ਪਾਸਟਰ ''ਤੇ 8 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦਾ ਦੋਸ਼

10/08/2019 3:51:44 PM

ਚੰਡੀਗੜ੍ਹ (ਸੁਸ਼ੀਲ) : ਇਕ ਔਰਤ ਨੇ ਉਸ ਦੀ 8 ਸਾਲਾ ਧੀ ਨਾਲ ਜਬਰ-ਜ਼ਨਾਹ ਕਰਨ ਦਾ ਇਕ ਪਾਸਟਰ 'ਤੇ ਦੋਸ਼ ਲਾਇਆ ਹੈ। ਔਰਤ ਨੇ ਦੱਸਿਆ ਕਿ ਜਬਰ-ਜ਼ਨਾਹ ਦੀ ਘਟਨਾ ਅਪ੍ਰੈਲ 2018 'ਚ ਲੰਡਨ ਸਥਿਤ ਬਰਮਿੰਘਮ 'ਚ ਆਯੋਜਿਤ ਇੰਟਰਨੈਸ਼ਨਲ ਕਾਨਫਰੰਸ 'ਚ ਸ਼ਾਮਲ ਹੋਣ ਦੌਰਾਨ ਹੋਈ ਸੀ। ਉਹ ਉੱਥੇ ਆਪਣੀ ਬੇਟੀ ਨਾਲ ਕਾਨਫਰੰਸ 'ਚ ਗਈ ਸੀ। ਦੋਸ਼ ਹੈ ਕਿ ਇਸ ਦੌਰਾਨ 8 ਸਾਲ ਦੀ ਬੱਚੀ ਨੂੰ ਇਕੱਲੇ ਹੋਟਲ 'ਚ ਪਾ ਕੇ ਪਾਸਟਰ ਨੇ ਇਹ ਘਿਨੌਣਾ ਕਾਰਾ ਕੀਤਾ। ਪਾਸਟਰ ਨੇ ਬੱਚੀ ਨੂੰ ਉਸ ਦੇ ਮਾਤਾ-ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਕਾਰਣ ਬੱਚੀ ਡਰ ਕਾਰਣ ਕੁੱਝ ਨਹੀਂ ਬੋਲੀ। ਇਹ ਦੋਸ਼ ਪੀੜਤਾ ਦੀ ਮਾਂ ਨੇ ਇਕ ਪ੍ਰੈੱਸ ਕਾਨਫਰੰਸ 'ਚ ਲਾਏ। ਉਸ ਨੇ ਕਿਹਾ ਕਿ ਬੱਚੀ ਨੇ ਉਸਨੂੰ 10 ਮਾਰਚ 2019 ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਸਟਰ ਦੀ ਹਰਕਤ ਦਾ ਪਤਾ ਚੱਲਿਆ ਅਤੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਪੁਲਸ ਮਾਮਲੇ 'ਚ ਕੁੱਝ ਨਹੀਂ ਕਰ ਰਹੀ ਹੈ।

ਕ੍ਰਿਸ਼ਚੀਅਨ ਸਮਾਜ ਮੋਰਚਾ ਦੇ ਚੇਅਰਮੈਨ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ
ਉਧਰ, ਆਲ ਇੰਡੀਆ ਕ੍ਰਿਸ਼ਚੀਅਨ ਸਮਾਜ ਮੋਰਚਾ ਦੇ ਚੇਅਰਮੈਨ ਜਸਪਾਲ ਨੇ ਪਾਸਟਰ 'ਤੇ ਲਾਏ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ। ਇਸ ਦੌਰਾਨ ਉੱਥੇ ਮੌਜੂਦ ਪਾਸਟਰ ਦੇ ਭਰਾ ਨੇ ਕਿਹਾ ਕਿ ਪੀੜਤ ਬੱਚੀ ਦੀ ਮਾਂ ਲੰਡਨ ਦੀ ਪੀ.ਆਰ. ਲੈਣ ਲਈ ਗਿਰਜਾਘਰ ਦੀ ਪਾਸਟਰ ਬਣਨਾ ਚਾਹੁੰਦੀ ਹੈ। ਇਸ ਲਈ ਔਰਤ ਨੇ ਪਾਸਟਰ ਦੀ ਟ੍ਰੇਨਿੰਗ ਵੀ ਲਈ ਸੀ। ਪਾਸਟਰ ਬਣਨ ਲਈ ਉਸ ਨੇ ਪੇਪਰ ਦਿੱਤਾ ਪਰ ਫੇਲ ਹੋ ਗਈ। ਇਸ ਤੋਂ ਇਲਾਵਾ ਪਾਸਟਰ ਨਾ ਬਣਾਉਣ 'ਤੇ ਔਰਤ ਨੇ ਆਪਣੀ ਦਾਨ ਦਿੱਤੀ ਗਈ ਜ਼ਮੀਨ ਵੀ ਵਾਪਸ ਮੰਗ ਲਈ। ਉਸ ਨੇ ਕਿਹਾ ਕਿ ਔਰਤ ਕਹਿ ਰਹੀ ਹੈ ਕਿ ਪਾਸਟਰ ਨੇ ਬੱਚੀ ਨਾਲ ਜਬਰ-ਜ਼ਨਾਹ ਹੋਟਲ 'ਚ ਕੀਤਾ ਹੈ ਪਰ ਪਾਸਟਰ ਹੋਟਲ 'ਚ ਠਹਿਰਿਆ ਹੀ ਨਹੀਂ ਹੋਇਆ ਸੀ। ਉਨ੍ਹਾਂ ਕੋਲ ਔਰਤ ਵੱਲੋਂ ਝੂਠੇ ਕੇਸ 'ਚ ਫਸਾਉਣ ਦੀ ਰਿਕਾਰਡਿੰਗ ਵੀ ਮੌਜੂਦ ਹੈ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਦੋਵਾਂ ਪੱਖਾਂ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਾਸਟਰ ਖਿਲਾਫ਼ ਹੋਵੇ ਕਾਰਵਾਈ : ਲਾਰੈਂਸ ਚੌਧਰੀ
ਚੰਡੀਗੜ੍ਹ (ਭੁੱਲਰ) : ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਅਤੇ ਮਸੀਹੀ ਏਕਤਾ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਲਾਰੈਂਸ ਚੌਧਰੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਸਟਰ ਵਲੋਂ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰਨਾ ਨਿੰਦਣਯੋਗ ਅਤੇ ਸ਼ਰਮਨਾਕ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਚਾਰਕ ਦਾ ਕ੍ਰਿਸ਼ਚੀਅਨ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਅਤੇ ਨਾ ਹੀ ਇਹ ਕ੍ਰਿਸ਼ਚੀਅਨ ਹੈ। ਉਨ੍ਹਾਂ ਚੰਡੀਗੜ੍ਹ ਪੁਲਸ ਤੋਂ ਮੰਗ ਕੀਤੀ ਕਿ ਉਹ ਬਿਨਾਂ ਦੇਰੀ ਕੀਤੇ ਉਸ ਵਿਰੁੱਧ ਐੱਫ.ਆਈ.ਆਰ. ਦਰਜ ਕਰੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦੇਵੇ ਨਹੀਂ ਤਾਂ ਮਸੀਹੀ ਭਾਈਚਾਰਾ ਮਸੀਹੀ ਏਕਤਾ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਚੰਡੀਗੜ੍ਹ ਪੁਲਸ ਦੇ ਖਿਲਾਫ ਦੋਸ਼ੀ ਨੂੰ ਬਚਾਉਣ ਦੇ ਰੋਸ ਵਜੋਂ ਪੂਰੇ ਪੰਜਾਬ ਅੰਦਰ ਸੰਘਰਸ਼ ਕਰੇਗਾ ਅਤੇ ਲੋੜ ਪਈ ਤਾਂ ਐੱਸ. ਐੱਸ. ਪੀ. ਦਫ਼ਤਰ ਚੰਡੀਗੜ੍ਹ ਦਾ ਘਿਰਾਓ ਵੀ ਕਰੇਗਾ।

Gurminder Singh

This news is Content Editor Gurminder Singh