ਪਠਾਨਕੋਟ ''ਚ ਪੰਜਾਬ ਤੇ ਹਿਮਾਚਲ ਪੁਲਸ ਦਾ ਸਰਚ ਆਪਰੇਸ਼ਨ (ਵੀਡੀਓ)

08/20/2018 4:55:24 PM

ਪਠਾਨਕੋਟ (ਸ਼ਾਰਦਾ) : ਭਦਰੋਆ ਖੇਤਰ 'ਚ ਐਤਵਾਰ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਗੂੰਗੇ-ਬੋਲੇ ਸਥਾਨਕ ਨੌਜਵਾਨ ਨੇ 3 ਹਥਿਆਰਬੰਦ ਸ਼ੱਕੀ ਦੇਖਣ ਦਾ ਦਾਅਵਾ ਕੀਤਾ। ਸੂਚਨਾ ਮਿਲਣ 'ਤੇ ਪੰਜਾਬ ਪੁਲਸ ਨੇ ਹਿਮਾਚਲ ਪ੍ਰਦੇਸ਼ ਦੀ ਪੁਲਸ ਨਾਲ ਮਿਲ ਕੇ ਦੱਸੇ ਗਏ ਸਥਾਨ ਅਤੇ ਆਸੇ-ਪਾਸੇ ਦੇ ਖੇਤਰਾਂ 'ਚ ਸਰਚ ਆਪ੍ਰੇਸ਼ਨ ਚਲਾਇਆ। ਆਪ੍ਰੇਸ਼ਨ ਦੀ ਵਾਗਡੋਰ ਪੰਜਾਬ ਪੁਲਸ ਵਲੋਂ ਐੱਸ. ਪੀ. ਆਪ੍ਰੇਸ਼ਨ ਹੇਮਪੁਸ਼ਪ ਤੇ ਹਿਮਾਚਲ ਪੁਲਸ ਵਲੋਂ ਡੀ. ਐੱਸ. ਪੀ. ਨੂਰਪੁਰ ਸਾਹਿਲ ਅਰੋੜਾ ਨੇ ਸੰਭਾਲੀ। ਦੋਵਾਂ ਸੂਬਿਆਂ ਦੀ ਪੁਲਸ ਦੇ ਕਰੀਬ 100 ਜਵਾਨ ਦੇਰ ਸ਼ਾਮ ਸਮਾਚਾਰ ਲਿਖੇ ਜਾਣ ਤੱਕ ਤਲਾਸ਼ੀ ਮੁਹਿੰਮ 'ਚ ਲੱਗੇ ਹੋਏ ਸਨ।
ਜਾਣਕਾਰੀ ਅਨੁਸਾਰ ਗੂੰਗੇ-ਬੋਲੇ ਨੌਜਵਾਨ ਨੇ ਭਦਰੋਆ ਪਿੰਡ ਦੀ ਔਰਤ ਸਰਿਸ਼ਟਾ ਨੂੰ ਇਸ਼ਾਰਿਆਂ 'ਚ ਦੱਸਿਆ ਕਿ ਉਸ ਨੇ 3 ਸ਼ੱਕੀ ਵਿਅਕਤੀ ਦੇਖੇ ਹਨ ਜਿਨ੍ਹਾਂ ਨੇ ਪਹਿਲਾਂ ਉਥੇ ਖੁਦ ਨੂੰ ਇੰਜੈਕਸ਼ਨ ਲਾਏ ਅਤੇ ਬਾਅਦ 'ਚ ਮੋਟਰਸਾਈਕਲ 'ਤੇ ਸਵਾਰ ਹੋ ਕੇ ਭਦਰੋਆ ਖੇਤਰ ਵੱਲ ਨਿਕਲ ਗਏ। ਗੂੰਗੇ-ਬੋਲੇ ਨੌਜਵਾਨ ਨੇ ਇਨ੍ਹਾਂ ਸ਼ੱਕੀਆਂ ਦੇ ਕੋਲ ਹਥਿਆਰ ਹੋਣ ਦਾ ਵੀ ਦਾਅਵਾ ਕੀਤਾ। ਔਰਤ ਨੇ ਤੁਰੰਤ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਸਰਚ ਆਪ੍ਰੇਸ਼ਨ 'ਚ ਡੀ. ਐੱਸ. ਪੀ. ਸਿਟੀ ਸੁਖਜਿੰਦਰ ਸਿੰਘ, ਡਵੀਜ਼ਨ ਨੰ. 2 ਦੇ ਥਾਣਾ ਮੁਖੀ ਰਵਿੰਦਰ ਸਿੰਘ ਰੂਬੀ, ਢਾਂਗੂ ਤੇ ਡਮਟਾਲ ਪੁਲਸ ਚੌਕੀ ਮੁਖੀ ਨਾਲ ਨੂਰਪੁਰ ਪੁਲਸ ਸਟੇਸ਼ਨ ਦੇ ਇੰਚਾਰਜ ਨੇ ਆਪਣੇ ਦਲ-ਬਲ ਸਮੇਤ ਚੱਕੀ ਖੱਡ ਨਾਲ ਭਦਰੋਆ ਪਿੰਡ ਅਤੇ ਜੰਗਲ 'ਚ ਸ਼ੱਕੀਆਂ ਦੀ ਤਲਾਸ਼ ਕੀਤੀ। ਉਥੇ ਹੀ ਸ਼ੱਕ ਦੇ ਆਧਾਰ 'ਤੇ ਉਕਤ ਗੂੰਗੇ-ਬੋਲੇ ਨੌਜਵਾਨ ਨੂੰ ਪੁਲਸ ਨੇ ਪੁੱਛਗਿੱਛ ਲਈ ਹਿਰਾਸਤ 'ਚ ਲਿਆ।
ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੇ ਪਿਛਲੇ ਸਾਲ ਵੀ ਸ਼ੱਕੀਆਂ ਦੇ ਦੇਖੇ ਜਾਣ ਦਾ ਦਾਅਵਾ ਕੀਤਾ ਸੀ ਪਰ ਬਾਅਦ 'ਚ ਸਰਚ ਦੌਰਾਨ ਕੁਝ ਨਹੀਂ ਮਿਲਿਆ। ਪੁਲਸ ਉਕਤ ਨੌਜਵਾਨ ਦੀ ਇਸੇ ਮਾਨਸਿਕਤਾ ਦੇ ਆਧਾਰ 'ਤੇ ਆਪਣੀ ਕਾਰਵਾਈ ਅੱਗੇ ਵਧਾ ਰਹੀ ਹੈ।