ਪਟਿਆਲਾ ਜ਼ਿਲੇ ''ਚ 2 ਹੋਰ ''ਕੋਰੋਨਾ ਪਾਜ਼ੇਟਿਵ'', ਗਿਣਤੀ 101

05/09/2020 10:53:14 AM

ਪਟਿਆਲਾ (ਜ. ਬ.): ਪਟਿਆਲਾ ਜ਼ਿਲੇ ਵਿਚ ਕੱਲ੍ਹ 2 ਹੋਰ ਕੇਸ 'ਕੋਰੋਨਾ ਪਾਜ਼ੇਟਿਵ' ਦੇ ਆਉਣ ਮਗਰੋਂ ਜ਼ਿਲੇ ਵਿਚ ਕੇਸਾਂ ਦੀ ਗਿਣਤੀ 101 ਹੋ ਗਈ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅਸੀਂ ਕੱਲ 148 ਸੈਂਪ ਲਏ ਸੀ, ਜਿਨ੍ਹਾਂ ਵਿਚੋਂ 2 ਪਾਜ਼ੀਟਿਵ ਆਏ ਹਨ ਜਦਕਿ 146 ਨੈਗੇਟਿਵ ਹਨ। ਉਨ੍ਹਾਂ ਦੱਸਿਆ ਕਿ ਪਾਜ਼ੀਟਿਵ ਕੇਸਾਂ ਵਿਚ ਇਕ ਬਜ਼ੁਰਗ ਵਿਅਕਤੀ ਸ੍ਰੀ ਹਜ਼ੂਰ ਸਾਹਿਬ ਤੋਂ ਪਰਤਿਆ ਹੈ, ਜਿਸ ਨੂੰ ਸਮਾਣਾ ਵਿਖੇ ਉਸ ਦੇ ਘਰ ਵਿਚ ਹੀ 'ਇਕਾਂਤਵਾਸ' ਵਿਚ ਰੱਖਿਆ ਗਿਆ ਹੈ। ਦੂਜਾ ਕੇਸ ਰਾਜਪੁਰਾ ਦੀ ਲੜਕੀ ਹੈ, ਜੋ ਕਿ ਪਰਸੋਂ ਪਾਜ਼ੀਟਿਵ ਆਈ ਔਰਤ ਦੇ ਸੰਪਰਕ ਵਿਚ ਆਈ ਸੀ।ਡਾ. ਮਲਹੋਤਰਾ ਨੇ ਦੱਸਿਆ ਕਿ ਕੱਲ 5 ਸੈਂਪਲ ਰਿਪੀਟ ਕੀਤੇ ਜਾਣਗੇ। ਅੱਜ ਪਾਜ਼ੇਟਿਵ ਆਏ ਕੇਸਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:ਮਮਤਾ ਸ਼ਰਮਸਾਰ: ਮਤਰੇਈ ਮਾਂ ਨੇ ਡੁਬੋ ਕੇ ਮਾਰਿਆ 8 ਸਾਲਾ ਬੱਚਾ

ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਹੁਣ ਤਕ 1543 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 1362 ਨੈਗੇਟਿਵ ਅਤੇ 101 ਪਾਜ਼ੇਟਿਵ ਆਏ ਹਨ ਜਦਕਿ 80 ਟੈਸਟਾਂ ਦਾ ਨਤੀਜਾ ਆਉਣਾ ਬਾਕੀ ਹੈ। 14 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ 2 ਦੀ ਹੁਣ ਤਕ ਮੌਤ ਹੋਈ ਹੈ।ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲੇ ਵਿਚ 69 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 22 ਸੈਂਪਲ ਮਾਡਲ ਟਾਊਨ ਵਿਚ ਸਰਕਾਰੀ ਸਕੂਲ ਵਿਚ 'ਇਕਾਂਤਵਾਸ' ਵਿਚ ਰੱਖੇ ਮਜ਼ਦੂਰਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਲਏ ਗਏ ਹਨ।ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ 'ਕੋਰੋਨਾ' ਨਾਲ ਲੜਾਈ ਲੜਨ ਦੇ ਨਾਲ-ਨਾਲ ਡੇਂਗੂ, ਮਲੇਰੀਆ ਅਤੇ ਚਿਕਗੁਨੀਆ ਦੇ ਨਾਲ ਵੀ ਲੜਾਈ ਲੜ ਰਿਹਾ ਹੈ। ਅੱਜ ਡਰਾਈ ਡੇਅ ਵਾਲੇ ਦਿਨ 12238 ਘਰਾਂ ਦੀ ਕੀਤੀ ਗਈ ਚੈਕਿੰਗ ਦੌਰਾਨ 11 ਘਰਾਂ ਵਿਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਉਨ੍ਹਾਂ ਨੇ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ 'ਕੋਰੋਨਾ' ਦੇ ਨਾਲ-ਨਾਲ ਡੇਂਗੂ, ਮਲੇਰੀਆ ਅਤੇ ਚਿਕਗੁਨੀਆਂ ਤੋਂ ਬਚਾਅ ਦੇ ਯਤਨਾਂ ਵਿਚ ਸਹਿਯੋਗ ਦੇਣ।

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਜਾਣਿਆ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸਟਾਫ ਦਾ ਹਾਲ

ਕੋਰੋਨਾ ਅੱਪਡੇਟ
ਕੁੱਲ ਕੇਸ : 101
ਪਾਜ਼ੀਟਿਵ ਕੇਸ : 101
ਕੁੱਲ ਸੈਂਪਲ ਟੈਸਟ ਕੀਤੇ : 1543
ਨੈਗੇਟਿਵ : 1362
ਰਿਪੋਰਟ ਆਉਣੀ ਬਾਕੀ : 80
ਤੰਦਰੁਸਤ ਹੋਏ ਮਰੀਜ਼ : 14
ਮੌਤਾਂ : 2

Shyna

This news is Content Editor Shyna