ਅਕਾਲੀਆਂ ਨੇ ਦਹਾਕਿਆਂ ਤੋਂ ਬਣਾਏ ਆਪਣੇ ਕਿਲੇ ਬਚਾਉਣ ਲਈ ਉਤਾਰੇ ਪਾਰਟੀ ਦੇ ਵੱਡੇ ਆਗੂ

04/24/2019 9:47:24 AM

ਲੰਬੀ/ਮਲੋਟ (ਜੁਨੇਜਾ) - ਪੰਜਾਬ 'ਚ ਪਾਰਲੀਮੈਂਟ ਚੋਣਾਂ ਵਿਚ ਸਾਰੀਆਂ ਪਾਰਟੀਆਂ ਨੇ ਲਗਭਗ ਉਮੀਦਵਾਰ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਉਮੀਦਵਾਰ ਬਣਾਇਆ ਗਿਆ ਹੈ ਅਤੇ ਅਕਾਲੀ ਦਲ ਵਲੋਂ ਬਠਿੰਡਾ ਤੋਂ ਹਰਸਿਮਰਤ ਬਾਦਲ ਤੇ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ ਦੋਵੇਂ ਪਤੀ-ਪਤਨੀ ਨੂੰ ਮੈਦਾਨ 'ਚ ਉਤਾਰਿਆ ਹੈ।ਪੰਜਾਬ ਦੇ ਇਤਿਹਾਸ 'ਚ ਇਕ ਪਾਰਟੀ ਵਲੋਂ ਪਾਰਲੀਮੈਂਟ ਦੀਆਂ ਦੋ ਸੀਟਾਂ 'ਤੇ ਪਤੀ-ਪਤਨੀ ਨੂੰ ਉਮੀਦਵਾਰ ਵਜੋਂ ਮੈਦਾਨ 'ਚ ਉਤਾਰਨ ਦੀ ਪਹਿਲਾਂ ਕੋਈ ਉਦਾਹਰਨ ਨਹੀਂ ਮਿਲਦੀ, ਸਿਰਫ 2014 'ਚ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਪਰਣੀਤ ਕੌਰ ਨੂੰ ਪਟਿਆਲਾ ਤੋਂ ਉਮੀਦਾਰ ਬਣਾਇਆ ਗਿਆ ਸੀ। ਦੋਵਾਂ ਮੁੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਬਠਿੰਡਾ ਤੇ ਫਿਰੋਜ਼ਪੁਰ ਦੋਵੇਂ ਹਲਕੇ ਇਨ੍ਹਾਂ ਚੋਣਾਂ 'ਚ ਮਹਾਦੰਗਲ ਬਣ ਗਏ ਹਨ। ਸਮਝਿਆ ਜਾ ਰਿਹਾ ਹੈ ਕਿ ਅਕਾਲੀ ਦਲ ਨੇ ਦਹਾਕਿਆਂ ਤੋਂ ਕਬਜ਼ੇ ਵਾਲੇ ਆਪਣੇ ਕਿਲਿਆਂ ਨੂੰ ਬਚਾਉਣ ਲਈ ਪਾਰਟੀ ਦੇ ਸਭ ਤੋਂ ਵੱਡੇ ਆਗੂ ਮੈਦਾਨ 'ਚ ਉਤਾਰੇ ਹਨ। ਰੰਗ ਦੇ ਪੱਤਿਆਂ ਨਾਲ ਚੱਲੀ ਅਕਾਲੀ ਦਲ ਦੀ ਆਖਰੀ ਚਾਲ ਨਾਲ ਬਾਜ਼ੀ ਜਿੱਤ ਕੇ ਉਨ੍ਹਾਂ ਦੀ ਝੋਲੀ ਪੈਂਦੀ ਹੈ ਕਿ ਨਹੀਂ, ਇਹ 23 ਮਈ ਨੂੰ ਪਤਾ ਲੱਗੇਗਾ।

ਰਾਜਾ ਵੜਿੰਗ ਦਾ ਸਿਆਸੀ ਸਫਰ
ਰਾਜਾ ਵੜਿੰਗ ਨੇ ਆਪਣਾ ਸਿਆਸੀ ਸਫਰ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਤੋਂ ਕੀਤਾ ਅਤੇ ਉਹ ਦਸੰਬਰ 2014 ਤੋਂ ਮਈ 2018 ਤੱਕ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਹੇ। ਉਨ੍ਹਾਂ ਨੇ 2012 ਅਤੇ 2017 'ਚ ਦੋ ਵਾਰ ਅਕਾਲੀ ਦਲ ਦੇ ਗੜ੍ਹ ਸਮਝੇ ਜਾਂਦੇ ਗਿੱਦੜਬਾਹਾ ਹਲਕੇ ਤੋਂ ਚੋਣ ਜਿੱਤੀ, ਜਿੱਥੇ 1969 ਤੋਂ ਲੈ ਕੇ 2007 ਤੱਕ 5 ਵਾਰ ਪ੍ਰਕਾਸ਼ ਸਿੰਘ ਬਾਦਲ ਅਤੇ 4 ਵਾਰ ਮਨਪ੍ਰੀਤ ਸਿੰਘ ਬਾਦਲ ਵਿਧਾਇਕ ਬਣੇ ਸਨ।


ਹਰਸਿਮਰਤ ਕੌਰ ਬਾਦਲ ਦਾ ਸਿਆਸੀ ਪਿਛੋਕੜ
ਬਠਿੰਡਾ ਤੋਂ ਅਕਾਲੀ ਦਲ ਨੇ ਮੈਦਾਨ 'ਚ ਉਤਾਰੀ ਬੀਬਾ ਹਰਸਿਮਰਤ ਕੌਰ ਬਾਦਲ 2009 ਅਤੇ 2014 'ਚ ਦੋ ਵਾਰ ਬਠਿੰਡਾ ਤੋਂ ਪਾਰਲੀਮੈਂਟ ਚੋਣਾਂ ਜਿੱਤ ਕੇ ਕੇਂਦਰੀ ਮੰਤਰੀ ਬਣ ਚੁੱਕੀ ਹੈ। ਸਿਆਸੀ ਸਰਗਰਮੀਆਂ ਤੋਂ ਇਲਾਵਾ ਉਹ ਕੰਨਿਆ ਭਰੂਣ ਹੱਤਿਆ ਖਿਲਾਫ਼ ਮੁਹਿੰਮ ਚਲਾਉਣ ਲਈ ਐੱਨ. ਜੀ. ਓ. ਨੰਨ੍ਹੀ ਛਾਂ ਚਲਾ ਰਹੇ ਹਨ। ਇਸ ਵਾਰ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਤੇਜ਼ ਤਰਾਰ ਯੁਵਾ ਨੇਤਾ ਰਾਜਾ ਵੜਿੰਗ ਨਾਲ ਹੈ।


ਬਠਿੰਡਾ ਸੀਟ ਦਾ ਇਤਿਹਾਸ
1952 ਅਤੇ 1957 ਦੀਆਂ ਚੋਣਾਂ 'ਚ ਇਸ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਜਿੱਤਦੇ ਰਹੇ ਪਰ 1962 ਤੋਂ ਲੈ ਕੇ ਹੁਣ ਤੱਕ ਹੋਈਆਂ 14 ਚੋਣਾਂ ਵਿਚ 9 ਵਾਰ ਇਹ ਸੀਟ ਅਕਾਲੀ ਦਲ ਨੇ ਜਿੱਤੀ ਹੈ, ਜਦਕਿ ਦੋ ਵਾਰ ਕਾਂਗਰਸ, ਦੋ ਵਾਰ ਸੀ. ਪੀ. ਆਈ. ਅਤੇ 1 ਵਾਰ ਅਕਾਲੀ ਦਲ (ਮਾਨ) ਦੇ ਉਮੀਦਵਾਰ ਨੇ ਇਸ ਸੀਟ 'ਤੇ ਜਿੱੱਤ ਹਾਸਲ ਕੀਤੀ ਹੈ। 2009 ਅਤੇ 2014 ਵਿਚ ਅਕਾਲੀ ਦਲ ਦੀ ਟਿਕਟ 'ਤੇ ਜਿੱਤ ਕਿ ਕੇਂਦਰੀ ਮੰਤਰੀ ਬਣੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਮੁਕਾਬਲਾ ਇਸ ਵਾਰ ਧੜੱਲੇਦਾਰ ਕਾਂਗਰਸ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਹੈ।

ਦੋਵੇਂ ਉਮੀਦਵਾਰ ਦੋ-ਦੋ ਵਾਰ ਜਿੱਤੇ
ਰਾਜਾ ਵੜਿੰਗ ਦੋ ਵਾਰ ਵਿਧਾਨ ਸਭਾ ਦੀ ਚੋਣ ਜਿੱਤ ਚੁੱਕੇ ਹਨ, ਜਦਕਿ ਹਰਸਿਮਰਤ ਕੌਰ ਬਾਦਲ ਵੀ ਦੋ ਵਾਰ ਪਾਰਲੀਮੈਂਟ ਚੋਣਾਂ ਜਿੱਤ ਚੁੱਕੀ ਹੈ। ਆਖਰੀ ਵਾਰ ਹਰਸਿਮਰਤ ਕੌਰ ਬਾਦਲ 19,000 ਹਜ਼ਾਰ ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਤੋਂ ਜਿੱਤੀ ਸੀ। ਉਸ ਵੇਲੇ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸੀ ਅਤੇ ਇਕੱਲੇ ਅਸੈਂਬਲੀ ਹਲਕਾ ਲੰਬੀ ਤੋਂ ਹਰਸਿਮਰਤ ਕੌਰ ਬਾਦਲ ਦੀ 38,000 ਤੋਂ ਵੱਧ ਵੋਟਾਂ ਦੀ ਲੀਡ ਸੀ ਪਰ ਇਸ ਵਾਰ ਸੂਬੇ ਦੇ ਸਿਆਸੀ ਹਾਲਾਤ ਬਿਲਕੁਲ ਵੱਖਰੇ ਹਨ। ਪੰਜਾਬ 'ਚ ਕਾਂਗਰਸ ਦੀ ਸਰਕਾਰ ਹੈ ਅਤੇ ਅਕਾਲੀ ਦਲ ਨੂੰ ਸੂਬੇ 'ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਕਰ ਕੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਫਿਰੋਜ਼ਪੁਰ 'ਚ 34 ਸਾਲਾਂ ਤੋਂ ਕਾਂਗਰਸ ਨੂੰ ਨਹੀਂ ਨਸੀਬ ਹੋਈ ਜਿੱਤ
ਪੰਜਾਬ ਦੀਆਂ ਪਾਰਲੀਮੈਂਟ ਸੀਟਾਂ 'ਚੋਂ ਇਕੱਲੀ ਫਿਰੋਜ਼ਪੁਰ ਉਹ ਸੀਟ ਹੈ, ਜਿੱਥੇ 34 ਸਾਲਾਂ ਤੋਂ ਕਾਂਗਰਸ ਦਾ ਉਮੀਦਵਾਰ ਜਿੱਤ ਨਹੀਂ ਸਕਿਆ। ਇਸ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਕੁਲ 15 ਚੋਣਾਂ 'ਚ 8 ਵਾਰ ਅਕਾਲੀ ਦਲ, 4 ਵਾਰ ਕਾਂਗਰਸ, 2 ਵਾਰ ਬਸਪਾ, 1 ਵਾਰ ਅਕਾਲੀ ਦਲ (ਮਾਨ) ਦੇ ਉਮੀਦਵਾਰ ਨੂੰ ਜਿੱਤ ਨਸੀਬ ਹੋਈ ਹੈ। 1985 'ਚ ਆਖਰੀ ਵਾਰ ਕਾਂਗਰਸ ਦੇ ਗੁਰਦਿਆਲ ਸਿੰਘ ਢਿੱਲੋਂ ਨੇ ਇਹ ਸੀਟ ਜਿੱਤੀ ਸੀ, ਜਦਕਿ ਉਸ ਤੋਂ ਬਾਅਦ ਹੋਈਆਂ 8 ਚੋਣਾਂ 'ਚ ਕਾਂਗਰਸ ਲਈ ਇਹ ਸੀਟ ਦੂਰ ਦੀ ਕੋਡੀ ਬਣੀ ਰਹੀ। ਉੱਧਰ, ਅਕਾਲੀ ਦਲ ਨੇ ਲਗਾਤਾਰ 5 ਵਾਰ ਇਹ ਸੀਟ ਜਿੱਤੀ। 1998, 1999 ਅਤੇ 2004 ਵਿਚ ਅਕਾਲੀ ਦਲ ਜ਼ੋਰਾ ਸਿੰਘ ਮਾਨ ਇਸ ਸੀਟ ਤੋਂ ਜੇਤੂ ਰਿਹਾ, ਜਦਕਿ 2009 ਅਤੇ 2014 ਵਿਚ ਅਕਾਲੀ ਦਲ ਦੀ ਟਿਕਟ 'ਤੇ ਜਿੱਤਣ ਵਾਲਾ ਸ਼ੇਰ ਸਿੰਘ ਘੁਬਾਇਆ ਇਸ ਵਾਰ ਕਾਂਗਰਸੀ ਉਮੀਦਵਾਰ ਵਜੋਂ ਮੈਦਾਨ 'ਚ ਉਤਰ ਚੁੱਕਾ ਹੈ।

ਇਸ ਸੀਟ ਬਾਰੇ ਸਮਝਿਆ ਜਾਂਦਾ ਹੈ ਕਿ ਕਾਂਗਰਸ ਪਾਰਟੀ ਦੀ ਆਪਸੀ ਗੁੱਟਬੰਦੀ ਕਰ ਕੇ ਦੋ ਵਾਰ ਜਗਮੀਤ ਸਿੰਘ ਬਰਾੜ ਨੂੰ ਇਕ-ਇਕ ਵਾਰ ਸੁਨੀਲ ਜਾਖੜ ਅਤੇ ਹੰਸ ਰਾਜ ਜੋਸਨ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਸ ਵਾਰ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਦਾ ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਕਾਬਲਾ ਹੈ। ਸ਼ੇਰ ਸਿੰਘ ਘੁਬਾਇਆ ਪਿਛਲੀਆਂ ਲਗਾਤਾਰ ਦੋ ਚੋਣਾਂ ਇਸ ਸੀਟ ਤੋਂ ਜਿੱਤਦਾ ਰਿਹਾ ਹੈ ਅਤੇ ਰਾਏ ਸਿੱਖ ਬਰਾਦਰੀ ਦੀ ਸਾਢੇ 3 ਲੱਖ ਵੋਟ ਉਸ ਦੀ ਮਜ਼ਬੂਤੀ ਹੈ। ਉਂਝ ਵੀ ਘੁਬਾਇਆ ਨੇ ਇਸ ਤੋਂ ਪਹਿਲਾਂ ਕਾਂਗਰਸ ਦੇ ਨੇਤਾਵਾਂ ਜਗਮੀਤ ਬਰਾੜ ਅਤੇ ਸੁਨੀਲ ਜਾਖੜ ਨੂੰ ਹਾਰ ਦਿੱਤੀ ਹੈ, ਜੇਕਰ ਕਾਂਗਰਸ ਪਾਰਟੀ ਨੇ ਗੁੱਟਬੰਦੀ 'ਤੇ ਕਾਬੂ ਪਾ ਲਿਆ ਤਾਂ ਪਾਰਟੀ ਦੇ ਉਮੀਦਵਾਰ ਤੋਂ ਬਿਹਤਰ ਪ੍ਰਦਰਸ਼ਨ ਦੀ ਆਸ ਕੀਤੀ ਜਾ ਸਕਦੀ ਹੈ। ਘੁਬਾਇਆ ਨੇ ਆਪਣੇ ਸਿਆਸੀ ਜੀਵਨ ਵਿਚ ਲੜੀਆਂ 5 ਚੋਣਾਂ 'ਚੋਂ 2 ਪਾਰਲੀਮੈਂਟ ਅਤੇ 2 ਵਿਧਾਨ ਸਭਾ ਚੋਣਾਂ ਜਿੱਤੀਆਂ ਹਨ, ਜਦਕਿ ਸੁਖਬੀਰ ਸਿੰਘ ਬਾਦਲ ਵੀ ਇਸ ਪਾਰਲੀਮੈਂਟ ਹਲਕੇ ਦੇ ਅਸੈਂਬਲੀ ਹਲਕੇ ਜਲਾਲਾਬਾਦ ਤੋਂ ਲਗਾਤਾਰ ਤੀਜੀ ਵਾਰ ਵਿਧਾਇਕ ਜਿੱਤ ਚੁੱਕਾ ਹੈ।


ਸੁਖਬੀਰ ਸਿੰਘ ਬਾਦਲ ਦਾ ਸਿਆਸੀ ਜੀਵਨ
ਸੁਖਬੀਰ ਸਿੰਘ ਬਾਦਲ ਨੇ 1996, 1998 ਅਤੇ 2004 ਵਿਚ ਚਾਰ ਵਾਰ ਲੋਕ ਸਭਾ ਹਲਕਾ ਫਰੀਦਕੋਟ ਤੋਂ ਪਾਰਲੀਮੈਂਟ ਦੀ ਸੀਟ 'ਤੇ ਜਿੱੱਤ ਹਾਸਲ ਕੀਤੀ ਹੈ। ਉਹ 1999 'ਚ ਜਗਮੀਤ ਸਿੰਘ ਬਰਾੜ ਤੋਂ ਫਰੀਦਕੋਟ ਤੋਂ ਇਕ ਵਾਰ ਸੰਸਦ ਚੋਣ ਹਾਰ ਗਏ ਸਨ ਪਰ 2001 ਵਿਚ ਰਾਜ ਸਭਾ ਲਈ ਚੁਣੇ ਗਏ ਅਤੇ ਕੇਂਦਰੀ ਮੰਤਰੀ ਬਣ ਗਏ। ਉਹ 2008 ਵਿਚ ਅਕਾਲੀ ਦਲ ਦੇ ਪ੍ਰਧਾਨ ਬਣੇ ਅਤੇ ਅਤੇ ਉਪ ਮੁੱਖ ਮੰਤਰੀ ਬਣੇ। ਸਾਲ 2009, 2012 ਅਤੇ 2017 'ਚ ਉਹ ਤਿੰਨ ਵਾਰ ਜਲਾਲਾਬਾਦ ਹਲਕੇ ਤੋਂ ਵਿਧਾਇਕ ਚੁਣੇ ਗਏ। ਇਸ ਵਾਰ ਉਨ੍ਹਾਂ ਦਾ ਮੁਕਾਬਲਾ ਆਪਣੇ ਹੱਥੀਂ ਲਾਏ ਬੂਟੇ ਸ਼ੇਰ ਸਿੰਘ ਘੁਬਾਇਆ ਨਾਲ ਹੈ, ਜਿਹੜੇ ਉਨ੍ਹਾਂ ਦੀ ਪਾਰਟੀ ਵਿਚ 2 ਵਾਰ ਵਿਧਾਇਕ ਅਤੇ 2 ਵਾਰ ਐੱਮ. ਪੀ. ਬਣੇ।


ਸ਼ੇਰ ਸਿੰਘ ਘੁਬਾਇਆ ਦਾ ਸਿਆਸੀ ਸਫਰ
ਸ਼ੇਰ ਸਿੰਘ ਘੁਬਾਇਆ 1997 ਅਤੇ ਫਿਰ 2007 ਵਿਚ ਜਲਾਲਾਬਾਦ ਤੋਂ ਵਿਧਾਇਕ ਬਣੇ ਅਤੇ 2008 'ਚ ਉਨ੍ਹਾਂ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਲਈ ਸੀਟ ਖਾਲੀ ਕਰਨ ਲਈ ਅਸਤੀਫਾ ਦੇ ਦਿੱਤਾ। ਪਾਰਟੀ ਨੇ ਇਨਾਮ ਵਜੋਂ ਉਨ੍ਹਾਂ ਨੂੰ 2009 ਵਿਚ ਫਿਰੋਜ਼ਪੁਰ ਲੋਕ ਸਭਾ ਤੋਂ ਟਿਕਟ ਦਿੱਤੀ, ਜਿੱਥੇ ਉਨ੍ਹਾਂ ਜਗਮੀਤ ਸਿੰਘ ਬਰਾੜ ਵਰਗੇ ਵੱਡੇ ਆਗੂ ਨੂੰ ਹਰਾਇਆ। 2014 'ਚ ਦੂਜੀ ਵਾਰ ਉਨ੍ਹਾਂ ਸੁਨੀਲ ਜਾਖੜ ਨੂੰ ਫਿਰੋਜ਼ਪੁਰ ਸੰਸਦੀ ਸੀਟ ਤੋਂ ਹਰਾਇਆ। ਘੁਬਾਇਆ ਖੁਦ 2002 'ਚ ਜਲਾਲਬਾਦ ਤੋਂ ਹੰਸ ਰਾਜ ਜੋਸਨ ਦੇ ਮੁਕਬਾਲੇ ਵਿਧਾਇਕ ਦੀ ਚੋਣ ਹਾਰ ਵੀ ਗਏ ਸਨ।

rajwinder kaur

This news is Content Editor rajwinder kaur