ਪਰਮਿੰਦਰ ਢੀਂਡਸਾ ਨੇ ਪੜ੍ਹੇ ਸਿੱਧੂ ਦੇ ਕਸੀਦੇ, ਜਾਣੋ ਕੀ ਬੋਲੇ

01/07/2020 6:34:34 PM

ਚੰਡੀਗੜ੍ਹ : ਸਿਧਾਂਤਾਂ ਦੀ ਲੜਾਈ ਨੂੰ ਲੈ ਕੇ ਬਾਦਲ ਪਰਿਵਾਰ ਖਿਲਾਫ ਮੋਰਚਾ ਖੋਲ੍ਹਣ ਵਾਲੇ ਅਕਾਲੀ ਦਲ ਦੇ ਲਹਿਰਾ ਤੋਂ ਵਿਧਾਇਕ ਪਰਮਿੰਦਰ ਢੀਂਡਸਾ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਤਾਰੀਫਾਂ ਦੇ ਕਸੀਦੇ ਪੜ੍ਹੇ ਹਨ। ਨਵਜੋਤ ਸਿੱਧੂ ਨੂੰ ਪੰਜਾਬ ਦਾ ਹਰਮਨ ਪਿਆਰਾ ਲੀਡਰ ਦੱਸਦਿਆਂ ਢੀਂਡਸਾ ਨੇ ਆਖਿਆ ਕਿ ਪੰਜਾਬ ਦੀ ਆਉਣ ਵਾਲੀ ਸਿਆਸਤ 'ਚ ਨਵਜੋਤ ਸਿੱਧੂ ਦਾ ਬਹੁਤ ਵੱਡਾ ਅਤੇ ਅਹਿਮ ਰੋਲ ਹੋਵੇਗਾ। ਚੰਡੀਗੜ੍ਹ ਵਿਖੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਢੀਂਡਸਾ ਨੇ ਕਿਹਾ ਕਿ ਨਵਜੋਤ ਸਿੱਧੂ ਅੱਗੇ ਚੱਲ ਕੇ ਕੀ ਫੈਸਲਾ ਲੈਂਦੇ ਹਨ, ਇਸ ਦਾ ਪਤਾ ਤਾਂ ਭਵਿੱਖ 'ਚ ਹੀ ਲੱਗੇਗਾ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਧੂ ਦਾ ਫੈਸਲਾ ਪੰਜਾਬ ਦੀ ਸਿਆਸਤ ਅਤੇ ਚੋਣਾਂ 'ਚ ਅਹਿਮ ਰੋਲ ਅਦਾ ਕਰੇਗਾ। ਇਸ ਦੇ ਨਾਲ ਹੀ ਹਮਖਿਆਲੀਆਂ ਨੂੰ ਸੱਦਾ ਦਿੰਦਿਆਂ ਢੀਂਡਸਾ ਨੇ ਇਕ ਪਲੇਟਫਾਰਮ 'ਤੇ ਆਉਣ ਲਈ ਕਿਹਾ ਹੈ। 

ਇਸ ਤੋਂ ਇਲਾਵਾ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਨੂੰ ਸਭ ਤੋਂ ਵੱਡੀ ਢਾਅ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਕਰਕੇ ਲੱਗੀ ਹੈ। ਢੀਂਡਸਾ ਨੇ ਕਿਹਾ ਕਿ ਜਦੋਂ ਬੇਅਦਬੀ ਦੇ ਮਾਮਲੇ ਵਾਪਰੇ ਸਨ ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸੀ, ਇਸ ਲਈ ਇਨ੍ਹਾਂ ਮਾਮਲਿਆਂ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਉਸੇ ਸਮੇਂ ਹੀ ਮੁਆਫੀ ਮੰਗ ਲੈਣੀ ਚਾਹੀਦੀ ਸੀ। ਇਸ ਦੇ ਨਾਲ ਹੀ ਢੀਂਡਸਾ ਨੇ ਡੇਰਾ ਮੁਖੀ ਨੂੰ ਦਿੱਤੀ ਗਈ ਮੁਆਫੀ ਨੂੰ ਵੀ ਗਲਤ ਦੱਸਿਆ ਹੈ। ਢੀਂਡਸਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਜਿਹੜਾ ਗਲਤੀ ਕਰਦਾ ਹੈ, ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗ ਸਕਦਾ ਹੈ ਪਰ ਮੁਆਫੀ ਦੇਣ ਦੀ ਇਕ ਪ੍ਰਕਿਰਿਆ ਹੁੰਦੀ ਹੈ, ਜਿਸ ਦੇ ਤਹਿਤ ਵਿਚਾਰ ਕਰਕੇ ਹੀ ਸੰਬੰਧਤ ਵਿਅਕਤੀ ਨੂੰ ਮੁਆਫੀ ਦਿੱਤੀ ਜਾਂਦੀ ਹੈ।