਜੇ ਇਹ ਹਾਲ ਹੈ ਤਾਂ ਬਾਕੀ ਪੰਜਾਬ ਦਾ ਤਾਂ ਰੱਬ ਹੀ ਰਾਖਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਧਰਮ-ਪਤਨੀ ਸ਼੍ਰੀਮਤੀ ਪ੍ਰਨੀਤ ਕੌਰ ਵੀ ਸ਼ਹਿਰ ਪਟਿਆਲਾ ਤੋਂ ਵਿਧਾਇਕਾ ਵੀ ਰਹਿ ਚੁੱਕੀ ਹੈ। ਹੁਣ ਚੌਥੀ ਵਾਰ ਮੈਂਬਰ ਲੋਕ ਸਭਾ ਚੁਣੀ ਗਈ ਹੈ। ਉਸ ਨੇ ਕਦੇ ਵੀ ਆਪਣੇ ਐੱਮ. ਪੀ. ਲੈਂਡ ਫੰਡ 'ਚੋਂ ਇਸ ਲਾਇਬ੍ਰੇਰੀ ਦੀ ਹਾਲਤ ਸੁਧਾਰਨ ਲਈ ਕਦੇ ਧੇਲਾ ਨਹੀਂ ਦਿੱਤਾ। ਲਾਇਬ੍ਰੇਰੀ ਦੇ ਪਿਛਲੇ ਪਾਸਿਓਂ ਰੇਲ ਦੀ ਲਾਈਨ ਗੁਜ਼ਰਦੀ ਹੈ। ਇਸ ਜਗ੍ਹਾ 'ਤੇ ਦੁਰਲੱਭ ਹੱਥ-ਲਿਖਤ ਖਰੜੇ ਰੱਖੇ ਹੋਏ ਹਨ। ਉਸ ਤਰਫ਼ ਕੋਈ ਚਾਰਦੀਵਾਰੀ ਨਹੀਂ ਹੈ।

ਲਾਇਬਰੇਰੀ ਤੋਂ ਰਾਜੇ ਦੇ ਮਹਿਲਾਂ ਤੱਕ ਇਤਿਹਾਸਕ ਜਾਗੋ ਜਾਵੇਗੀ ਕੱਢੀ
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਕਾਸ਼! ਸੱਤਾ ਦੇ ਗਲਿਆਰਿਆਂ 'ਚ ਬੈਠੇ 'ਚੌਧਰੀਆਂ' ਨੂੰ ਕਿਤਾਬਾਂ ਦੀ ਗੁਣਵੱਤਾ, ਲਿਖਤਾਂ ਦੀ ਦਾਨਾਈ ਅਤੇ ਗਿਆਨ ਦੇ ਇਨ੍ਹਾਂ ਭੰਡਾਰਾਂ ਦੀ ਮਾੜੀ-ਮੋਟੀ ਸੋਝੀ ਜਾਂ ਇਲਮ ਹੁੰਦਾ ਤਾਂ ਇਹ ਬਰਬਾਦੀ ਦੇ ਮੰਜ਼ਰ ਸਾਨੂੰ ਦੇਖਣੇ ਨਾ ਪੈਂਦੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਹੋਸ਼ 'ਚ ਆਵੇ। ਇਸ ਸ਼ਾਨਦਾਰ ਵਿਰਾਸਤੀ ਸੈਂਟਰਲ ਸਟੇਟ ਲਾਇਬਰੇਰੀ ਦੀ ਸੇਵਾ ਸੰਭਾਲ ਲਈ ਪੂਰਨ ਸੁੱਧ-ਬੁੱਧ ਨਾਲ ਕੋਈ ਯੋਜਨਾ ਤੁਰੰਤ ਬਣਾਵੇ। ਜੇਕਰ ਅਜਿਹਾ ਨਾ ਹੋਇਆ ਤਾਂ ਕੁੰਭਕਰਨੀ ਨੀਂਦ ਸੁੱਤੇ ਮੁੱਖ ਮੰਤਰੀ ਨੂੰ ਜਗਾਉਣ ਲਈ ਸ਼ਹਿਰ ਵਿਚ ਛੇਤੀ ਹੀ ਸੈਂਟਰਲ ਸਟੇਟ ਲਾਇਬਰੇਰੀ ਤੋਂ ਸ਼ੁਰੂ ਕਰ ਕੇ ਰਾਜੇ ਦੇ ਮਹਿਲਾਂ ਤੱਕ ਇਕ ਵੱਡੀ ਇਤਿਹਾਸਕ ਜਾਗੋ ਕੱਢੀ ਜਾਵੇਗੀ।

Shyna

This news is Content Editor Shyna