ਦੇਸ਼ ਦੇ ਜਵਾਨ ਦੇ ਬੋਲ ਲਲਕਾਰ ਰਹੇ ਦੁਸ਼ਮਣ ਨੂੰ ''ਅਸੀਂ ਲੈਣਾਂ ਵੀਰਾਂ ਦਾ ਬਦਲਾ, ਤੇਰੀ ਹਿੱਕ ''ਤੇ ਫਾਇਰ ਕਰ ਕੇ''

07/05/2020 6:08:24 PM

ਪਟਿਆਲਾ (ਰਾਜੇਸ਼ ਸ਼ਰਮਾ ਪੰਜੌਲਾ)-'ਅਸੀਂ ਲੈਣਾ ਵੀਰਾਂ ਦਾ ਬਦਲਾ, ਤੇਰੀ ਹਿੱਕ 'ਤੇ ਫਾਇਰ ਕਰ ਕੇ'। ਇਹ ਜੋਸ਼ ਦੀ ਭਾਵਨਾ ਹੈ ਦੇਸ਼ ਦੇ ਸੈਨਿਕ ਦੀ, ਜੋ ਦੇਸ਼ ਦੀ ਸਰਹੱਦ 'ਤੇ ਪਾਕਿਸਤਾਨ ਅਤੇ ਚੀਨ ਨੂੰ ਆਪਣੇ ਗੀਤਾਂ ਰਾਹੀਂ ਸਿੱਧੇ ਤੌਰ 'ਤੇ ਲਲਕਾਰ ਰਿਹਾ ਹੈ। ਪੰਜਾਬ ਵਿਚ ਭਾਵੇਂ ਹੀ ਗਾਇਕ ਪੈਸਿਆਂ ਲਈ ਵੱਖਵਾਦ ਦੀਆਂ ਗੱਲਾਂ ਕਰ ਕੇ ਆਪਣੇ ਆਕਾਵਾਂ ਨੂੰ ਖੁਸ਼ ਕਰ ਰਹੇ ਹੋਣ ਪਰ ਸੱਚਾ ਪੰਜਾਬੀ ਸਿੱਖ ਜਵਾਨ ਪਾਕਿਸਤਾਨ ਅਤੇ ਚੀਨ ਨੂੰ ਆਪਣੀ ਡਿਊਟੀ ਦੌਰਾਨ ਸਿੱਧੇ ਤੌਰ 'ਤੇ ਲਲਕਾਰ ਰਿਹਾ ਹੈ।

ਯਾਦਵਿੰਦਰ ਸਿੰਘ ਯਾਦੀ ਪਟਿਆਲਾ ਦੀ ਤਹਿਸੀਲ ਪਾਤੜਾਂ ਦੇ ਛੋਟੇ ਜਿਹੇ ਪਿੰਡ ਧੂਹੜ ਦਾ ਰਹਿਣ ਵਾਲਾ ਅਜਿਹਾ ਜਵਾਨ ਹੈ, ਜੋ ਨਾ ਸਿਰਫ ਬੰਦੂਕ ਨਾਲ ਚੀਨ ਅਤੇ ਪਾਕਿਸਤਾਨ ਨੂੰ ਜਵਾਬ ਦੇਣ ਲਈ ਤਿਆਰ ਹੈ ਬਲਕਿ ਆਪਣੇ ਤਿੱਖੇ ਬੋਲਾਂ ਰਾਹੀਂ ਵੀ ਆਪਣੀਆਂ ਭਾਵਨਾਵਾਂ ਪ੍ਰਗਟ ਕਰ ਰਿਹਾ ਹੈ, ਉਥੇ ਨਾਲ ਹੀ ਆਪਣੇ ਜਵਾਨ ਸਾਥੀਆਂ ਵਿਚ ਵੀ ਆਪਣੇ ਗੀਤਾਂ ਰਾਹੀਂ ਜੋਸ਼ ਭਰ ਰਿਹਾ ਹੈ। ਯਾਦਵਿੰਦਰ ਸਿੰਘ ਫੌਜ ਵਿਚ ਆਪਣੀਆਂ ਸੇਵਾਵਾਂ ਦੇਣ ਦੇ ਨਾਲ-ਨਾਲ ਗੀਤ ਲਿਖਣ ਅਤੇ ਗਾਉਣ ਦਾ ਵੀ ਸ਼ੌਕੀਨ ਹੈ। ਉਸ ਵੱਲੋਂ ਗਾਏ ਕੁਝ ਦੇਸ਼ ਭਗਤੀ ਦੇ ਗੀਤ ਦੇਸ਼ ਭਗਤਾਂ ਵੱਲੋਂ ਕਾਫੀ ਪਸੰਦ ਕੀਤੇ ਜਾ ਰਹੇ ਹਨ। ਉਸ ਦੇ ਦੇਸ਼ ਭਗਤੀ ਨਾਲ ਭਰੇ ਇਹ ਗੀਤ ਸੁਣ ਕੇ ਕਿਸੇ ਦਾ ਵੀ ਖੂਨ ਖੌਲ ਜਾਵੇ। ਜਿਸ ਸਮੇਂ ਉਸ ਦੀ ਡਿਊਟੀ ਜੰਮੂ ਕਸ਼ਮੀਰ ਦੇ ਕੁਪਵਾੜਾ ਵਿਚ ਸੀ ਤਾਂ ਉਸ ਨੇ ਆਪਣੇ ਜਵਾਨਾਂ ਨਾਲ ਮਿਲ ਕੇ ਬਰਫੀਲੇ ਪਹਾੜਾਂ 'ਤੇ ਪਾਕਿਸਤਾਨ ਅਤੇ ਚੀਨ ਨੂੰ ਲਲਕਾਰਣ ਵਾਲਾ ਗੀਤ 'ਅਸੀਂ ਲੈਣਾ ਵੀਰਾਂ ਦਾ ਬਦਲਾ, ਤੇਰੀ ਹਿੱਕ 'ਤੇ ਫਾਇਰ ਕਰ ਕੇ' ਗਾ ਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਅੱਪਲੋਡ ਕੀਤਾ। ਇਸ ਗੀਤ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

ਪੰਜਾਬ ਵਿਚ ਪਿਛਲੇ ਦਿਨੀਂ ਜੈਜੀ ਬੀ ਅਤੇ ਦਿਲਜੀਤ ਦੋਸਾਂਝ ਦੇ ਵੱਖਵਾਦ ਨੂੰ ਬੜਾਵਾ ਦੇਣ ਵਾਲੇ ਗੀਤਾਂ ਦੀ ਚਾਰੇ ਪਾਸੇ ਨਿੰਦਾ ਹੋਈ ਹੈ। ਇਹ ਗਾਇਕ ਸਿਰਫ ਕੁਝ ਲੋਕਾਂ ਨੂੰ ਖੁਸ਼ ਕਰਨ ਲਈ ਇਸ ਤਰ੍ਹਾਂ ਦੇ ਗੀਤ ਗਾ ਰਹੇ ਹਨ ਜਦੋਂ ਕਿ ਦੂਜੇ ਪਾਸੇ ਯਾਦਵਿੰਦਰ ਸਿੰਘ ਵਰਗੇ ਜਵਾਨ ਦੇਸ਼ ਸੇਵਾ ਵਿਚ ਲੱਗੇ ਹੋਏ ਹਨ ਅਤੇ ਦੇਸ਼ ਭਗਤੀ ਨਾਲ ਭਰੇ ਗੀਤ ਗਾ ਕੇ ਜੋਸ਼ ਪੈਦਾ ਕਰ ਰਹੇ ਹਨ, ਜਿਸ ਵਿਚ ਇਕ ਗੀਤ 'ਤਿਰੰਗੇ ਵਿਚ ਲਿਪਟੀ ਲਾਸ਼ ਦੇਖ ਕੇ ਨੀ ਮਾਏਂ ਅੱਥਰੂ ਬਹਾਈਂ ਨਾ' ਸੁਣ ਕੇ ਦੇਸ਼ ਵਾਸੀਆਂ ਦੀਆਂ ਅੱਖਾਂ ਵਿਚ ਹੰਝੂ ਭਰ ਗਏ ਸਨ। ਇਹ ਨੌਜਵਾਨ ਦੇਸ਼ ਦੀ ਸੇਵਾ ਕਰਨ ਦੇ ਨਾਲ-ਨਾਲ ਦੇਸ਼ ਸੇਵਾ ਪ੍ਰਤੀ ਨੌਜਵਾਨਾਂ ਨੂੰ ਪ੍ਰੇਰਿਤ ਵੀ ਕਰ ਰਿਹਾ ਹੈ।
ਯਾਦਵਿੰਦਰ ਨੇ ਦੱਸਿਆ ਕਿ ਉਸ ਨੂੰ ਗੀਤ ਲਿਖਣ ਅਤੇ ਗਾਉਣ ਦਾ ਬਹੁਤ ਸ਼ੌਕ ਹੈ। ਉਸ ਨੇ ਆਪਣੇ ਗੀਤਾਂ ਰਾਹੀਂ ਪਾਕਿਸਤਾਨ ਅਤੇ ਚੀਨ ਨੂੰ ਖੁੱਲ੍ਹ ਕੇ ਲਲਕਾਰਿਆ ਹੈ ਕਿ ਉਹ ਲੁਕ-ਲੁਕ ਕੇ ਹਮਲੇ ਕਰ ਰਹੇ ਹਨ, ਜੇਕਰ ਹਿੰਮਤ ਹੈ ਤਾਂ ਸਿੱਧੇ ਆ ਕੇ ਲਲਕਾਰਨ। ਉਸ ਨੇ ਆਪਣੇ ਗੀਤ ਆਪਣੇ ਸ਼ਹੀਦ ਪਰਿਵਾਰਾਂ ਲਈ ਲਿਖੇ ਹਨ। ਉਹ ਤਿਆਰ ਹੈ ਆਪਣੇ ਸ਼ਹੀਦ ਭਰਾਵਾਂ ਦਾ ਬਦਲਾ ਲੈਣ ਲਈ। ਆਪਣੇ ਨੌਜਵਾਨ ਭਰਾਵਾਂ ਨੂੰ ਜਗਾਉਣ ਅਤੇ ਦੇਸ਼ ਪ੍ਰਤੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸਮਝਾਉਣ ਲਈ ਹੀ ਉਹ ਦੇਸ਼ ਭਗਤੀ ਦੇ ਗੀਤ ਲਿਖ ਰਿਹਾ ਹੈ। ਉਸ ਦੇ ਸਾਥੀ ਉਸ ਦੇ ਗੀਤਾਂ ਨੂੰ ਭਰਪੂਰ ਪਿਆਰ ਦੇ ਰਹੇ ਹਨ। ਉਹ ਅੱਗੇ ਵੀ ਇਸ ਤਰ੍ਹਾਂ ਦੇ ਦੇਸ਼ ਭਗਤੀ ਦੇ ਗੀਤ ਲਿਖਦਾ ਰਹੇਗਾ। ਉਸ ਦਾ ਕਹਿਣਾ ਹੈ ਕਿ ਦੇਸ਼ ਦੇ ਅੰਦਰ ਜੋ ਪੰਜਾਬੀ ਗਾਇਕ ਹਨ, ਉਹ ਪਤਾ ਨਹੀਂ ਕਿਹੜੇ ਲੋਕਾਂ ਨੂੰ ਖੁਸ਼ ਕਰਨ ਲਈ ਦੇਸ਼ ਨੂੰ ਤੋੜਨ ਅਤੇ ਵੱਖਵਾਦ ਲਈ ਗੀਤ ਲਿਖ ਅਤੇ ਗਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਾਰਤ ਮਾਤਾ ਦਾ ਸਪੂਤ ਹੈ ਅਤੇ ਉਹ ਹਮੇਸ਼ਾ ਦੇਸ਼ ਨੂੰ ਜੋੜਨ ਅਤੇ ਦੇਸ਼ 'ਤੇ ਮਰ ਮਿਟਣ ਦੇ ਗੀਤ ਲਿਖਦਾ ਰਹੇਗਾ ਅਤੇ ਗਾਉਂਦਾ ਰਹੇਗਾ। ਇਹ ਉਸ ਦੀ ਆਖਰੀ ਇੱਛਾ ਹੈ ਅਤੇ ਇਹੀ ਉਸ ਦਾ ਟੀਚਾ ਵੀ ਹੈ।

Shyna

This news is Content Editor Shyna