ਨਵੇਂ ਸਾਲ ''ਤੇ ਪੰਜਾਬ ''ਚ ਦਹਿਸ਼ਤ ਦਾ ਮਾਹੌਲ, ਪਠਾਨਕੋਟ ''ਚ ਹੋਇਆ ਵੱਡਾ ਅੱਤਵਾਦੀ ਹਮਲਾ

01/03/2016 10:39:34 AM

ਪਠਾਨਕੋਟ—  ਨਵੇਂ ਸਾਲ ਦੀ ਸ਼ੁਰੂਆਤ ''ਚ ਹੀ ਪੰਜਾਬ ਦੇ ਪਠਾਨਕੋਟ ''ਚ ਸਥਿਤ ਏਅਰਫੋਰਸ ਬੇਸ ''ਤੇ ਹੋਏ ਅੱਤਵਾਦੀ ਹਮਲੇ ਨੇ ਇਕ ਵਾਰ ਫਿਰ ਸਾਰੇ ਪੰਜਾਬ ''ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਚਾਰ ਅੱਤਵਾਦੀਆਂ ਨੇ ਸਵੇਰੇ 3.30 ਵਜੇ ਪਠਾਨਕੋਟ ਦੇ ਏਅਰਫੋਰਸ ਬੇਸ ''ਤੇ ਹਮਲਾ ਕਰ ਦਿੱਤਾ ਸੀ। ਸੈਨਾ ਦੀ ਵਰਦੀ ''ਚ ਆਏ ਅੱਤਵਾਦੀਆਂ ਨੇ ਏਅਰਫੋਰਸ ਬੇਸ ''ਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। 
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪਾਕਿਸਤਾਨ ਬਾਰਡਰ ਨਾਲ ਲੱਗੇ ਨਰੋਟ ਜੈਮਲ ਸਿੰਘ ਇਲਾਕੇ ਤੋਂ ਲੰਘ ਰਹੇ ਪੀ. ਏ. ਪੀ. ਦੇ ਅਸਿਸਟੈਂਟ ਕਮਾਂਡੈਂਟ ਸਲਵਿੰਦਰ ਸਿੰਘ, ਉਨ੍ਹਾਂ ਦੇ ਦੋਸਤ ਰਾਜੇਸ਼ ਅਤੇ ਕੁੱਕ ਨੂੰ ਅਗਵਾ ਕਰ ਲਿਆ ਸੀ। ਚਾਰ ਅਗਵਾਕਾਰ ਆਰਮੀ ਦੀ ਵਰਦੀ ''ਚ ਸਨ। ਇਸ ਲਈ ਪੁਲਸ, ਬੀ. ਐਸ. ਐਫ. ਅਤੇ ਆਰਮੀ ਨੇ ਇਸ ''ਚ ਅੱਤਵਾਦੀਆਂ ਦੇ ਹੋਣ ਦਾ ਸ਼ੱਕ ਜਤਾਇਆ ਸੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਹਮਲਾ ਇਨ੍ਹਾਂ ਅਗਵਾਕਾਰਾਂ ਵੱਲੋਂ ਹੀ ਕੀਤਾ ਗਿਆ ਹੈ।  
ਮੌਕੇ ''ਤੇ ਪੁਲਸ ਅਤੇ ਸੁਰੱਖਿਆ ਬਲਾਂ ਨੇ ਮੋਰਚਾ ਸੰਭਾਲ ਕੇ ਅੱਤਵਾਦੀਆਂ ਨੂੰ ਚੁਫੇਰਿਓਂ ਘੇਰ ਲਿਆ ਸੀ। ਸਕਵੈਟ ਟੀਮ ਤੋਂ ਇਲਾਵਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਵੀ ਫੋਰਸ ਮੰਗਵਾਈ ਗਈ ਸੀ। ਹੈਲੀਕਾਪਟਰਾਂ ਰਾਹੀਂ ਇਲਾਕੇ ਦੀ ਨਿਗਰਾਨੀ ਕੀਤੀ ਗਈ। ਇਸ ਦੌਰਾਨ ਪੰਜਾਬ ''ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਜੰਮੂ, ਹਿਮਾਚਲ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਸੜਕਾਂ ਸੀਲ ਕਰ ਦਿੱਤੀਆਂ ਗਈਆਂ।
ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ''ਚ ਹੋਏ ਮੁਕਾਬਲੇ ''ਚ ਦੋ ਅੱਤਵਾਦੀ ਪਹਿਲਾਂ ਹੀ ਮਾਰ ਦਿੱਤੇ ਗਏ ਅਤੇ ਇਸ ਦੌਰਾਨ ਤਿੰਨ ਜਵਾਨ ਵੀ ਸ਼ਹੀਦ ਹੋ ਗਏ। ਕਰੀਬ 5 ਘੰਟੇ ਤੱਕ ਚੱਲੇ ਇਸ ਆਪਰੇਸ਼ਨ ''ਚ ਸੁਰੱਖਿਆ ਬਲਾਂ ਨੇ ਸਾਰੇ ਚਾਰ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਸ ਦੌਰਾਨ ਕੁਝ ਸੁਰੱਖਿਆ ਜਵਾਨਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।