ਭਾਜਪਾ ਦੀ ਕਮਾਂਡ ਸੰਭਾਲ ਸਕਦੇ ਹਨ ਪ੍ਰਤਾਪ ਬਾਜਵਾ !

06/11/2020 1:36:52 AM

ਪਟਿਆਲਾ/ਰੱਖਡ਼ਾ, (ਰਾਣਾ)- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਖਾਲਿਸਤਾਨ ਦੀ ਹਮਾਇਤ ਵਾਲੇ ਬਿਆਨਾਂ ਨੇ ਸਮੁੱਚੀ ਰਾਜਨੀਤੀ ਵਿਚ ਭਾਂਬਡ਼ ਮਚਾ ਕੇ ਰੱਖ ਦਿੱਤਾ ਹੈ। ਨਿੱਤ ਦਿਨ ਭਾਜਪਾ ਅਤੇ ਹੋਰ ਜਥੇਬੰਦੀਆਂ ਦੇ ਆਗੂ ਇਨ੍ਹਾਂ ਦੋਵਾਂ ’ਤੇ ਦੇਸ਼-ਧਰੋਹ ਦਾ ਪਰਚਾ ਦਰਜਾ ਕਰਨ ਦੀ ਮੰਗ ਕਰ ਰਹੇ ਹਨ, ਜਿਸ ਨਾਲ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਢਾਹ ਲੱਗਣ ਦੇ ਨਾਲ-ਨਾਲ ਭਾਜਪਾ ਨਾਲੋਂ ਵੀ ਤੋਡ਼-ਵਿਛੋਡ਼ਾ ਹੋਣਾ ਤੈਅ ਦਿਸ ਰਿਹਾ ਹੈ। ਖਾਲਿਸਤਾਨ ਦੇ ਮੁੱਦੇ ’ਤੇ ਭਾਜਪਾ ਨੇ ਦੋ-ਟੁੱਕ ਗੱਲ ਕਰਦੇ ਹੋਏ ਇਨ੍ਹਾਂ ਦੋਵਾਂ ’ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ, ਜਿਸ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀਆਂ ਮੁਸ਼ਕਲਾਂ ਵਿਚ ਵਾਧਾ ਹੋ ਗਿਆ ਹੈ ਅਤੇ ਇਸ ਦਬਾਅ ਹੇਠ ਉਸ ਨੂੰ ਮੰਤਰੀ ਮੰਡਲ ਵਿਚੋਂ ਅਸਤੀਫਾ ਵੀ ਦੇਣਾ ਪੈ ਸਕਦਾ ਹੈ।

ਉਥੇ ਹੀ ਭਾਜਪਾ ਸੂਬੇ ਅੰਦਰ ਵੱਖਰੇ ਤੌਰ ’ਤੇ 2022 ਦੀ ਵਿਧਾਨ ਸਭਾ ਚੋਣ ਲਡ਼ਨ ਦਾ ਰਾਗ ਪਹਿਲਾਂ ਵੀ ਕਈ ਵਾਰ ਅਲਾਪ ਚੁੱਕੀ ਹੈ, ਜਿਸ ਨੂੰ ਹਾਲ ਦੀ ਘਡ਼ੀ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਾਜਪਾ ਹਾਈਕਮਾਂਡ ਨੇ ਸੂਬੇ ਅੰਦਰ ਸਿੱਖ ਚਿਹਰਿਆਂ ’ਤੇ ਆਪਣਾ ਪੱਤਾ ਖੇਡਣ ਦੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ, ਜਿਸ ਵਿਚ ਸਭ ਤੋਂ ਵੱਧ ਆਪਣੀ ਹੀ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਘੇਰਨ ਵਾਲੇ ਤੇਜ਼-ਤਰਾਰ ਨੇਤਾ ਅਤੇ ਮੈਂਬਰ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਮੋਹਰੀ ਕਤਾਰ ਵਿਚ ਚੱਲ ਰਿਹਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਕਈ ਕੱਦਾਵਰ ਸਿੱਖ ਚਿਹਰੇ ਭਾਜਪਾ ਹਾਈਕਮਾਂਡ ਦੇ ਰਡਾਰ ’ਤੇ ਹਨ ਅਤੇ ਭਾਜਪਾ ਨੇ ਹੁਣ ਤੋਂ ਹੀ ਸੂਬੇ ਅੰਦਰ ਆਪਣੀ ਨਿਰੋਲ ਸਰਕਾਰ ਬਣਾਉਣ ਲਈ ਗਰਾਉਂਡ ਬਣਾਉਣ ਲਈ ਅੰਦਰ-ਖਾਤੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਵਰਣਨਯੋਗ ਹੈ ਕਿ ਮੌਜੂਦਾ ਸੂਬਾ ਸਰਕਾਰ ਵਿਚ ਪ੍ਰਤਾਪ ਸਿੰਘ ਬਾਜਵਾ ਨਾਲ ਕਈ ਮੌਜੂਦਾ ਅਤੇ ਸਾਬਕਾ ਵਿਧਾਇਕ ਸਿੱਧੇ ਸੰਪਰਕ ਵਿਚ ਹਨ, ਜੋ ਪਾਰਟੀਬਾਜ਼ੀ ਦੇ ਗੇਡ਼ ਵਿਚ ਕਿਸੇ ਸਮੇਂ ਵੀ ਬਾਜਵਾ ਗਰੁੱਪ ਨਾਲ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਆਪਸ ਵਿਚ ਮਿਲੇ ਹੋਣ ਦਾ ਮੁੱਦਾ ਵੀ ਵੱਖ-ਵੱਖ ਪਾਰਟੀਆਂ ਵੱਲੋਂ ਗਰਮਾਇਆ ਹੋਇਆ ਹੈ। ਉਥੇ ਹੀ ਚਰਚਿਤ ਆਗੂ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਜਾਣ ਦੇ ਚਰਚਿਆਂ ਨੇ ਵੀ ਮਾਹੌਲ ਗਰਮ ਕੀਤਾ ਹੋਇਆ ਹੈ, ਜਿਸ ਕਰ ਕੇ ਸੂਬੇ ਦੇ ਲੋਕ ਹੁਣ ਤੋਂ ਹੀ ਤੀਜੇ ਬਦਲ ਦੀ ਉਡੀਕ ਕਰਨ ਲੱਗ ਪਏ ਹਨ।


Bharat Thapa

Content Editor

Related News