ਯੂ.ਏ.ਈ. ''ਚ 9 ਮਹੀਨਿਆਂ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੀ ਪੰਜਾਬਣ ਦੀ ਹੋਈ ਘਰ ਵਾਪਸੀ (ਵੀਡੀਓ)

09/10/2018 4:15:55 PM

ਰਾਜਾਸਾਂਸੀ, (ਨਿਰਵੈਲ)— ਧੋਖੇਬਾਜ਼ ਏਜੰਟ ਵਲੋਂ ਸਬਜ਼ਬਾਗ਼ ਵਿਖਾ ਕੇ ਖਾੜੀ ਮੁਲਕ ਸੰਯੁਕਤ ਅਰਬ ਅਮੀਰਾਤ 'ਚ ਭੇਜੀ ਗਈ ਅਤੇ ਅੱਗੋਂ ਮੁੜ ਗ਼ੈਰਕਾਨੂੰਨੀ ਢੰਗ ਨਾਲ ਓਮਾਨ (ਮਸਕਟ) ਦੇ ਇਕ ਜ਼ਿੰਮੀਦਾਰ ਕੋਲ ਵੇਚ ਦਿੱਤੀ ਗਈ 26 ਸਾਲਾ ਇਕ ਪੰਜਾਬਣ ਧੀ, ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਅਤੇ ਨਾਮਵਰ ਸਮਾਜ ਸੇਵਕ ਡਾ. ਐੱਸ.ਪੀ.ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਅੱਜ ਵਾਪਸ ਆਪਣੇ ਬਾਬੁਲ ਦੇ ਵਿਹੜੇ ਪਰਤ ਆਈ ਹੈ।

ਜਲੰਧਰ ਜ਼ਿਲੇ ਨਾਲ ਸਬੰਧਿਤ ਪਿੰਡ ਮਹਿਮੂਵਾਲ ਯੂਸਫ਼ਪੁਰ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਦੀ ਕਰਮਾਂ ਮਾਰੀ ਧੀ ਪਰਵੀਨ ਰਾਣੀ ਤਕਰੀਬਨ 9 ਮਹੀਨਿਆਂ ਦੀ ਤਸੀਹਿਆਂ ਭਰੀ ਤੇ ਜੇਲ-ਨੁਮਾ ਜ਼ਿੰਦਗੀ ਤੋਂ ਮੁਕਤੀ ਪਾ ਕੇ ਅੱਜ ਇਕ ਉਡਾਣ ਰਾਹੀਂ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਪੁੱਜੀ, ਜਿੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਤੇ ਸ਼ਿਸ਼ਪਾਲ ਸਿੰਘ ਲਾਡੀ ਤੋਂ ਇਲਾਵਾ ਉਸ ਦੇ ਮਾਂ-ਪਿਉ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਭਿੱਜੀਆਂ ਅੱਖਾਂ ਨਾਲ ਉਸ ਨੂੰ ਆਪਣੇ ਕਲਾਵੇ 'ਚ ਲਿਆ। ਇਸ ਦੌਰਾਨ ਟਰੱਸਟ ਦੇ ਅਹੁਦੇਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਰਵੀਨ ਰਾਣੀ ਨੂੰ ਮਸਕਟ ਤੋਂ ਮੁਕਤ ਕਰਾਉਣ ਲਈ ਜਿੱਥੇ ਡਾ.ਓਬਰਾਏ ਨੇ ਵੱਡੀ ਰਕਮ ਅਦਾ ਕੀਤੀ ਹੈ ਉੱਥੇ ਇਸ ਮਸਲੇ ਦੇ ਹੱਲ ਲਈ ਉਨ੍ਹਾਂ ਦੇ ਪੀ.ਆਰ.ਓ. ਮਨਦੀਪ ਸਿੰਘ ਕੋਹਲੀ ਦੀ ਭੂਮਿਕਾ ਵੀ ਜ਼ਿਕਰਯੋਗ ਰਹੀ ਹੈ ।       

ਬੰਧੂਆ ਮਜ਼ਦੂਰ ਵਜੋਂ ਦਿਲ ਵਲੂੰਧਰਨ ਵਾਲੇ ਬਿਤਾਏ ਗਏ ਪਲਾਂ ਦੀ ਗਾਥਾ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਸਭ ਤੋਂ ਪਹਿਲਾਂ ਪਰਵੀਨ ਰਾਣੀ ਨੇ ਡਾ.ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਸ ਦੇਵਤਾ ਰੂਪੀ ਇਨਸਾਨ ਦੀ ਬਦੌਲਤ ਹੀ ਉਹ ਨਰਕ ਭਰੀ ਜ਼ਿੰਦਗੀ 'ਚੋਂ ਨਿਜਾਤ ਪਾ ਸਕੀ ਹੈ। ਉਸ ਨੇ ਦੱਸਿਆ ਕਿ ਡਾ. ਓਬਰਾਏ ਨੇ ਉਸਦੇ ਖਰੀਦਦਾਰ ਨੂੰ ਉਸ ਦੇ ਖਰੀਦ ਮੁੱਲ ਦੀ ਵੱਡੀ ਰਕਮ ਤਾਰ ਕੇ ਅੱਜ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ । ਪਰਵੀਨ ਨੇ ਸਹਿਮ ਭਰੇ ਲਹਿਜ਼ੇ 'ਚ ਇਹ ਵੀ ਦੱਸਿਆ ਕਿ ਉਸ ਕੋਲੋਂ ਗੋਲੀ ਦੇ ਡਰਾਵੇ ਨਾਲ ਸਵੇਰ ਤੜਕਸਾਰ ਤੋਂ ਲੈ ਕੇ ਦੇਰ ਰਾਤ ਤੱਕ ਵੱਖ-ਵੱਖ ਤਰ੍ਹਾਂ ਦੇ ਪਸ਼ੂਆਂ ਨੂੰ ਸੰਭਾਲਣ ਤੇ ਸਾਰਾ ਘਰੇਲੂ ਕੰਮ ਲਿਆ ਜਾਂਦਾ ਸੀ ਤੇ ਕੰਮ ਤੋਂ ਨਾਂਹ ਕਰਨ ਤੇ ਅਣਮਨੁੱਖੀ ਤਸ਼ੱਦਦ ਵੀ ਢਾਹਿਆ ਜਾਂਦਾ ਸੀ। ਉਸ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਖਾੜੀ ਦੇਸ਼ਾਂ 'ਚ ਭੇਜਣ ਤੋਂ ਪਹਿਲਾਂ ਲੱਖ ਵਾਰ ਸੋਚਣ ਕਿਉਂਕਿ ਧੋਖੇਬਾਜ਼ ਏਜੰਟ ਪੈਸਿਆਂ ਦੇ ਲਾਲਚ 'ਚ ਇੱਥੋਂ ਸਬਜ਼ਬਾਜ ਵਿਖਾ ਕੇ ਪੰਜਾਬ ਦੀਆਂ ਕੁੜੀਆਂ ਨੂੰ ਉੱਥੇ ਜਾ ਕੇ ਵੇਚ ਦਿੰਦੇ ਹਨ। 

ਇਸੇ ਦੌਰਾਨ ਪਰਵੀਨ ਰਾਣੀ ਦੇ ਪਿਤਾ ਜੋਗਿੰਦਰ ਸਿੰਘ, ਮਾਤਾ ਸਿਮਰਜੀਤ ਕੌਰ, ਭੈਣ ਕੰਵਲਜੀਤ ਕੌਰ ਤੇ ਜੀਜਾ ਹਰਪਾਲ ਸਿੰਘ ਨੇ ਭਰੇ ਦਿਲ ਨਾਲ ਡਾ.ਐੱਸ.ਪੀ.ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦਾ ਸਾਰੀ ਉਮਰ ਦੇਣ ਨਹੀਂ ਦੇ ਸਕਦੇ, ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਸਾਡੀ ਜਵਾਨ ਧੀ ਸਾਨੂੰ ਫਿਰ ਮਿਲ ਗਈ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਜਲੰਧਰ ਜ਼ਿਲੇ ਨਾਲ ਸਬੰਧਿਤ ਟਰੈਵਲ ਏਜੰਟ ਸੁਖਦੇਵ ਪੁੱਤਰ ਸੋਹਨ ਵਾਸੀ ਤਲਵੰਡੀ ਬੁੱਟਿਆਂ ਨੇ ਉਨ੍ਹਾਂ ਨਾਲ ਵੱਡਾ ਧੋਖਾ ਕੀਤਾ ,ਜਿਸ ਤੇ ਪੰਜਾਬ ਸਰਕਾਰ ਨੂੰ ਤੁਰੰਤ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ।