ਭਿਆਨਕ ਗਰਮੀ ’ਚ ਸਟੇਸ਼ਨ ਤੋਂ ਬਾਹਰ ਲਾਈਨਾਂ ’ਚ ਖੜ੍ਹੇ ਹੋਣ ਕਾਰਣ ਯਾਤਰੀ ਪ੍ਰੇਸ਼ਾਨ

07/04/2020 7:50:20 AM

ਜਲੰਧਰ, (ਗੁਲਸ਼ਨ)–ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਤੋਂ ਲੋਕ ਦੁਖੀ ਹਨ,ਉਥੇ ਇਨ੍ਹੀਂ ਦਿਨੀਂ ਪੈ ਰਹੀ ਭਿਆਨਕ ਗਰਮੀ ਨੇ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ। ਪਹਿਲਾਂ ਲਾਕਡਾਊਨ ਕਾਰਣ ਲੋਕ ਘਰਾਂ ਵਿਚ ਰਹੇ ਪਰ ਹੁਣ ਤੇਜ਼ ਧੁੱਪ ਨੇ ਲੋਕਾਂ ਨੂੰ ਘਰ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਮਜਬੂਰੀ ਵਿਚ ਘਰਾਂ ਤੋਂ ਬਾਹਰ ਨਿਕਲ ਰਹੇ ਲੋਕਾਂ ਨੂੰ ਗਰਮੀ ਦਾ ਪ੍ਰਕੋਪ ਸਹਿਣਾ ਪੈ ਰਿਹਾ ਹੈ। 

ਜੇਕਰ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਟਰੇਨ ਆਉਣ ਤੋਂ 90 ਮਿੰਟ ਪਹਿਲਾਂ ਯਾਤਰੀ ਦਾ ਸਟੇਸ਼ਨ ’ਤੇ ਪਹੁੰਚਣਾ ਜ਼ਰੂਰੀ ਹੈ। ਥਰਮਲ ਸਕ੍ਰੀਨਿੰਗ ਅਤੇ ਟਿਕਟ ਚੈਕਿੰਗ ਸਟਾਫ ਵਲੋਂ ਚਾਰਟ ਵਿਚ ਨਾਂ ਚੈੱਕ ਕਰਨ ਤੋਂ ਬਾਅਦ ਯਾਤਰੀ ਨੂੰ ਟਰੇਨ ਵਿਚ ਬੈਠਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਸ ਪ੍ਰਕਿਰਿਆ ਵਿਚੋਂ ਗੁਜ਼ਰਨ ਲਈ ਸਟੇਸ਼ਨ ਦੇ ਬਾਹਰ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਭਿਆਨਕ ਗਰਮੀ ਵਿਚ ਲਾਈਨਾਂ ਵਿਚ ਖੜ੍ਹੇ ਰਹਿ ਕੇ ਯਾਤਰੀਆਂ ਦਾ ਟੈਂਪਰੇਚਰ ਵਧ ਰਿਹਾ ਹੈ। ਔਰਤਾਂ ਅਤੇ ਛੋਟੇ-ਛੋਟੇ ਬੱਚਿਆਂ ਨੂੰ ਜ਼ਿਆਦਾ ਮੁਸ਼ਕਲ ਆ ਰਹੀ ਹੈ। ਥਰਮਲ ਸਕ੍ਰੀਨਿੰਗ ਦੌਰਾਨ ਜੇਕਰ ਯਾਤਰੀ ਦਾ ਟੈਂਪਰੇਚਰ ਜ਼ਿਆਦਾ ਆਉਂਦਾ ਹੈ ਤਾਂ ਉਸਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਥੋੜ੍ਹੀ ਦੇਰ ਛਾਂ ਵਿਚ ਬੈਠਣ ਅਤੇ ਪਾਣੀ ਪੀਣ ਤੋਂ ਬਾਅਦ ਟੈਂਪਰੇਚਰ ਘੱਟ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਪਲੇਟਫਾਰਮ ’ਤੇ ਭੇਜਿਆ ਜਾਂਦਾ ਹੈ।

ਉਥੇ ਦੂਜੇ ਪਾਸੇ ਰੇਲਵੇ ਸਟੇਸ਼ਨ ਦੇ ਬਾਹਰ ਖੜ੍ਹੇ ਇਨ੍ਹਾਂ ਯਾਤਰੀਆਂ ਲਈ ਛਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਲੋਕ ਲਾਈਨਾਂ ਵਿਚ ਖੜ੍ਹੇ ਹੋਣ ਤੋਂ ਕਤਰਾ ਰਹੇ ਹਨ। ਲਾਈਨਾਂ ਵਿਚ ਖੜ੍ਹੇ ਕਈ ਲੋਕਾਂ ਨੂੰ ਚੱਕਰ ਆਉਣ ਦੀ ਸਮੱਸਿਆ ਵੀ ਆਉਣ ਲੱਗੀ ਹੈ। ਇਸ ਲਈ ਕਈ ਯਾਤਰੀ ਲਾਈਨ ਵਿਚ ਖੁਦ ਖੜ੍ਹੇ ਰਹਿਣ ਦੀ ਬਜਾਏ ਆਪਣਾ ਸਾਮਾਨ ਰੱਖ ਕੇ ਆਸ-ਪਾਸ ਛਾਂ ਲੱਭ ਕੇ ਖੜ੍ਹੇ ਹੋ ਜਾਂਦੇ ਹਨ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੀਆਂ ਵੀ ਧੱਜੀਆਂ ਉੱਡ ਰਹੀਆਂ ਹਨ। ਰੇਲ ਯਾਤਰੀਆਂ ਨੇ ਕਿਹਾ ਕਿ ਰੇਲਵੇ ਅਧਿਕਾਰੀਆਂ ਨੂੰ ਸਟੇਸ਼ਨ ਦੇ ਸਰਕੁਲੇਟਿੰਗ ਏਰੀਏ ਵਿਚ ਟੈਂਟ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਵੇ।

ਸਟੇਸ਼ਨ ਦੇ ਬਾਹਰ ਪੀਣ ਦੇ ਪਾਣੀ ਦਾ ਵੀ ਪ੍ਰਬੰਧ ਨਹੀਂ
ਭਿਆਨਕ ਗਰਮੀ ਵਿਚ ਪ੍ਰੇਸ਼ਾਨ ਹੋ ਰਹੇ ਯਾਤਰੀਆਂ ਦਾ ਕਹਿਣਾ ਹੈ ਕਿ ਸਟੇਸ਼ਨ ਦੇ ਬਾਹਰ ਪੀਣ ਦੇ ਪਾਣੀ ਦਾ ਵੀ ਪ੍ਰਬੰਧ ਨਹੀਂ ਹੈ। ਗਰਮੀ ਵਿਚ ਲੋਕ ਪੀਣ ਦੇ ਠੰਡੇ ਪਾਣੀ ਨੂੰ ਵੀ ਤਰਸ ਰਹੇ ਹਨ।ਸਟੇਸ਼ਨ ਦੇ ਅੰਦਰ ਖਾਧ ਪਦਾਰਥਾਂ ਦੇ ਸਟਾਲ ਵੀ ਬੰਦ ਪਏ ਹੋਏ ਹਨ,ਜਿਸ ਕਾਰਣ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀਆਂ ਨੇ ਮੰਗ ਕੀਤੀ ਹੈ ਕਿ ਅਧਿਕਾਰੀਆਂ ਨੂੰ ਸਟੇਸ਼ਨ ਦੇ ਬਾਹਰ ਜਲਦ ਤੋਂ ਜਲਦ ਪੀਣ ਦੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ।

Lalita Mam

This news is Content Editor Lalita Mam