ਪ੍ਰੇਮ ਵਿਆਹ ਦੀ ਰੰਜਿਸ਼ ਕਾਰਨ ਚੱਲੀਆਂ ਲੋਹੇ ਦੀਆਂ ਰਾਡਾਂ, 6 ਜ਼ਖਮੀ

07/19/2019 12:34:07 PM

ਪਠਾਨਕੋਟ : ਸੁਜਾਨਪੁਰ ਦੇ ਪਿੰਡ ਅਤਿਪੁਰ 'ਚ ਚਾਰ ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਤੋਂ ਨਾਰਾਜ਼ ਦੋਵਾਂ ਧਿਰਾਂ 'ਚ ਲੋਹੇ ਦੀਆਂ ਰਾਡਾਂ ਚੱਲੀਆਂ। ਇਸ 'ਚ ਦੋਵਾਂ ਧਿਰਾਂ ਦੇ 6 ਲੋਕ ਜ਼ਖਮੀ ਹੋ ਗਏ। ਹਾਲਾਂਕਿ ਲੜਕੀ ਪੱਖ ਵਾਲੇ ਇਸ ਝਗੜੇ ਦਾ ਕਾਰਨ ਵਿਆਹ ਦੀ ਰੰਜਿਸ਼ ਬਜਾਏ ਜ਼ਮੀਨੀ ਵਿਵਾਦ ਦੱਸ ਰਹੇ ਹਨ। ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਧਿਰ ਦੇ ਜ਼ਖਮੀ ਹੋਏ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਅਤੇਪੁਰ 'ਚ ਹੈ। ਉਸ ਨੇ 2015 'ਚ ਹੀ ਅਤੇਪੁਰ ਦੀ ਰਹਿਣ ਵਾਲੀ ਲੜਕੀ ਦੇ ਨਾਲ ਕੋਰਟ 'ਚ ਵਿਆਹ ਕਰਵਾਇਆ ਸੀ। ਇਸ ਗੱਲ ਤੋਂ ਉਸ ਦਾ ਸਹੁਰਾ ਪਰਿਵਾਰ ਉਸ ਨਾਲ ਰੰਜਿਸ਼ ਰੱਖਦਾ ਸੀ। ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਕਰਦੇ ਰਹਿੰਦੇ ਸਨ। ਬੀਤੇ ਦਿਨ ਉਹ ਘਰ 'ਚ ਹੀ ਮੌਜੂਦ ਸਨ ਕਿ ਉਕਤ ਲੋਕਾਂ ਨੇ ਲੋਹੇ ਦੀਆਂ ਰਾਡਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਮੈਂ ਤੇ ਮੇਰਾ ਭਰਾ ਗੁਰਦੀਪ ਸਿੰਘ ਜ਼ਖਮੀ ਹੋ ਗਏ। ਜਦਕਿ ਦੂਜੀ ਧਿਰ ਨੇ ਲੋਕਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਅਤੇਪੁਰ 'ਚ ਜ਼ਮੀਨ ਹੈ। ਉਨ੍ਹਾਂ ਨੇ ਜ਼ਮੀਨ 'ਚ ਚਾਰਾ ਬਿਜਿਆਂ ਹੋਇਆ ਹੈ ਤੇ ਜ਼ਮੀਨ ਦੇ ਚਾਰੇ ਪਾਸੇ ਕੰਡਿਆਲੀ ਤਾਰ ਲਗਾਈ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜੀ ਧਿਰ ਦੇ ਲੋਕਾਂ ਦਾ ਘਰ ਉਨ੍ਹਾਂ ਦੀ ਜ਼ਮੀਨ ਦੇ ਨੇੜੇ ਹੈ। ਉਕਤ ਲੋਕ ਆਪਣੇ ਘਰ ਜਾਣ ਲਈ ਸਰਕਾਰੀ ਰਾਸਤੇ ਦਾ ਇਸਤੇਮਾਲ ਕਰਨ ਦੀ ਬਜਾਏ ਉਨ੍ਹਾਂ ਦੀ ਜ਼ਮੀਨ ਤੋਂ ਹੋ ਕੇ ਨਿਕਲਦੇ ਹਨ, ਜਿਸ ਕਾਰਨ ਉਨ੍ਹਾਂ ਦੀ ਫਸਲ ਨੂੰ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਨੇ ਕਈ ਵਾਰ ਉਨ੍ਹਾਂ ਲੋਕਾਂ ਨੂੰ ਇਥੇ ਲੰਘਣ ਤੋਂ ਰੋਕਿਆ ਪਰ ਬੀਤੀ ਰਾਤ ਉਕਤ ਲੋਕਾਂ ਨੇ ਜ਼ਮੀਨ ਦੁਆਲੇ ਲੱਗੀ ਕੰਡਿਆਲੀ ਤਾਰ ਉਖਾੜ ਦਿੱਤੀ। ਜਦੋਂ ਉਨ੍ਹਾਂ ਨੇ ਤਾਰ ਉਖਾੜ ਬਾਰੇ ਪੁੱਛਿਆਂ ਤਾਂ ਉਕਤ ਲੋਕਾਂ ਨੇ ਉਨ੍ਹਾਂ ਨੂੰ ਗਾਲਾਂ ਕੱਢਦੇ ਹੋਏ ਹਮਲਾ ਕਰ ਦਿੱਤਾ। ਜ਼ਖਮੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਬਾਰੇ ਪੁਲਸ ਨੂੰ ਵੀ ਸ਼ਿਕਾਇਤ ਕੀਤੀ ਹੈ।

ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਜਾਨਪੁਰ ਪੁਲਸ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Baljeet Kaur

This news is Content Editor Baljeet Kaur