ਬੇਅਦਬੀ ਦੇ ਮਾਮਲੇ 'ਤੇ ਪਰਮਿੰਦਰ ਢੀਂਡਸਾ ਨੇ ਕੈਮਰੇ ਅੱਗੇ ਮੰਗੀ ਮੁਆਫੀ (ਵੀਡੀਓ)

01/11/2020 6:25:45 PM

ਜਲੰਧਰ— ਬੇਅਦਬੀ ਦੇ ਮਾਮਲੇ 'ਚ ਦੋਸ਼ੀਆਂ ਨੂੰ ਨਾ ਫੜ੍ਹਨ 'ਤੇ ਪਰਮਿੰਦਰ ਸਿੰਘ ਢੀਂਡਸਾ ਨੇ ਕੈਮਰੇ ਅੱਗੇ ਮੁਆਫੀ ਮੰਗੀ ਹੈ। 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ ਦਿੱਤੇ ਗਏ ਇੰਟਰਵਿਊ ਦੌਰਾਨ ਬੇਅਦਬੀ ਦੇ ਮਾਮਲੇ 'ਚ ਪਰਮਿੰਦਰ ਢੀਂਡਸਾ ਨੇ ਮੁਆਫੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਫੜ੍ਹਨ 'ਚ ਨਾਕਾਮਯਾਬ ਰਹੀ ਹੈ।  ਉਨ੍ਹਾਂ ਕਿਹਾ ਕਿ ਗਲਤੀ ਮੰਨਣ ਦੇ ਨਾਲ ਕੁਝ ਘਟਦਾ ਨਹੀਂ ਹੈ, ਸਗੋਂ ਇਸ ਨਾਲ ਲੋਕਾਂ ਦਾ ਗੁੱਸਾ ਠੰਡਾ ਹੋਵੇਗਾ ਅਤੇ ਪਾਰਟੀ ਵੀ ਮਜ਼ਬੂਤ ਹੋਵੇਗੀ। 

ਪਰਮਿੰਦਰ ਸਿੰਘ ਢੀਂਡਸਾ ਵੱਲੋਂ ਵਿਧਾਨ ਸਭਾ ਦੇ ਵਿਧਾਇਕ ਦਲ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇੰਟਰਵਿਊ 'ਚ ਵੱਡੇ ਖੁਲਾਸੇ ਕਰਦੇ ਹੋਏ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਪੰਥਕ ਪਾਰਟੀ ਦੇ ਤੌਰ 'ਤੇ ਜਾਣੀ ਜਾਂਦੀ ਸੀ ਅਤੇ ਅੱਜ ਹਾਲਾਤ ਇਹ ਹੋ ਚੁੱਕੇ ਹਨ ਕਿ ਪੰਥ ਵਿਰੋਧੀ ਤਾਕਤਾਂ ਅੱਜ ਅਕਾਲੀ ਦਲ ਨੂੰ ਪੰਥ ਵਿਰੋਧੀ ਕਹਿ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਮਾਂ ਰਹਿੰਦੇ ਹੀ ਪਾਰਟੀ 'ਚ ਕੁਝ ਚੀਜ਼ਾਂ ਦੁਰੱਸਤ ਕੀਤੀਆਂ ਜਾ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਸਭ ਅਕਾਲੀ ਦਲ ਨੇ ਕਰਵਾਇਆ ਹੈ ਪਰ ਇਹ ਸਭ ਕੁਝ ਅਕਾਲੀ ਦਲ ਦੇ ਰਾਜ 'ਚ ਹੋਇਆ ਹੈ। 

ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਕੋਰ ਕਮੇਟੀ 'ਚ ਨਹੀਂ ਗਿਆ ਪਰ ਇਕ ਵਾਰੀ ਕੋਰ ਕਮੇਟੀ 'ਚ ਉਨ੍ਹਾਂ ਨੂੰ ਸੱਦਿਆ ਗਿਆ ਸੀ, ਜਿੱਥੇ ਮੈਂ ਕਿਹਾ ਸੀ ਕਿ ਇਕੱਲੀ ਬਾਦਲ ਫੈਮਿਲੀ ਹੀ ਨਹੀਂ ਸਗੋਂ ਸਾਰੀ ਸਰਕਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਚ ਜਾ ਕੇ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਅਤੇ ਬੇਅਦਬੀ ਦੇ ਮਾਮਲੇ 'ਚ ਕੋਰ ਕਮੇਟੀ ਦੀ ਮੀਟਿੰਗ 'ਚ ਉਨ੍ਹਾਂ ਕਿਹਾ ਸੀ ਕਿ ਇਹ ਰਸਤਾ ਅਖਤਿਆਰ ਕਰਨਾ ਚਾਹੀਦਾ ਹੈ ਕਿ ਅਕਾਲ ਤਖਤ ਸਾਹਿਬ ਜਾ ਕੇ ਇਹ ਗੱਲ ਮੰਨਣੀ ਚਾਹੀਦੀ ਹੈ ਕਿ ਅਣਜਾਣੇ 'ਚ ਸਾਡੀ ਸਰਕਾਰ ਦੇ ਸਮੇਂ ਬੇਅਦਬੀ ਹੋਈ ਹੈ, ਜਿਸ ਦੀ ਅਸੀਂ ਮੁਆਫੀ ਮੰਗਦੇ ਹਾਂ। ਉਨ੍ਹਾਂ ਕਿਹਾ ਕਿ ਉਸ ਸਮੇਂ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਨਹੀਂ ਕਿਹਾ ਸੀ ਸਗੋਂ ਬਿਕਰਮ ਸਿੰਘ ਮਜੀਠੀਆ ਨੇ ਮੇਰਾ ਸਾਥ ਦਿੱਤਾ ਸੀ ਅਤੇ ਕਈਆਂ ਨੇ ਵਿਰੋਧ ਕੀਤਾ ਕਿ ਅਜਿਹਾ ਕਰਨ ਨਾਲ ਪਾਰਟੀ ਦਾ ਹੋਰ ਨੁਕਸਾਨ ਹੋਵੇਗਾ। ਇਸ ਦੇ ਇਲਾਵਾ ਪਰਮਿੰਦਰ ਸਿੰਘ ਢੀਂਡਸਾ ਨੇ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਮੁਆਫੀ ਅਤੇ ਹੋਰ ਕਈ ਮੁੱਦਿਆਂ 'ਤੇ ਵੀ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ।

shivani attri

This news is Content Editor shivani attri