ਅਜੇ ਕੋਈ ਨੋਟਿਸ ਨਹੀਂ ਆਇਆ, ਮਿਲਣ ਤੋਂ ਬਾਅਦ ਦੇਵਾਂਗੇ ਸਪੱਸ਼ਟੀਕਰਨ: ਢੀਂਡਸਾ

01/13/2020 6:48:38 PM

ਲਹਿਰਾਗਾਗਾ (ਗਰਗ)— ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਮੈਨੂੰ ਪਾਰਟੀ 'ਚੋਂ ਮੁਅੱਤਲ ਕਰਨ ਦਾ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਸਾਡੇ ਨਾਲ ਧੱਕਾ ਕੀਤਾ ਗਿਆ ਹੈ ਪਰ ਅਸੀਂ ਪਾਰਟੀ 'ਚ ਰਹਿ ਕੇ ਪਾਰਟੀ ਦੀ ਬਿਹਤਰੀ ਲਈ ਆਖਰੀ ਦਮ ਤੱਕ ਕੰਮ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਕੋਈ ਨੋਟਿਸ ਨਹੀਂ ਆਇਆ ਹੈ ਅਤੇ ਨੋਟਿਸ ਮਿਲਣ ਤੋਂ ਬਾਅਦ ਉਹ ਆਪਣਾ ਸਪੱਸ਼ਟੀਕਰਨ ਪਾਰਟੀ ਅੱਗੇ ਜ਼ਰੂਰ ਰੱਖਣਗੇ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਜਨਤਾ ਦਾ ਮਿਲ ਰਿਹਾ ਸਹਿਯੋਗ ਅਤੇ ਪਿਆਰ ਸਾਡੀ ਸਭ ਤੋਂ ਵੱਡੀ ਤਾਕਤ ਹੈ। ਇਨ੍ਹਾਂ ਹਲਕਾ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸ਼ਹਿਰ ਅੰਦਰ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਵੱਖ-ਵੱਖ ਦੁਕਾਨਦਾਰਾਂ ਨਾਲ ਮੁਲਾਕਾਤ ਕਰਨ ਪਹੁੰਚੇ ਸਨ। ਮੁਲਾਕਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਵਿਰੋਧੀ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਪਹਿਲਾਂ ਪਾਰਟੀ ਦੇ ਅੰਦਰ ਬੈਠ ਕੇ ਪਾਰਟੀ ਦੀਆਂ ਨੀਤੀਆਂ ਸੁਧਾਰਣ ਲਈ ਆਵਾਜ਼ ਉਠਾਉਂਦੇ ਰਹੇ ਪਰ ਜਦ ਪਾਰਟੀ 'ਚ ਉਨ੍ਹਾਂ ਦੇ ਸੁਝਾਵਾਂ ਨੂੰ ਨਜ਼ਰਅੰਦਾਜ ਕੀਤਾ ਗਿਆ ਤਾਂ ਉਨ੍ਹਾਂ ਨੂੰ ਜਨਤਕ ਤੌਰ 'ਤੇ ਆਪਣੀ ਗੱਲ ਕਹਿਣ ਲਈ ਮਜਬੂਰ ਹੋਣਾ ਪਿਆ। ਪਾਰਟੀ 'ਚ ਕਿਸੇ ਨੂੰ ਆਪਣੀ ਗੱਲ ਕਹਿਣ ਦੀ ਕੋਈ ਆਜ਼ਾਦੀ ਨਹੀਂ, ਜੇ ਕੋਈ ਆਗੂ ਗੱਲ ਕਰਨ ਦੀ ਹਿੰਮਤ ਕਰਦਾ ਹੈ ਤਾਂ ਉਸ ਨੂੰ ਪਾਰਟੀ ਵਿਰੋਧੀ ਕਰਾਰ ਦੇ ਦਿੱਤਾ ਜਾਦਾ ਹੈ । ਉਨ੍ਹਾਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਪਾਰਟੀ ਅੰਦਰ ਪਾਰਦਰਸ਼ੀ ਬਣਾਉਣ ਦਾ ਉਪਰਾਲਾ ਹੀ ਕੀਤਾ ਹੈ, ਜੋ ਕਿ ਆਉਣ ਵਾਲੇ ਸਮੇਂ 'ਚ ਵੀ ਜਾਰੀ ਰਹੇਗਾ।

ਪਾਰਟੀ ਦੇ ਸਪੱਸ਼ਟੀਕਰਨ ਤੋਂ ਸੰਤੁਸ਼ਟ ਨਾ ਹੋਣ 'ਤੇ ਉਨ੍ਹਾਂ ਕਿਹਾ ਕਿ ਪਾਰਟੀ ਕੀ ਰੁੱਖ ਅਪਣਾਏਗੀ, ਉਸ ਤੋਂ ਬਾਅਦ ਉਹ ਮਿਲ ਬੈਠ ਕੇ ਕੋਈ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੇ ਟਕਸਾਲੀ ਅਕਾਲੀ ਆਗੂਆਂ ਵੱਲੋਂ ਦਿੱਲੀ 'ਚ ਕੀਤੀ ਜਾ ਰਹੀ ਵਿਸ਼ਾਲ ਰੈਲੀ 'ਚ ਜ਼ਰੂਰ ਸ਼ਾਮਲ ਹੋਣਗੇ ਪਰ ਪੰਜਾਬ 'ਚੋਂ ਉਨ੍ਹਾਂ ਦੇ ਸਮਰਥਕ ਨਹੀਂ ਜਾਣਗੇ।
ਢੀਂਡਸਾ ਨੇ ਨਵੀਂ ਪਾਰਟੀ ਬਣਾਉਣ ਜਾਂ ਕਿਸੇ ਹੋਰ ਪਾਰਟੀ 'ਚ ਜਾਣ ਤੋਂ ਫਿਲਹਾਲ ਸਪੱਸ਼ਟ ਇਨਕਾਰ ਕਰਦਿਆਂ ਕਿਹਾ ਕਿ ਬਾਕੀ ਸਭ ਪਾਰਟੀ ਦੇ ਫੈਸਲੇ 'ਤੇ ਨਿਰਭਰ ਕਰੇਗਾ। ਉਨ੍ਹਾਂ ਦੇ ਸਮਰਥਕਾਂ 'ਚ ਪੂਰਾ ਉਤਸ਼ਾਹ ਅਤੇ ਜੋਸ਼ ਹੈ। ਇਸ ਮੌਕੇ ਪੀ. ਏ. ਵਰਿੰਦਰਪਾਲ ਸਿੰਘ ਟੀਟੂ, ਜਨਰਲ ਕੌਂਸਲ ਦੇ ਮੈਂਬਰ ਚਮੇਲਾ ਰਾਮ ਠੇਕੇਦਾਰ, ਜਲਾ ਉੱਪ ਪ੍ਰਧਾਨ ਅਸਵਨੀ ਸਰਮਾ, ਕੌਂਸਲਰਜਗਦੀਸ਼ ਰਾਏ ਠੇਕੇਦਾਰ, ਯੂਥ ਆਗੂ ਆਸ਼ੂ ਜਿੰਦਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ, ਰਾਜ ਕੁਮਾਰ ਗਰਗ, ਮਨੀਸ਼ ਕੁਮਾਰ ਕੋਹਰੀਆ, ਗੁਰਮੀਤ ਸਿੰਘ ਖਾਈ, ਕੇਵਲ ਕ੍ਰਿਸ਼ਨ ਤੋਂ ਇਲਾਵਾ ਹੋਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ।

shivani attri

This news is Content Editor shivani attri