ਸਰਕਾਰੀਆ ਨੇ ਕੀਤਾ ਬਾਜਵਾ ''ਤੇ ਪਲਟਵਾਰ, ਆਪਣੇ ਤੱਥ ਦੁਬਾਰਾ ਜਾਂਚ ਲੈਣ

08/17/2019 1:57:39 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਾਂਗਰਸ ਦੇ ਹੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਦੋਸ਼ਾਂ 'ਤੇ ਪਲਟਵਾਰ ਕੀਤਾ ਹੈ। ਸਰਕਾਰੀਆ ਨੇ ਕਿਹਾ ਹੈ ਕਿ ਪ੍ਰਤਾਪ ਬਾਜਵਾ ਸ਼ਾਇਦ ਕਿਸੇ ਮੰਦਭਾਵਨਾ ਕਾਰਨ ਅਜਿਹੇ ਦੋਸ਼ ਲਗਾ ਰਹੇ ਹਨ ਕਿਉਂਕਿ ਜਿਸ ਪੁਲ ਦੀ ਬਾਜਵਾ ਗੱਲ ਕਰ ਰਹੇ ਹਨ, ਉਥੇ 2015 ਤੋਂ ਬਾਅਦ ਤੋਂ ਰੈਗੂਲਰ ਜਾਂ ਗ਼ੈਰ-ਕਾਨੂੰਨੀ ਕਿਸੇ ਵੀ ਤਰ੍ਹਾਂ ਦਾ ਖਨਨ ਨਹੀਂ ਹੋਇਆ ਹੈ।

ਸਰਕਾਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਪ੍ਰਤਾਪ ਬਾਜਵਾ ਦੀ ਮਾਈਨਿੰਗ ਨੂੰ ਲੈ ਕੇ ਕੋਈ ਵੀਡੀਓ ਆਈ ਹੈ, ਮੈਂ ਸੋਚਿਆ ਸੀ ਕਿ ਸ਼ਾਇਦ ਸਾਡੀ ਮਾਈਨਿੰਗ ਪਾਲਿਸੀ ਦੀ ਤਾਰੀਫ ਕੀਤੀ ਹੋਵੇਗੀ, ਪਰ ਹੈਰਾਨੀ ਦੀ ਗੱਲ ਹੈ ਕਿ ਬੜੇ ਸਮੇਂ ਬਾਅਦ ਪੂਰੀ ਮਿਹਨਤ ਨਾਲ ਬਣਾਈ ਗਈ ਚੰਗੀ ਮਾਈਨਿੰਗ ਪਾਲਿਸੀ ਨੂੰ ਹੋਰ ਬਿਹਤਰ ਬਣਾਉਣ ਲਈ ਸੁਝਾਅ ਦੇਣ ਦੀ ਬਜਾਏ ਮੰਦਭਾਵਨਾ ਕਾਰਨ ਬੇਵਜ੍ਹਾ ਦੋਸ਼ ਲਗਾ ਰਹੇ ਹਨ। ਸਰਕਾਰੀਆ ਨੇ ਕਿਹਾ ਕਿ ਨਵੀਂ ਪਾਲਿਸੀ ਰਾਹੀਂ ਅਸੀਂ ਗੈਰ-ਕਾਨੂੰਨੀ ਮਾਈਨਿੰਗ ਰੋਕਣ, ਲੋਕਾਂ ਨੂੰ ਠੀਕ ਮੁੱਲ 'ਤੇ ਰੇਤ-ਬੱਜਰੀ ਉਪਲੱਬਧ ਕਰਾਉਣ ਅਤੇ ਸਰਕਾਰ ਦਾ ਰੈਵੇਨਿਊ ਵਧਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ 'ਚ ਕਾਫ਼ੀ ਹੱਦ ਤੱਕ ਸਾਨੂੰ ਸਫ਼ਲਤਾ ਵੀ ਮਿਲੀ ਹੈ। ਇਸ ਦੇ ਬਾਵਜੂਦ ਪ੍ਰਤਾਪ ਬਾਜਵਾ ਵਲੋਂ ਬੇਵਜ੍ਹਾ ਹੀ ਪ੍ਰਬੰਧਕੀ ਅਧਿਕਾਰੀਆਂ ਅਤੇ ਕੁੱਝ ਨੇਤਾਵਾਂ 'ਤੇ ਦੋਸ਼ ਲਗਾਉਣ ਨਾਲ ਦੁੱਖ ਪਹੁੰਚਿਆ ਹੈ ਕਿਉਂਕਿ ਅਜਿਹੇ ਦੋਸ਼ ਲਗਾਉਣ ਦਾ ਮੌਕਾ ਤਾਂ ਰਾਜਨੀਤਕ ਵਿਰੋਧੀਆਂ ਨੂੰ ਵੀ ਨਹੀਂ ਮਿਲ ਰਿਹਾ ਸੀ।

Anuradha

This news is Content Editor Anuradha