ਪਟਿਆਲਾ ਜ਼ਿਲੇ ’ਚ ਹੁਣ ਤੱਕ ਜਾਣੋ ਕੋਰੋਨਾ ਕੇਸਾਂ ਦੇ ਤਾਜ਼ਾ ਹਾਲਾਤ, 18 ਮਰੀਜ਼ ਹੋਏ ਠੀਕ

05/13/2020 10:04:26 AM

ਨਾਭਾ (ਜੈਨ)-ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਇੱਥੇ ਸਿਵਲ ਹਸਪਤਾਲ ਵਿਚ ਤਿਆਰ ਹੋ ਰਹੇ ਨਵੇਂ ਆਈਸੋਲੇਸ਼ਨ ਵਾਰਡ ਦਾ ਨਿਰੀਖਣ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਦਲਵੀਰ ਕੌਰ ਸਮੇਤ ਹੋਰ ਡਾਕਟਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਨਵੇਂ ਵਾਰਡ ’ਚ 50 ਮਰੀਜ਼ ਰੱਖੇ ਜਾ ਸਕਦੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲਾ ਪਟਿਆਲਾ ਵਿਚ ਸਿਹਤ ਵਿਭਾਗ ਵਲੋਂ ਕੋਰੋਨਾ ਜਾਂਚ ਲਈ ਹੁਣ ਤੱਕ 1700 ਤੋਂ ਵਧ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 102 ਮਰੀਜ਼ ਪਾਜ਼ੇਟਿਵ ਪਾਏ ਗਏ ਅਤੇ 18 ਮਰੀਜ਼ ਠੀਕ ਹੋ  ਚੁੱਕੇ ਹਨ।

ਇਸ ਸਮੇਂ 82 ਮਰੀਜ਼ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਕੁੱਲ 2460 ਸਿਹਤ ਅਧਿਕਾਰੀ ਤੇ ਮੁਲਾਜ਼ਮ ਡਿਊਟੀ ਨਿਭਾ ਰਹੇ ਹਨ। ਪਟਿਆਲਾ ’ਚ ਮਰੀਜ਼ਾਂ ਵਲੋਂ ਕੀਤਾ ਗਿਆ ਹੰਗਾਮਾ ਦੁੱਖਦਾਈ ਹੈ, ਕਿਉਂਕਿ ਸੱਚਾ ਸੌਦਾ ਡੇਰਾ ਸ਼ਰਧਾਲੂਆਂ ਵਲੋਂ ਪੈਕੇਟ ਲੰਗਰ ਤੇ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਇਹੋ ਲੰਗਰ ਡਾਕਟਰ ਤੇ ਸਿਹਤ ਸਟਾਫ ਲਈ ਮੁਹੱਈਆ ਕਰਵਾਇਆ ਜਾ ਰਿਹਾ ਹੈ। ਅਸੀਂ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਹਰ ਸੰਭਵ ਇਲਾਜ ਕਰ ਰਹੇ ਹਾਂ ਪਰ ਹੰਗਾਮਾ ਕਰਨਾ ਚੰਗਾ ਨਹੀਂ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਰੋਗੀ ਵਧ ਸਕਦੇ ਹਨ, ਜਿਸ ਕਰਕੇ ਅਸੀਂ ਪਹਿਲਾਂ ਤੋਂ ਹੀ ਸੁਚੱਜੇ ਪ੍ਰਬੰਧ ਕਰ ਰਹੇ ਹਾਂ ਤਾਂ ਜੋ ਕੋਈ ਮੁਸ਼ਕਲ ਨਾ ਹੋਵੇ। ਇਸ ਮੌਕੇ ਚੀਫ ਫਾਰਮੇਸੀ ਅਧਿਕਾਰੀ ਡਾ. ਸਤਵੀਰ ਜਿੰਦਲ ਵੀ ਮੌਜੂਦ ਸਨ।

Shyna

This news is Content Editor Shyna