ਬਕਾਇਆ ਪੇਮੈਂਟਾਂ ਨਾ ਮਿਲਣ ’ਤੇ ਸ਼ੈਲਰ ਮਾਲਕਾਂ ਵੱਲੋਂ ਅਨਾਜ ਭਵਨ ਚੰਡੀਗਡ਼੍ਹ ਘੇਰਨ ਦਾ ਐਲਾਨ

08/28/2019 10:42:57 AM

ਪਟਿਆਲਾ (ਬਲਜਿੰਦਰ)—ਪਟਿਆਲਾ ਜ਼ਿਲੇ ਦੇ ਰਾਈਸ ਮਿੱਲਰਾਂ ਨੇ ਐਲਾਨ ਕੀਤਾ ਕਿ ਜੇਕਰ 5 ਲੱਖ ਸਿਕਿਓਰਿਟੀ, ਯੂਜੇਜ਼ ਚਾਰਜਜ਼ ਅਤੇ ਬਕਾਇਆ ਮਿਲਿੰਗ ਬਿੱਲਾਂ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਸ਼ੈਲਰ ਮਾਲਕ ਚੰਡੀਗਡ਼੍ਹ ਵਿਚ ਅਨਾਜ ਭਵਨ ਦਾ ਘਿਰਾਓ ਕਰਨਗੇ। ਇਹ ਫੈਸਲਾ ਜ਼ਿਲਾ ਪਟਿਆਲਾ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਲਿਆ ਗਿਆ।

ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਚੀਮਾ ਨੇ ਦੱਸਿਆ ਕਿ ਇਸ ਸਮੇਂ ਸਮੁੱਚੇ ਰਾਈਸ ਮਿੱਲਰ ਭਾਰੀ ਆਰਥਕ ਸੰਕਟ ਵਿਚੋਂ ਲੰਘ ਰਹੇ ਹਨ। ਸਰਕਾਰ ਨੇ ਰਾਈਸ ਮਿੱਲਾਂ ਦੀਆਂ 5 ਲੱਖ ਦੀਆਂ ਸਿਕਿਓਰੀਟੀਜ਼ ਅਜੇ ਤੱਕ ਵਾਪਸ ਨਹੀਂ ਕੀਤੀਆਂ। ਮਿੱਲਰਾਂ ਦੇ ਮਿਲਿੰਗ ਬਿੱਲ ਵੀ ਬਕਾਇਆ ਹਨ। ਯੂਸੇਜ਼ ਚਾਰਜਜ਼ (7.32 ਰੁਪਏ ਪ੍ਰਤੀ ਬੈਗ) ਦੀ ਪੇਮੈਂਟ ਵੀ ਬਕਾਇਆ ਹੈ। ਜ਼ਿਆਦਾਤਰ ਮਿੱਲਰਾਂ ਨੇ 31 ਮਾਰਚ 2019 ਨੂੰ ਚੌਲਾਂ ਦਾ ਭੁਗਤਾਨ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਡਾਇਰੈਕਟਰ ਫੂਡ ਅਨੰਦਿੱਤਾ ਮਿੱਤਰਾ ਨੇ ਬਾਰਦਾਨੇ ਦੀ ਚਿੱਠੀ ਵਾਪਸ ਲੈਣ ਦਾ ਭਰੋਸਾ ਦਿਵਾਇਆ ਸੀ ਪਰ ਉਸ ਸਬੰਧੀ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

ਚੀਮਾ ਨੇ ਕਿਹਾ ਕਿ ਸਰਕਾਰ ਜਲਦ ਤੋਂ ਜਲਦ 2006-07 ਤੋਂ 2014-15 ਤੱਕ ਦੇ ਬਾਰਦਾਨੇ ਦੀਆਂ ਰਿਕਵਰੀਆਂ ਵਾਪਸ ਲਏ ਅਤੇ ਮਨੀ ਕੱਟ ’ਤੇ ਲਾਇਆ ਗਿਆ ਵਿਆਜ ਵਾਪਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰਾਈਸ ਮਿੱਲਰਾਂ ਵਿਚ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਧੱਕੇ ਪ੍ਰਤੀ ਭਾਰੀ ਰੋਸ ਹੈ। ਜੇਕਰ ਮਿੱਲਰਾਂ ਦੀਆਂ ਮੰਗਾਂ ’ਤੇ ਧਿਆਨ ਨਾ ਦਿੱਤਾ ਗਿਆ ਤਾਂ ਉਹ ਆਉਣ ਵਾਲੇ ਸਮੇਂ ਵਿਚ ਸੰਘਰਸ਼ ਦੇ ਰਾਹ ’ਤੇ ਚੱਲਣ ਲਈ ਮਜਬੂਰ ਹੋਣਗੇ ਅਤੇ ਜਲਦ ਹੀ ਅਨਾਜ ਭਵਨ ਚੰਡੀਗਡ਼੍ਹ ਦਾ ਘਿਰਾਓ ਕਰ ਕੇ ਧਰਨਾ ਦਿੱਤਾ ਜਾਵੇਗਾ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਗੁਰਮੇਜ ਸਿੰਘ ਭੁਨਰਹੇਡ਼ੀ, ਦਰਸ਼ਨ ਅਰੋਡ਼ਾ ਅਤੇ ਸਤੀਸ਼ ਕੁਮਾਰ ਨਾਭਾ, ਸੁਰੇਸ਼ ਭੋਲਾ ਅਤੇ ਅਮਰਜੀਤ ਪੰਜਰਥ ਸਮਾਣਾ, ਰਾਜੇਸ਼ ਕੁਮਾਰ ਅਤੇ ਫਕੀਰ ਚੰਦ ਬਾਂਸਲ ਰਾਜਪੁਰਾ, ਮੁਲਖ ਰਾਜ ਗੁਪਤਾ, ਦਿਲਬਾਗ ਸਿੰਘ, ਰਾਜਿੰਦਰ ਗੁਪਤਾ, ਵਿਨੈ ਗੋਇਲ, ਧੀਰਜ ਗਰਗ, ਟਿੰਕੂ ਭਾਨਰਾ, ਗੌਰਵ ਜਿੰਦਲ, ਦਿਪਾਂਸ਼ੂ ਬਾਂਸਲ, ਸੁਰਿੰਦਰ ਕਾਂਸਲ ਅਤੇ ਕ੍ਰਿਸ਼ਨ ਕੁਮਾਰ ਆਦਿ ਹਾਜ਼ਰ ਸਨ।

Shyna

This news is Content Editor Shyna