ਲੁਧਿਆਣਾ ''ਚ ਹੋਏ ਪਾਦਰੀ ਦੇ ਕਤਲ ਕਾਂਡ ''ਚ ਹੋਇਆ ਵੱਡਾ ਖੁਲਾਸਾ, ਜਾਂਚ ਦੌਰਾਨ ਸਾਹਮਣੇ ਆਏ ਇਹ ਤੱਥ

07/21/2017 12:45:32 PM

ਲੁਧਿਆਣਾ (ਪੰਕਜ) : ਬੀਤੇ ਸ਼ਨੀਵਾਰ ਨੂੰ ਪੀਰੂਬੰਦਾ ਮੁਹੱਲਾ ਦੇ ਬਾਹਰ ਸਥਿਤ ਚਰਚ ਦੇ ਪਾਸਟਰ ਸੁਲਤਾਨ ਮਸੀਹ ਦਾ ਹੋਇਆ ਕਤਲ ਯੋਜਨਾਬੱਧ ਸਾਜ਼ਿਸ਼ ਤਹਿਤ ਕੀਤਾ ਗਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਾਤਲਾਂ ਨੇ ਨਾ ਸਿਰਫ ਕਈ ਦਿਨ ਰੇਕੀ ਕੀਤੀ ਸੀ, ਬਲਕਿ ਫਰਾਰੀ ਦੇ ਰਸਤਿਆਂ ਨੂੰ ਵੀ ਨਿਸ਼ਚਿਤ ਕੀਤਾ ਸੀ। ਦੋਸ਼ੀਆਂ ਦੀ ਭਾਲ ਵਿਚ ਲੱਗੀ ਪੁਲਸ ਦੇ ਹੱਥ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਅਹਿਮ ਸੁਰਾਗ ਲੱਗਣ ਦੀ ਸੂਚਨਾ ਹੈ।
ਪਿਛਲੇ ਕਈ ਸਾਲਾਂ ਤੋਂ ਪੀਰੂ ਬੰਦਾ ਚੌਕ ਕੋਲ ਸਥਿਤ ਚਰਚ ਦਾ ਸੰਚਾਲਨ ਕਰਨ ਵਾਲੇ ਪਾਸਟਰ ਸੁਲਤਾਨ ਮਸੀਹ ਸਬੰਧੀ ਇਲਾਕੇ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗਰਮੀਆਂ ਵਿਚ ਪਾਸਟਰ ਲਗਭਗ ਹਰ ਸ਼ਾਮ ਨੂੰ ਚਰਚ ਦੇ ਬਾਹਰ ਹੀ ਬੈਠਿਆ ਕਰਦਾ ਸੀ। ਧਰਮ ਦੇ ਪ੍ਰਚਾਰ ਤੋਂ ਇਲਾਵਾ ਗਰੀਬ ਬੱਚਿਆਂ ਨੂੰ ਸਿੱਖਿਅਤ ਕਰਨ ਦੀ ਲੰਮੇ ਸਮੇਂ ਤੋਂ ਮੁਹਿੰਮ ਛੇੜਨ ਵਾਲੇ ਸੁਲਤਾਨ ਦੀ ਕਿਸੇ ਨਾਲ ਵੀ ਨਿੱਜੀ ਰੰਜਿਸ਼ ਨਹੀਂ ਸੀ। ਇਸ ਤੋਂ ਸਪੱਸ਼ਟ ਹੈ ਕਿ ਉਸ ਦਾ ਕਤਲ ਸ਼ਹਿਰ ਦਾ ਸ਼ਾਂਤੀਮਈ ਮਾਹੌਲ ਖਰਾਬ ਕਰਨ ਲਈ ਕੀਤਾ ਗਿਆ ਸੀ। ਇਸ ਦੇ ਪਿੱਛੇ ਸਰਹੱਦ ਪਾਰ ਬੈਠੇ ਅੱਤਵਾਦੀ ਜਥੇਬੰਦੀਆਂ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਯਤਨ ਵਿਚ ਜੁਟੀਆਂ ਕਥਿਤ ਅੱਤਵਾਦੀ ਜਥੇਬੰਦੀਆਂ ਵੱਲੋਂ ਪਿਛਲੇ ਮਹੀਨਿਆਂ ਦੌਰਾਨ ਇਕ-ਇਕ ਕਰ ਕੇ ਵੱਖ-ਵੱਖ ਧਰਮਾਂ ਜਾਂ ਸੰਗਠਨਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਣਾ, ਇਹ ਸਪੱਸ਼ਟ ਕਰਦਾ ਹੈ ਕਿ ਅੱਤਵਾਦੀ ਜਥੇਬੰਦੀ ਪੇਸ਼ੇਵਰ ਕਾਤਲਾਂ ਨੂੰ ਹਾਇਰ ਕਰ ਕੇ ਅਜਿਹੀਆਂ ਵਾਰਦਾਤਾਂ ਕਰਵਾਉਣ 'ਚ ਲੱਗੀ ਹੋਈ ਹੈ।
ਕਈ ਦਿਨ ਕੀਤੀ ਰੇਕੀ
ਪੂਰੇ ਮਾਮਲੇ 'ਤੇ ਚੁੱਪ ਸਾਧੀ ਬੈਠੇ ਪੁਲਸ ਅਧਿਕਾਰੀ ਹਾਲਾਂਕਿ ਇਸ ਮਾਮਲੇ ਵਿਚ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ ਪਰ ਸੂਤਰਾਂ ਦੀ ਮੰਨੀਏ ਤਾਂ ਕਾਤਲਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਈ ਦਿਨਾਂ ਤੱਕ ਚਰਚ ਦੇ ਆਲੇ-ਦੁਆਲੇ ਰਹਿ ਕੇ ਪਾਸਟਰ ਦੀਆਂ ਗਤੀਵਿਧੀਆਂ ਦੀ ਰੇਕੀ ਕੀਤੀ ਸੀ। ਇੰਨਾ ਹੀ ਨਹੀਂ, ਕਾਤਲਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿਸ ਰਸਤੇ ਤੋਂ ਫਰਾਰ ਹੋਣਾ ਸੀ, ਉਸ 'ਤੇ ਵੀ ਖਾਸ ਧਿਆਨ ਦਿੱਤਾ ਸੀ। ਮਤਲਬ ਉਨ੍ਹਾਂ ਨੇ ਪਹਿਲਾਂ ਤੋਂ ਹੀ ਫਰਾਰੀ ਦਾ ਰਸਤਾ ਤੈਅ ਕੀਤਾ ਹੋਇਆ ਸੀ।
ਵੱਖਰੇ ਹਥਿਆਰਾਂ ਦੀ ਹੋਈ ਵਰਤੋਂ
ਸੂਤਰਾਂ ਦੀ ਮੰਨੀਏ ਤਾਂ ਪਾਸਟਰ ਸੁਲਤਾਨ ਮਸੀਹ ਦੇ ਕਤਲ 'ਚ ਵੱਖਰੀ ਕਿਸਮ ਦਾ ਹਥਿਆਰ ਵਰਤਿਆ ਗਿਆ ਸੀ। ਮੋਟਰਸਾਈਕਲ ਦੇ ਪਿੱਛੇ ਬੈਠੇ ਕਾਤਲ ਨੇ ਜਿਥੇ 30 ਬੋਰ ਦੇ ਵੈਪਨ ਨਾਲ ਪਾਸਟਰ 'ਤੇ ਗੋਲੀਆਂ ਚਲਾਈਆਂ, ਉਥੇ ਉਸ ਦੇ ਸਾਥੀ ਨੇ.32 ਬੋਰ ਵੈਪਨ ਨਾਲ ਫਾਇਰ ਕੀਤਾ ਸੀ। ਰਾਜ ਵਿਚ ਹੋਏ ਹੋਰਨਾਂ ਚਰਚਿਤ ਕਤਲਾਂ ਅਤੇ ਪਾਸਟਰ ਦੇ ਕਤਲ 'ਚ ਵਰਤੇ ਗਏ ਹਥਿਆਰ ਆਪਸ ਵਿਚ ਮੈਚ ਨਾ ਹੋਣ ਦੀ ਖ਼ਬਰ ਹੈ।
ਇਕ ਹੋ ਸਕਦਾ ਹੈ ਕਾਤਲ : ਮਾਮਲੇ ਦੀ ਜਾਂਚ 'ਚ ਜੁਟੀ ਪੁਲਸ ਇਸ ਗੱਲ ਨੂੰ ਲੈ ਕੇ ਵੀ ਕਾਫੀ ਆਸਵੰਦ ਨਜ਼ਰ ਆ ਰਹੀ ਹੈ ਕਿ ਖੰਨਾ ਵਿਚ ਸ਼ਿਵ ਸੈਨਾ ਨੇਤਾ ਦੁਰਗਾ ਦਾਸ ਅਤੇ ਪਾਸਟਰ ਦੇ ਕਤਲ ਵਿਚ ਮੁੱਖ ਦੋਸ਼ੀ ਇਕ ਹੀ ਹੈ। ਅਸਲ ਵਿਚ, ਸਾਰੇ ਚਰਚਿਤ ਕੇਸਾਂ ਦੀ ਸੀ. ਸੀ. ਟੀ. ਵੀ. ਫੁਟੇਜ ਦਾ ਗੰਭੀਰਤਾ ਨਾਲ ਜਾਂਚ ਕਰਨ ਵਾਲੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਦੋਵੇਂ ਕਤਲਾਂ ਵਿਚ ਸ਼ਾਮਲ ਇਕ ਦੋਸ਼ੀ ਦੀ ਬਾਡੀ ਲੈਂਗਵੇਜ ਲਗਭਗ ਇਕੋ ਜਿਹੀ ਹੈ।
ਕਈ ਮਾਮਲੇ ਹੋ ਸਕਣਗੇ ਹੱਲ
ਇਸ ਕਤਲਕਾਂਡ ਨੂੰ ਜਲਦ ਹੱਲ ਕਰਨ ਦੇ ਯਤਨ ਵਿਚ ਦਿਨ-ਰਾਤ ਇਕ ਕਰਨ ਵਾਲੇ ਅਧਿਕਾਰੀ ਇਸ ਗੱਲ ਨੂੰ ਲੈ ਕੇ ਵੀ ਖਾਸ ਉਤਸ਼ਾਹਿਤ ਹਨ ਕਿ ਜੇਕਰ ਪਾਸਟਰ ਕਤਲਕਾਂਡ ਦੇ ਦੋਸ਼ੀ ਉਨ੍ਹਾਂ ਦੀ ਗ੍ਰਿਫਤ ਵਿਚ ਆ ਜਾਂਦੇ ਹਨ ਤਾਂ ਰਾਜ ਦੇ ਕਈ ਚਰਚਿਤ ਕਤਲਾਂ ਤੋਂ ਵੀ ਪਰਦਾ ਉੱਠ ਸਕੇਗਾ।